1 ਜਨਵਰੀ 2024 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨਾਂ ਦੀ ਵੋਟਾਂ ਲਈ ਕੀਤੀ ਜਾਵੇ ਰਜਿਸਟਰੇਸ਼ਨ: ਧੀਮਾਨ
- kakkar.news
- November 22, 2023
- Punjab
1 ਜਨਵਰੀ 2024 ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨੌਜਵਾਨਾਂ ਦੀ ਵੋਟਾਂ ਲਈ ਕੀਤੀ ਜਾਵੇ ਰਜਿਸਟਰੇਸ਼ਨ: ਧੀਮਾਨ
ਫ਼ਿਰੋਜ਼ਪੁਰ, 22 ਨਵੰਬਰ 2023 (ਅਨੁਜ ਕੱਕੜ ਟੀਨੂੰ)
ਆਗਾਮੀ ਲੋਕ ਸਭਾ ਚੋਣਾਂ-2024 ਦੇ ਮੱਦੇਨਜ਼ਰ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ਼੍ਰੀ ਰਾਜੇਸ਼ ਧੀਮਾਨ ਵੱਲੋਂ ਜ਼ਿਲ੍ਹੇ ਦੇ ਸਮੂਹ ਈ.ਆਰ.ਓਜ਼ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਨਿਧੀ ਕੁਮਦ ਬਾਮਬਾ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਅਰੁਣ ਕੁਮਾਰ ਸ਼ਰਮਾ, ਐਸ.ਡੀ.ਐੱਮ. ਗੁਰੂਹਰਸਹਾਏ ਸ੍ਰੀ ਗਗਨਦੀਪ ਸਿੰਘ, ਐਸ.ਡੀ.ਐੱਮ. ਫਿਰੋਜ਼ਪੁਰ ਸ੍ਰੀ ਗੁਰਮੰਦਰ ਸਿੰਘ ਅਤੇ ਸਹਾਇਕ ਕਮਿਸ਼ਨਰ ਸ੍ਰੀ ਸੂਰਜ ਵੀ ਹਾਜ਼ਰ ਸਨ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਚੋਣ ਅਫਸਰ ਸ੍ਰੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ਯੋਗਤਾ ਮਿਤੀ 1 ਜਨਵਰੀ 2024 ਦੇ ਆਧਾਰ ‘ਤੇ ਵੋਟਰ ਸੂਚੀ ਦੀ ਸਰਸਰੀ ਸੁਧਾਈ ਦੇ ਸਬੰਧ ਵਿੱਚ 9 ਦਸੰਬਰ 2023 ਤੱਕ ਵੋਟਰ ਸੂਚੀ ਦੀ ਸਰਸਰੀ ਸੁਧਾਈ ਦਾ ਕੰਮ ਚੱਲੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੌਜਵਾਨਾਂ ਦੀ ਉਮਰ 1 ਜਨਵਰੀ 2024 ਨੂੰ 18 ਸਾਲ ਦੀ ਹੋ ਜਾਵੇਗੀ ਉਨ੍ਹਾਂ ਵੱਲੋ ਦਾਅਵੇ ਅਤੇ ਇਤਰਾਜ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਆਗਾਮੀ ਲੋਕ ਸਭਾ ਚੋਣਾਂ 2024 ਨੂੰ ਦੇਖਦਿਆਂ ਸਮੂਹ ਈ.ਆਰ.ਓਜ਼ ਨੂੰ 18-19 ਸਾਲ ਦੇ ਨੌਜਵਾਨਾਂ ਦੀ ਵੱਧ ਤੋ ਵੱਧ ਰਜਿਸਟ੍ਰੇਸ਼ਨ ਕਰਨ ਲਈ ਕਿਹਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸ੍ਰੋਮਣੀ ਕਮੇਟੀ ਗੁਰੂਦੁਆਰਾ ਦੀਆਂ ਵੋਟਾਂ ਸਬੰਧੀ ਆਪਣੇ-ਆਪਣੇ ਦਫ਼ਤਰਾਂ ਦੇ ਬਾਹਰ ਨੋਟਿਸ ਲਗਾਏ ਜਾਣ ਤਾਂ ਜੋ ਆਮ ਜਨਤਾ ਨੂੰ ਵੋਟਾਂ ਬਣਾਉਣ ਦੀਆਂ ਮਿਤੀਆਂ ਬਾਰੇ ਪਤਾ ਲੱਗ ਸਕੇ।
ਇਸ ਤੋਂ ਇਲਾਵਾ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਸਵੀਪ ਟੀਮ ਨੂੰ ਜ਼ਿਲ੍ਹੇ ਵਿੱਚ ਪੈਂਦੇ ਹਾਈ ਸਕੂਲਾਂ, ਸੀਨੀਅਰ ਸੈਕੰਡਰੀ ਸਕੂਲਾਂ ਅਤੇ ਕਾਲਜਾਂ ਵਿੱਚ ਵੱਧ ਤੋਂ ਵੱਧ ਸਵੀਪ ਪ੍ਰੋਗਰਾਮ ਕਰਵਾਉਣ ਲਈ ਕਿਹਾ ਗਿਆ। ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨ ਵੋਟਰਾਂ, ਖਾਸ ਕਰਕੇ ਜੋ 1 ਜਨਵਰੀ 2024 ਨੂੰ 18 ਸਾਲ ਦੇ ਹੋ ਜਾਣਗੇ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਵੋਟ ਜ਼ਰੂਰ ਬਣਵਾਉਣ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਦੀ ਵੋਟ ਨਹੀਂ ਬਣੀ ਹੈ ਤਾਂ ਉਹ ਫ਼ਾਰਮ ਨੰ 6 ਭਰ ਕੇ ਨਵੀਂ ਰਜਿਸਟ੍ਰੇਸ਼ਨ ਕਰਵਾ ਸਕਦਾ ਹੈ ਅਤੇ ਜੇਕਰ ਕਿਸੇ ਨੇ ਵੋਟ ਕਟਵਾਉਣੀ ਹੈ ਤਾਂ ਫ਼ਾਰਮ ਨੰ. 7, ਵੇਰਵਿਆਂ ਵਿੱਚ ਸੋਧ ਲਈ/ਦਿਵਿਆਂਗ ਵਜੋਂ ਮਾਰਕਿੰਗ ਲਈ/ਰਿਹਾਇਸ਼ ਬਦਲਣ ਲਈ ਜਾਂ ਬਦਲੀ ਵੋਟਰ ਕਾਰਡ ਲਈ ਫ਼ਾਰਮ ਨੰ. 8 ਅਤੇ ਵੋਟਰ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਲਈ ਫਾਰਮ ਨੰ:6ਬੀ ਭਰ ਸਕਦੇ ਹਨ।ਇਸ ਮੌਕੇ ਇਲੈਕਸ਼ਨ ਤਹਿਸੀਲਦਾਰ ਚਾਂਦ ਪ੍ਰਕਾਸ਼ ਤੋਂ ਇਲਾਵਾ ਇਲੈਕਸ਼ਨ ਦਫ਼ਤਰ ਅਤੇ ਹੋਰ ਸਬੰਧਿਤ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

- September 21, 2026
स्वच्छता ही सेवा अभियान के तहत रेलवे स्टेशनों पर विशेष सफाई अभियान
- September 21, 2026