ਪੈਟਰੋਲ ਛਿੜਕ ਕੇ ਕੋਟਕਪੂਰਾ ‘ਚ 39 ਸਾਲਾ ਵਿਅਕਤੀ ਨੇ ਅੱਗ ਲਾ ਕੇ ਕੀਤੀ ਖ਼ੁਦਕੁਸ਼ੀ
- 113 Views
- kakkar.news
- October 20, 2022
- Punjab
ਪੈਟਰੋਲ ਛਿੜਕ ਕੇ ਕੋਟਕਪੂਰਾ ‘ਚ 39 ਸਾਲਾ ਵਿਅਕਤੀ ਨੇ ਅੱਗ ਲਾ ਕੇ ਕੀਤੀ ਖ਼ੁਦਕੁਸ਼ੀ
ਫਰੀਦਕੋਟ 20 ਅਕਤੂਬਰ 2022 (ਸਿਟੀਜ਼ਨਜ਼ ਵੋਇਸ)
ਕੋਟਕਪੂਰਾ ਵਿਖੇ ਇਕ ਵਿਅਕਤੀ ਵੱਲੋਂ ਪੈਟਰੋਲ ਛਿੜਕ ਕੇ ਖ਼ੁਦ ਨੂੰ ਅੱਗ ਲਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਕੋਟਕਪੂਰਾ ਦੇ ਮੁਹੱਲਾ ਸੁਰਗਾਪੁਰੀ ਦੇ ਰਹਿਣ ਵਾਲੇ ਵਿਅਕਤੀ ਸਾਹਿਬ ਸਿੰਘ (39) ਦਾ ਸਹੁਰੇ ਪਰਿਵਾਰ ਨਾਲ ਝਗੜਾ ਚੱਲ ਰਿਹਾ ਸੀ ਅਤੇ ਬੀਤੀ 13 ਨੂੰ ਉਸ ਨੇ ਮਜ਼ਬੂਰ ਹੋ ਕੇ ਆਪਣੇ-ਆਪ ‘ਤੇ ਪੈਟਰੋਲ ਛਿੜਕ ਕੇ ਅੱਗ ਲਾ ਲਈ।ਇਸ ਦੌਰਾਨ ਉਹ ਬੁਰੇ ਤਰੀਕੇ ਨਾਲ ਝੁਲਸ ਗਿਆ ਅਤੇ ਉਸ ਨੂੰ ਗੰਭੀਰ ਹਾਲਾਤ ‘ਚ ਪਰਿਵਾਰ ਵੱਲੋਂ ਲੁਧਿਆਣਾ ਦੇ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਪਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਉਸ ਦੀ ਬੀਤੇ ਦੇਰ ਰਾਤ ਮੌਤ ਹੋ ਗਈ। ਦੱਸ ਦੇਈਏ ਕਿ ਮ੍ਰਿਤਕ ਵਿਅਕਤੀ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਸੀ ਅਤੇ ਉਸ ‘ਚ ਆਪਣੀ ਮੌਤ ਦੇ ਜ਼ਿੰਮੇਵਾਰ ਆਪਣੇ ਸਹੁਰਾ ਪਰਿਵਾਰ ਨੂੰ ਠਹਿਰਾਇਆ। ਇਸ ਮੌਕੇ ਗੱਲ ਕਰਦਿਆਂ ਮ੍ਰਿਤਕ ਦੀ ਮਾਮਾ ਭੂਸ਼ਨ ਕੁਮਾਰ ਨੇ ਦੱਸਿਆ ਕਿ ਸਾਹਿਬ ਸਿੰਘ ਦਾ ਵਿਆਹ 14 ਸਾਲ ਪਹਿਲਾਂ ਅਬੋਹਰ ਦੀ ਰਹਿਣ ਵਾਲੀ ਮੋਨਿਕਾ ਨਾਲ ਹੋਇਆ ਸੀ। ਦੋਵਾਂ ਵਿੱਚ ਲੰਮੇ ਸਮੇਂ ਤੋਂ ਕਲੇਸ਼ ਚੱਲ ਰਿਹਾ ਸੀ , ਜਿਸ ਦੇ ਕਾਰਨ ਉਹ ਆਪਣੇ 2 ਬੱਚਿਆ ਸਮੇਤ ਪੇਕੇ ਪਰਿਵਾਰ ਰਹਿ ਰਹੀ ਸੀ। ਉਨ੍ਹਾਂ ਦੱਸਿਆ ਕਿ ਸਾਹਿਬ 13 ਅਕਤੂਬਰ ਨੂੰ ਆਪਣੀ ਪਤਨੀ ਨੂੰ ਲੈਣ ਅਬੋਹਰ ਗਿਆ ਸੀ ਪਰ ਉੱਥੇ ਉਸ ਦੀ ਸਹੁਰਾ ਪਰਿਵਾਰ ਨਾਲ ਲੜਾਈ ਹੋ ਗਈ। ਜਿਸ ਤੋਂ ਬਾਅਦ ਉਸ ਨੇ ਘਰ ਆ ਕੇ ਪਰੇਸ਼ਾਨ ਹੋ ਕੇ ਖ਼ੁਦ ਨੂੰ ਅੱਗ ਲਾ ਲਈ। ਇਸ ਸੰਬੰਧੀ ਅਬੋਹਰ ਥਾਣਾ ਸਿਟੀ ਪੁਲਸ ਨੇਮ੍ਰਿਤਕ ਨੌਜਵਾਨ ਦੀ ਪਤਨੀ ਮੋਨਿਕਾ, ਸੱਸ ਸੁਮਿੱਤਰਾ ਦੇਵੀ, ਸਹੁਰਾ ਸੱਤਨਰਾਇਣ ਅਤੇ ਸਾਲੀ ਰੇਣੂਕਾ ਖ਼ਿਲਾਫ਼ ਖ਼ੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ ‘ਚ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਫਰੀਦਕੋਟ ਦੇ ਮੈਡੀਕਲ ਹਸਪਤਾਲ ਭੇਜ ਦਿੱਤਾ ਹੈ। ਪੀੜਤ ਪਰਿਵਾਰ ਵੱਲੋਂ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ।



- October 15, 2025