ਫਿਰੋਜ਼ਪੁਰ ਪੁਲਿਸ ਨੇ 1 ਕਿਲੋ 364 ਗ੍ਰਾਮ ਹੈਰੋਇਨ ਨਾਲ ਆਰੋਪੀ ਨੂੰ ਕੀਤਾ ਗਿਰਫ਼ਤਾਰ
- 67 Views
- kakkar.news
- November 27, 2024
- Crime Punjab
ਫਿਰੋਜ਼ਪੁਰ, 27 ਨਵੰਬਰ 2024 (ਅਨੁਜ ਕੱਕੜ ਟੀਨੂੰ)
ਸ੍ਰੀਮਤੀ ਸੌਮਿਆ ਮਿਸ਼ਰਾ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਮਾਜ ਵਿਰੋਧੀ ਤੱਤਾਂ ਵੱਲੋਂ ਕੀਤੀਆਂ ਜਾ ਰਹੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਰੋਕਣ ਲਈ ਜਿਲ੍ਹਾ ਪੁਲਿਸ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਵਾਲੇ ਅਪਰਾਧੀਆਂ ਖਿਲਾਫ ਤੁਰੰਤ ਅਤੇ ਠੋਸ ਕਾਰਵਾਈ ਲਈ ਜਿਲ੍ਹਾ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ।
ਪ੍ਰੈੱਸ ਦੇ ਸਾਹਮਣੇ ਐਸ.ਪੀ. ਡੀ, ਸ਼੍ਰੀ ਰਣਧੀਰ ਕੁਮਾਰ ਨੇ ਦੱਸਿਆ ਕਿ ਇੰਸਪੈਕਟਰ ਮੋਹਿਤ ਧਵਨ, ਇੰਚਾਰਜ ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੀ ਯੋਗ ਅਗਵਾਈ ਹੇਠ ਸੀ.ਆਈ.ਏ. ਸਟਾਫ ਫਿਰੋਜ਼ਪੁਰ ਦੀ ਟੀਮ ਨੇ 24 ਨਵੰਬਰ 2024 ਨੂੰ ਯਤੀਮਖਾਨਾ ਚੌਂਕ, ਫਿਰੋਜ਼ਪੁਰ ਕੈਂਟ ਵਿਖੇ ਮੁਕੱਦਮਾ ਨੰਬਰ 121 ਅਨੁਸਾਰ ਇੱਕ ਵਿਅਕਤੀ ਨੂੰ ਸਕੂਟਰੀ ਹੌਂਡਾ ਐਕਟਿਵਾ ਸਮੇਤ ਗਿਰਫ਼ਤਾਰ ਕੀਤਾ। ਇਸ ਵਿਅਕਤੀ ਦੀ ਤਲਾਸ਼ੀ ਲੈਣ ‘ਤੇ ਉਸਦੇ ਕੋਲੋਂ 1 ਕਿਲੋ 364 ਗ੍ਰਾਮ ਹੈਰੋਇਨ ਬ੍ਰਾਮਦ ਹੋਈ।
ਪੁਲਿਸ ਵੱਲੋਂ ਗਿਰਫ਼ਤਾਰ ਆਰੋਪੀ ਨਾਲ ਪੁੱਛਗਿੱਛ ਕਰਨ ‘ਤੇ ਉਸਨੇ ਆਪਣਾ ਨਾਮ ਅਰਸ਼ਦੀਪ ਸਿੰਘ, ਪੁੱਤਰ ਬਲਵਿੰਦਰ ਸਿੰਘ, ਵਾਸੀ ਜੱਟਾਵਾਲੀ, ਥਾਣਾ ਮੱਲਾਂਵਾਲਾ, ਫਿਰੋਜ਼ਪੁਰ ਦੱਸਿਆ। ਇਸ ਆਰੋਪੀ ਨਾਲ ਪੁੱਛਗਿੱਛ ਜਾਰੀ ਹੈ ਅਤੇ ਮੁਕੱਦਮੇ ਦੀ ਤਫਤੀਸ਼ ਜਾਰੀ ਹੈ।