ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਲਈ ਵੱਡਾ ਸੰਘਰਸ਼, ਫਿਰੋਜ਼ਪੁਰ ਵਿੱਚ ਰੋਸ਼ ਮਾਰਚ ਅਤੇ ਭੁੱਖ ਹੜਤਾਲ
- 63 Views
- kakkar.news
- December 31, 2024
- Education Politics Punjab
ਪੰਜਾਬ ਦੇ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਲਈ ਵੱਡਾ ਸੰਘਰਸ਼, ਫਿਰੋਜ਼ਪੁਰ ਵਿੱਚ ਰੋਸ਼ ਮਾਰਚ ਅਤੇ ਭੁੱਖ ਹੜਤਾਲ
ਫਿਰੋਜ਼ਪੁਰ, 31 ਦਸੰਬਰ, 2024 (ਅਨੁਜ ਕੱਕੜ ਟੀਨੂੰ)
ਸੂਬੇ ਭਰ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਆਪਣੀਆਂ ਜਾਇਜ਼ ਮੰਗਾਂ ਨੂੰ ਲੈ ਕੇ ਵਿੱਢੇ ਗਏ ਸੂਬਾ ਪੱਧਰੀ ਸੰਘਰਸ਼ ਦੇ ਤਹਿਤ ਕੰਪਿਊਟਰ ਅਧਿਆਪਕ ਭੁੱਖ ਹੜਤਾਲ ਸੰਘਰਸ਼ ਕਮੇਟੀ ਦੇ ਸੱਦੇ ਤੇ ਫਿਰੋਜ਼ਪੁਰ ਜ਼ਿਲ੍ਹੇ ਦੇ ਕੰਪਿਊਟਰ ਅਧਿਆਪਕਾਂ ਵੱਲੋਂ ਅੱਜ ਵੱਡੀ ਗਿਣਤੀ ਵਿੱਚ ਡਿਪਟੀ ਕਮਿਸ਼ਨਰ ਦਫਤਰ ਦੇ ਸਾਹਮਣੇ ਇਕੱਠੇ ਹੁੰਦੇ ਹੋਏ ਪੰਜਾਬ ਸਰਕਾਰ ਦੀ ਅਰਥੀ ਲੈ ਕੇ ਡੀਸੀ ਦਫਤਰ ਤੱਕ ਰੋਸ਼ ਮਾਰਚ ਕੀਤਾ ਗਿਆ ਤੇ ਉੱਥੇ ਪਹੁੰਚ ਗਏ ਕੰਪਿਊਟਰ ਅਧਿਆਪਕਾਂ ਨੇ ਪੰਜਾਬ ਸਰਕਾਰ ਦੇ ਖਿਲਾਫ ਜਬਰਦਸਤ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਦੀ ਅਰਥੀ ਦੇ ਨਾਲ ਨਾਲ ਝਾੜੂਆਂ ਦੀ ਪੰਡ ਨੂੰ ਫੂਕਦੇ ਹੋਏ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਵੀ ਕੀਤਾ।
ਇਸ ਮੌਕੇ ਕੰਪਿਊਟਰ ਅਧਿਆਪਕ ਭੁੱਖ ਹੜਤਾਲ਼ ਸੰਘਰਸ਼ ਕਮੇਟੀ ਯੂਨੀਅਨ ਪੰਜਾਬ ਦੇ ਸਟੇਟ ਕਮੇਟੀ ਮੈਂਬਰ ਲਖਵਿੰਦਰ ਸਿੰਘ, ਜਿਲ੍ਹਾ ਕਨਵੀਨਰ ਜਤਿੰਦਰ ਸੋਢੀ, ਗੁਰਵਿੰਦਰ ਸਿੰਘ, ਮਨੀਸ਼ ਮੁਦਕੀ , ਮੋਹਨ ਲਾਲ, ਵਿਸ਼ਾਲ ਚਲਾਣਾ, ਹਰਮੀਤ ਕੰਬੋਜ, ਵਿਕਰਮਦੀਪ ਜ਼ੀਰਾ,ਅਸ਼ੋਕ ਬਾਰੀਆ ਸੰਦੀਪ ਕੰਬੋਜ, ਕੁਲਵਿੰਦਰ ਕੌਰ, ਲੱਕੀ ਕਥੂਰੀਆ, ਸੁਖਜਿੰਦਰ ਪਾਲ ਕੌਰ, ਸੋਨੀਆ ਸਚਦੇਵਾ,ਕੰਚਨ, ਹਰਦੀਪ ਕੌਰ,ਮਿਸਾਲ ਧਵਨ, ਕੰਵਲਪ੍ਰੀਤ ਸਿੰਘ , ਆਦਿ ਨੇ ਦੱਸਿਆ ਕੀ ਉਹਨਾਂ ਵੱਲੋਂ ਇੱਕ ਸਤੰਬਰ ਤੋਂ ਕੰਪਿਊਟਰ ਤੋਂ ਸੰਗਰੂਰ ਦੇ ਡੀਸੀ ਦਫਤਰ ਅੱਗੇ ਲਗਾਤਾਰ ਭੁੱਖ ਹੜਤਾਲ ਕੀਤੀ ਜਾ ਰਹੀ ਹੈ, ਪਰ ਸਰਕਾਰ ਨੇ ਉਹਨਾਂ ਦੀਆਂ ਮੰਗਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੱਤਾ। ਉਹ 4 ਦਿਨ ਤੇ 3 ਰਾਤਾਂ ਮੁੱਖ ਮੰਤਰੀ ਦੀ ਕੋਠੀ ਅੱਗੇ ਅੱਤ ਦੀ ਸਰਦੀ ਦੇ ਵਿੱਚ ਵੀ ਬੈਠੇ ਰਹੇ ਪਰ ਸਰਕਾਰ ਦੇ ਕਿਸੇ ਵੀ ਨੁਮਾਇੰਦੇ ਨੇ ਉਹਨਾਂ ਦੀ ਗੱਲ ਨਹੀਂ ਸੁਣੀ, ਜਿਸ ਮਗਰੋਂ ਉਨਾਂ ਦੇ ਸਾਥੀ ਜੋਨੀ ਸਿੰਗਲਾ ਵੱਲੋਂ 22 ਦਸੰਬਰ ਤੋਂ ਮਰਨ ਵਰਤ ਸ਼ੁਰੂ ਕਰ ਦਿੱਤਾ ਗਿਆ ਹੈ ਜਿਸ ਤੇ ਅੱਜ ਉਹ 10ਵੇਂ ਦਿਨ ਵੀ ਡਟਿਆ ਹੋਇਆ ਹੈ। ਪਰ ਤਰਾਸਦੀ ਦੀ ਗੱਲ ਇਹ ਹੈ ਕਿ ਜਿੱਥੇ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਸਾਨ ਆਗੂ ਡੱਲੇਵਾਲ ਦੇ ਮਰਨ ਵਰਤ ਕਾਰਨ ਕੇਂਦਰ ਸਰਕਾਰ ਨੂੰ ਕੋਸ ਰਹੇ ਹਨ ਉੱਥੇ ਉਹਨਾਂ ਦੇ ਆਪਣੇ ਘਰ ਅੱਗੇ ਮਰਨ ਵਰਤ ਤੇ ਬੈਠੇ ਕੰਪਿਊਟਰ ਅਧਿਆਪਕ ਉਹਨਾਂ ਨੂੰ ਵਿਖਾਈ ਨਹੀਂ ਦੇ ਰਹੇ। ਮੁੱਖ ਮੰਤਰੀ ਸਮੇਤ ‘ਆਪ’ ਆਗੂਆਂ ਨੇ ਆਪਣੇ ਵਾਦਿਆਂ ਤੋਂ ਝਾੜਿਆ ਪੱਲਾ ਕੰਪਿਊਟਰ ਅਧਿਆਪਕਾਂ ਨੇ ਆਪਣੀਆਂ ਮੰਗਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਸਮੂਹ ਆਗੂਆਂ ਵੱਲੋਂ ਕੰਪਿਊਟਰ ਅਧਿਆਪਕਾਂ ਦੀਆਂ ਸਾਰੀਆਂ ਮੰਗਾਂ ਨੂੰ ਜਾਇਜ਼ ਠਹਿਰਾਉਂਦੇ ਹੋਏ ਉਹਨਾਂ ਦੀ ਸਰਕਾਰ ਬਣਨ ਤੇ ਇਹਨਾਂ ਸਾਰੀਆਂ ਮੰਗਾਂ ਨੂੰ ਬਿਨਾਂ ਦੇਰੀ ਪੂਰਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਜੋ ਕਿ ਚੋਣ ਜੁਮਲਾ ਹੀ ਸਾਬਿਤ ਹੋਇਆ ਹੈ। ਉਹਨਾਂ ਅੱਗੇ ਕਿਹਾ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਾਲ ਉਹਨਾਂ ਦੀਆਂ ਦਰਜਨਾਂ ਮੀਟਿੰਗਾਂ ਹੀ ਹੋ ਚੁੱਕੀਆਂ ਹਨ, ਉਹ ਉਹਨਾਂ ਦੀਆਂ ਮੰਗਾਂ ਸਬੰਧੀ ਭਲੀਭਾਂਤ ਜਾਣੂ ਹਨ ਪਰ ਦੋਵਾਂ ਮੰਤਰੀਆਂ ਦੇ ਨਾਲ ਨਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੋ ਕਿ ਸਬ ਕਮੇਟੀ ਦੇ ਮੈਂਬਰ ਵੀ ਹਨ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵੱਲੋਂ ਵੀ ਵੱਖ-ਵੱਖ ਮੀਟਿੰਗਾਂ ਦੇ ਦੌਰਾਨ ਉਨਾਂ ਨੂੰ ਝੂਠੇ ਲਾਰਿਆਂ ਤੋਂ ਇਲਾਵਾ ਹੋਰ ਕੁਝ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕ ਪਿਛਲੀਂ ਸਰਕਾਰਾਂ ਦੇ ਪਦਚਿੰਨ੍ਹਾਂ ਤੇ ਹੀ ਚੱਲ ਰਹੇ ਹਨ।

