ਪੰਜਾਬ ਸਰਕਾਰ ਨੇ ਵਧਾਈ ਗੰਨੇ ਦੀ ਕੀਮਤ, ਝੋਨੇ ਦਾ ਖਰੀਦੇਗੀ ਦਾਣਾ ਦਾਣਾ-ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ
- 171 Views
- kakkar.news
- October 12, 2022
- Agriculture Punjab
ਪੰਜਾਬ ਸਰਕਾਰ ਨੇ ਵਧਾਈ ਗੰਨੇ ਦੀ ਕੀਮਤ, ਝੋਨੇ ਦਾ ਖਰੀਦੇਗੀ ਦਾਣਾ ਦਾਣਾ-ਵਿਧਾਇਕ ਅਮਨਦੀਪ ਸਿੰਘ ਗੋਲਡੀ ਮੁਸਾਫਿਰ
ਬੱਲੂਆਣਾ, ਫਾਜਿ਼ਲਕਾ, 12 ਅਕਤੂਬਰ 2022 (ਅਨੁਜ ਕੱਕੜ ਟੀਨੂੰ)
ਹਲਕਾ ਬੱਲੂਆਣਾ ਦੇ ਵਿਧਾਇਕ ਸ੍ਰੀ ਅਮਨਦੀਪ ਸਿੰਘ ਗੋਲਡੀ ਮੁਸਾਫਿਰ ਨੇ ਹਲਕੇ ਦੇ ਪਿੰਡ ਸੀਤੋ ਗੁੰਨੋ ਅਤੇ ਖੈਰਪੁਰ ਵਿਖੇ ਜਨ ਸੁਣਵਾਈ ਕੀਤੀ। ਇਸ ਮੌਕੇ ਪਿੰਡ ਵਾਸੀਆਂ ਦੀਆ ਮੁਸ਼ਕਿਲਾਂ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਇਹਨਾਂ ਮੁਸ਼ਕਿਲਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ।ਇਸ ਮੌਕੇ ਵਿਧਾਇਕ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮੁੱਖ ਮੰਤਰੀ ਸ: ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਮੰਗ ਅਨੁਸਾਰ ਜਿੱਥੇ ਗੰਨੇ ਦੀ ਕੀਮਤ ਵਿਚ ਵਾਧਾ ਕੀਤਾ ਗਿਆ ਹੈ ਉਥੇ ਪਹਿਲੀ ਵਾਰ ਹੋਇਆ ਹੈ ਕਿ ਸਰਕਾਰ ਨੇ ਸਹਿਕਾਰੀ ਮਿੱਲਾਂ ਦਾ ਕਿਸਾਨਾਂ ਦਾ ਸਾਰਾ ਬਕਾਇਆ ਚੁਕਾ ਦਿੱਤਾ ਹੈ। ਉਨ੍ਹਾਂ ਨੇ ਇਸ ਮੌਕੇ ਹੋਰ ਕਿਹਾ ਕਿ ਸਰਕਾਰ ਵੱਲੋਂ ਝੋਨੇ ਦੀ ਖਰੀਦ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜ਼ੋ ਕਿਸਾਨਾਂ ਨੂੰ ਮੰਡੀਆਂ ਵਿਚ ਕੋਈ ਦਿੱਕਤ ਨਾ ਆਵੇ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਦੀ ਸਲਾਹ ਅਨੁਸਾਰ ਪਰਾਲੀ ਦਾ ਪ੍ਰਬੰਧਨ ਕਰਨ ਅਤੇ ਇਸ ਵਾਰ ਪਰਾਲੀ ਨੂੰ ਸਾੜਨ ਨਾ ਸਗੋ ਇਸਨੂੰ ਖੇਤ ਵਿਚ ਹੀ ਮਿਲਾ ਦੇਣ ਕਿਉਂਕਿ ਪਰਾਲੀ ਨਾਲ ਜਮੀਨ ਦੀ ਸਿਹਤ ਸੁਧਰਦੀ ਹੈ। ਸਿਹਤ ਖੇਤਰ ਦੀ ਗੱਲ ਕਰਦਿਆਂ ਵਿਧਾਇਕ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹੇ ਵਿਚ ਦੋ ਆਮ ਆਦਮੀ ਕਲੀਨਿਕ ਪੰਜਾਬ ਸਰਕਾਰ ਵੱਲੋਂ ਸਥਾਪਿਤ ਕੀਤੇ ਗਏ ਹਨ ਅਤੇ ਦੋਨੋਂ ਹੀ ਬੱਲੂਆਣਾ ਹਲਕੇ ਵਿਚ ਸਥਾਪਿਤ ਕੀਤੇ ਗਏ ਹਨ ਜਦ ਕਿ ਉਚੇਰੀ ਸਿੱਖਿਆ ਲਈ ਪਿੰਡ ਸੁਖਚੈਨ ਵਿਚ ਸਰਕਾਰੀ ਕਾਲਜ ਵੀ ਬਣਾਇਆ ਜਾ ਰਿਹਾ ਹੈ। ਇਸ ਨਾਲ ਹੀ ਉਨ੍ਹਾਂ ਨੇ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹਨਾਂ ਦੇ ਪਿੰਡਾਂ ਵਿੱਚ ਵਿਕਾਸ ਕਾਰਜਾਂ ਦੀ ਕੋਈ ਕਮੀਂ ਨਹੀਂ ਰਹਿਣ ਦਿੱਤੀ ਜਾਵੇਗਾ। ਇਸ ਮੌਕੇ ਧਰਮਵੀਰ ਗੌਦਾਰਾ, ਬਲਾਕ ਪ੍ਰਧਾਨ ਸੁਖਵਿੰਦਰ ਸਿੰਘ, ਨਾਇਬ ਤਹਿਸੀਲਦਾਰ ਅਵਿਨਾਸ਼ ਚੰਦਰ ਅਤੇ ਸੀਨੀਅਰ ਲੀਡਰਸਿ਼ਪ ਹਾਜ਼ਰ ਸੀ।



- October 15, 2025