ਗੁਰੂਹਰਸਹਾਏ ਵਿੱਚ ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਐਸਡੀਐਮ ਦਫ਼ਤਰ ਅੱਗੇ ਲਗਾਇਆ ਧਰਨਾ
- 313 Views
- kakkar.news
- October 3, 2022
- Agriculture Punjab
ਮੰਗਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਐਸਡੀਐਮ ਦਫ਼ਤਰ ਅੱਗੇ ਲਗਾਇਆ ਧਰਨਾ
-ਮੰਗਾਂ ਨਾ ਮੰਨਣ ਤੇ ਤਿੱਖੇ ਸੰਘਰਸ਼ ਦੀ ਦਿੱਤੀ ਚਿਤਾਵਨੀ
ਗੁਰੂਹਰਸਹਾਏ , ਫਿਰੋਜ਼ਪੁਰ 3 ਅਕਤੂਬਰ 2022 (ਸਿਟੀਜ਼ਨਜ਼ ਵੋਇਸ )
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਮੰਗਾਂ ਨੂੰ ਲੈ ਕੇ ਐਸਡੀਐਮ ਦਫ਼ਤਰ ਅੱਗੇ ਧਰਨਾ ਲਗਾਇਆ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਇਸ ਰੋਸ ਧਰਨੇ ਵਿੱਚ ਔਰਤਾਂ ਵੱਲੋਂ ਵੀ ਭਾਰੀ ਗਿਣਤੀ ਚ ਸ਼ਮੂਲੀਅਤ ਕੀਤੀ ਗਈ । ਧਰਨੇ ਨੂੰ ਸੰਬੋਧਨ ਕਰਦੇ ਹੋਏ ਸੰਘਰਸ਼ ਕਮੇਟੀ ਦੇ ਆਗੂ ਜ਼ੈਲ ਸਿੰਘ ਚੱਪਾ ਅਡ਼ਿੱਕੀ ਨੇ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ ਜਿਸ ਲਈ ਹੁਣ ਹੱਕ ਲੈਣ ਲਈ ਸਾਨੂੰ ਧਰਨੇ ਲਗਾਉਣ ਲਈ ਮਜਬੂਰ ਹੋਣਾ ਪਿਆ ਹੈ । ਆਗੂ ਨੇ ਕਿਹਾ ਕਿ ਅਧਿਕਾਰੀਆਂ ਵੱਲੋਂ ਅਜਿਹੀ ਡਿਊਟੀ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਫੌਜਾ ਸਿੰਘ ਸਰਾਰੀ ਦੇ ਇਸ਼ਾਰੇ ਤੇ ਨਿਭਾਈ ਜਾ ਰਹੀ ਹੈ ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਕੀਤੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਰਾਸ਼ਨ ਕਾਰਡ ਧਾਰਕਾਂ ਨੂੰ ਦਿੱਤੀ ਜਾਣ ਵਾਲੀ ਫਰੀ ਕਣਕ ਦਾ ਕੋਟਾ ਕ੍ਰਮਵਾਰ ਛੇ ਮਹੀਨੇ ਨਾਂ ਦੇ ਕੇ ਫੂਡ ਸਪਲਾਈ ਵਿਭਾਗ ਨੇ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਦਾ ਹੀ ਢਿੱਡ ਭਰਿਆ ਹੈ ਜਿਸ ਦਾ ਕਿਆਸ ਕੈਬਨਿਟ ਮੰਤਰੀ ਅਤੇ ਉਨ੍ਹਾਂ ਦੇ ਓਐਸਡੀ ਵਿਚਕਾਰ ਹੋਈ ਗੱਲਬਾਤ ਦੀ ਵਾਇਰਲ ਹੋਈ ਆਡੀਓ ਤੋਂ ਲਗਾਇਆ ਜਾ ਸਕਦਾ ਹੈ ਕੀ ਉਕਤ ਕਣਕ ਦੀ ਘਪਲੇਬਾਜ਼ੀ ਕੈਬਨਿਟ ਮੰਤਰੀ ਵਲੋਂ ਹੀ ਕਰਵਾਈ ਗਈ ਹੈ ਜਿਸ ਲਈ ਹੀ ਪ੍ਰਸ਼ਾਸਨ ਅਧਿਕਾਰੀ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ । ਆਗੂਆਂ ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਭਰੇ ਗਏ ਫਾਰਮ ਵਿਚ ਸਿਲੈਕਟ ਹੋਏ ਫਾਰਮਾ ਦੀ ਗ੍ਰਾਂਟ ਜਾਰੀ ਨਾ ਕਰਕੇ ਮਜ਼ਦੂਰਾਂ ਦੇ ਹੱਕਾਂ ਤੇ ਡਾਕਾ ਮਾਰਿਆ ਜਾ ਰਿਹਾ ਹੈ ਅਤੇ ਨਰੇਗਾ ਮਜ਼ਦੂਰਾਂ ਨੂੰ ਵੀ ਸਮੇਂ ਸਿਰ ਕੰਮ ਨਹੀਂ ਦਿੱਤਾ ਜਾ ਰਿਹਾ । ਆਗੂਆਂ ਨੇ ਮੰਗ ਕਰਦੇ ਹੋਏ ਕਿਹਾ ਕਿ ਫਰੀ ਵਾਲੀ ਕਣਕ ਦੇ ਕੀਤੇ ਗਏ ਘਪਲੇ ਦੀ ਜਾਂਚ ਕਰ ਕੇ ਕਾਰਵਾਈ ਕੀਤੀ ਜਾਵੇ, ਨਰੇਗਾ ਦਾ ਕੰਮ ਸਮੇਂ ਸਿਰ ਅਤੇ ਪੂਰਾ ਸਾਲ ਦਿੱਤਾ ਜਾਵੇ, ਸਿਲੈਕਟ ਹੋਏ ਮਕਾਨਾਂ ਦੀ ਗਰਾਂਟ ਜਾਰੀ ਕੀਤੀ ਜਾਵੇ,ਬੱਸ ਸਟੈਂਡ ਨਜ਼ਦੀਕ ਬਣੀ ਹੱਡਾ ਰੋੜੀ ਨੂੰ ਹੋਰ ਕਿਸੇ ਥਾਂ ਤੇ ਬਣਾਇਆ ਜਾਵੇ ਅਤੇ ਨਗਰ ਕੌਂਸਲ ਦੇ ਅੰਡਰ ਰੱਖੇ ਸਫ਼ਾਈ ਸੇਵਕ ਦਯਾ ਰਾਮ ਜਿਸ ਨੂੰ ਬਿਨਾਂ ਨੋਟਿਸ ਦਿੱਤੇ ਕੰਮ ਤੋਂ ਕੱਢਿਆ ਗਿਆ ਹੈ ਨੂੰ ਦੁਬਾਰਾ ਕੰਮ ਤੇ ਰੱਖਿਆ ਜਾਵੇ ਅਤੇ ਕਾਰਡ ਧਾਰਕਾਂ ਨੂੰ ਮਿੱਲਣ ਵਾਲੀ ਸਰਕਾਰੀ ਕਣਕ ਨੂੰ ਲਗਾਤਾਰ ਵੰਡਿਆ ਜਾਵੇ । ਆਗੂਆਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਤੁਰੰਤ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ।ਕੁਲਦੀਪ ਮੋਠਾਂਵਾਲਾ,ਮਾਸਟਰ ਬਲਵਿੰਦਰ ਸਿੰਘ ,ਕੁਲਜੀਤ ਸਿੰਘ, ਰਾਜ ਰਾਣੀ ਅਤੇ ਅਨੂ ਮਹਿਰਾ ਤੋਂ ਇਲਾਵਾ ਅਨੇਕਾਂ ਆਗੂ ਹਾਜ਼ਰ ਸਨ ।



- October 15, 2025