ਫਿਰੋਜ਼ਪੁਰ ਦੇ ਛੇ ਨੌਜਵਾਨ ਲਾਪਤਾ, ਪੁਲਿਸ ਵੱਲੋਂ ਤਲਾਸ਼ ਜਾਰੀ
- 321 Views
- kakkar.news
- May 24, 2025
- Punjab
ਫਿਰੋਜ਼ਪੁਰ ਦੇ ਛੇ ਨੌਜਵਾਨ ਲਾਪਤਾ, ਪੁਲਿਸ ਵੱਲੋਂ ਤਲਾਸ਼ ਜਾਰੀ
ਫਿਰੋਜ਼ਪੁਰ 24 ਮਈ 2025 (ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਸ਼ਹਿਰ ਤੋਂ ਛੇ ਨੌਜਵਾਨਾਂ ਦੇ ਇਕਾਠੇ ਲਾਪਤਾ ਹੋਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਇਲਾਕੇ ‘ਚ ਚਿੰਤਾ ਦਾ ਮਾਹੌਲ ਬਣ ਗਿਆ ਹੈ। ਲਾਪਤਾ ਵਿਦਿਆਰਥੀਆਂ ਦੀ ਪਛਾਣ ਗੁਰਜੀਤ ਸਿੰਘ ਪੁੱਤਰ ਦਰਸ਼ਨ ਸਿੰਘ (ਬੇਦੀ ਕਲੋਨੀ), ਗੁਰਦਿੱਤ ਸਿੰਘ ਪੁੱਤਰ ਕਸ਼ਮੀਰ ਸਿੰਘ (ਗੋਬਿੰਦ ਇਨਕਲੇਵ, ਮਖੂ ਗੇਟ), ਲਵ (ਵਾਸੀ ਪਿੰਡ ਅਲੀਕੇ) ਅਤੇ ਵਿਸ਼ਵਦੀਪ ਸਿੰਘ ਪੁੱਤਰ ਹਰਦੀਪ ਸਿੰਘ (ਪਿੰਡ ਇੱਛੇ ਵਾਲਾ) ਵਜੋਂ ਹੋਈ ਹੈ। ਇਨ੍ਹਾਂ ਦੇ ਨਾਲ ਇਨਵਰਟਰ ਮੁਰੰਮਤ ਕੰਮ ਕਰਣ ਵਾਲਾ ਵਰਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ (ਆਰਐਸਡੀ ਕਾਲਜ ਦੇ ਪਿੱਛੇ) ਅਤੇ ਕ੍ਰਿਸ਼ ਪੁੱਤਰ ਵਿਜੇ ਕੁਮਾਰ (ਬਸਤੀ ਆਵਾ) ਵੀ ਲਾਪਤਾ ਹਨ।
ਪਰਿਵਾਰਕ ਮੈਂਬਰਾਂ ਦੇ ਅਨੁਸਾਰ ਇਹ ਸਾਰੇ ਨੌਜਵਾਨ ਸ਼ੁੱਕਰਵਾਰ ਸ਼ਾਮ ਲਗਭਗ ਪੰਜ ਵਜੇ ਤੋਂ ਲਾਪਤਾ ਹਨ ਅਤੇ ਉਨ੍ਹਾਂ ਦੇ ਮੋਬਾਈਲ ਫੋਨ ਵੀ ਬੰਦ ਆ ਰਹੇ ਹਨ, ਜਿਸ ਕਰਕੇ ਸੰਪਰਕ ਨਹੀਂ ਹੋ ਸਕਿਆ। ਲਵ ਡੋਮੀਨੋਜ਼ ਪੀਜ਼ਾ ਵਿੱਚ ਡਿਲੀਵਰੀ ਬੋਏ ਵਜੋਂ ਕੰਮ ਕਰਦਾ ਸੀ ਅਤੇ ਆਮ ਤੌਰ ‘ਤੇ ਸਮੇਂ ‘ਤੇ ਘਰ ਆ ਜਾਂਦਾ ਸੀ।
ਇਸ ਮਾਮਲੇ ‘ਚ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਕਾਫੀ ਚਿੰਤਤ ਤੇ ਪਰੇਸ਼ਾਨ ਹਨ। ਉਨ੍ਹਾਂ ਵੱਲੋਂ ਥਾਣਾ ਸਿਟੀ ‘ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਟੈਕਨੀਕਲ ਅਤੇ ਮਨੁੱਖੀ ਇੰਟੈਲੀਜੈਂਸ ਦੇ ਨਾਲ ਨਾਲ ਰਵਾਇਤੀ ਤਰੀਕਿਆਂ ਰਾਹੀਂ ਵੀ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਅਧਿਕਾਰੀਆਂ ਅਨੁਸਾਰ ਲਾਪਤਾ ਨੌਜਵਾਨਾਂ ਦੇ ਕਾਲ ਡਿਟੇਲ ਰਿਕਾਰਡ (CDR) ਹਾਸਲ ਕਰਣ ਦੀ ਪ੍ਰਕਿਰਿਆ ਚੱਲ ਰਹੀ ਹੈ। ਫਿਲਹਾਲ ਕਿਸੇ ਵੀ ਥਾਂ ਤੋਂ ਪੱਕੀ ਜਾਣਕਾਰੀ ਨਹੀਂ ਮਿਲੀ, ਪਰ ਪੁਲਿਸ ਵੱਲੋਂ ਸ਼ੱਕ ਦੇ ਆਧਾਰ ‘ਤੇ ਕਈ ਥਾਵਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਉੱਚ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ ਅਤੇ ਉਮੀਦ ਹੈ ਕਿ ਨੌਜਵਾਨਾਂ ਨੂੰ ਜਲਦ ਤਲਾਸ਼ ਲਿਆ ਜਾਵੇਗਾ।

