ਫਿਰੋਜ਼ਪੁਰ ਪੁਲਿਸ ਦੀ ਵੱਡੀ ਸਫਲਤਾ: 5 ਗਿਰਫ਼ਤਾਰ, ਹੈਰੋਇਨ, ਅਫੀਮ ਤੇ ਹਥਿਆਰ ਬਰਾਮਦ
- 134 Views
- kakkar.news
- July 6, 2025
- Crime Punjab
ਫਿਰੋਜ਼ਪੁਰ ਪੁਲਿਸ ਦੀ ਵੱਡੀ ਸਫਲਤਾ: 5 ਗਿਰਫ਼ਤਾਰ, ਹੈਰੋਇਨ, ਅਫੀਮ ਤੇ ਹਥਿਆਰ ਬਰਾਮਦ
ਫਿਰੋਜ਼ਪੁਰ, 6 ਜੁਲਾਈ 2025 (ਅਨੁਜ ਕੱਕੜ ਟੀਨੂੰ )
“ਨਸ਼ਿਆਂ ਵਿਰੁੱਧ ਜੰਗ” ਤਹਿਤ ਚੱਲ ਰਹੀ ਮੁਹਿੰਮ ਵਿੱਚ ਫਿਰੋਜ਼ਪੁਰ ਪੁਲਿਸ ਨੂੰ ਇਕ ਹੋਰ ਵੱਡੀ ਸਫਲਤਾ ਹਾਸਲ ਹੋਈ ਹੈ। ਪੁਲਿਸ ਨੇ ਵੱਖ-ਵੱਖ ਤਿੰਨ ਮਾਮਲਿਆਂ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਅਤੇ ਗੈਰ-ਕਾਨੂੰਨੀ ਹਥਿਆਰ ਬਰਾਮਦ ਕੀਤੇ ਹਨ।
ਐਸਐਸਪੀ ਭੁਪਿੰਦਰ ਸਿੰਘ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਤਿੰਨ ਮਾਮਲਿਆਂ ਦੀ ਜਾਂਚ ਦੌਰਾਨ 2.495 ਕਿਲੋਗ੍ਰਾਮ ਹੈਰੋਇਨ, 30 ਗ੍ਰਾਮ ਅਫੀਮ, 2 ਮੋਟਰਸਾਈਕਲ, 2 ਮੋਬਾਈਲ ਫੋਨ, 2 ਪਿਸਤੌਲ (.32 ਬੋਰ), 17 ਜਿੰਦੇ ਕਾਰਤੂਸ ਅਤੇ ਇੱਕ ਕਾਰ ਬਰਾਮਦ ਕੀਤੀ ਗਈ ਹੈ। ਤਿੰਨ ਮਾਮਲਿਆਂ ਵਿੱਚ ਤਿੰਨ ਵਿਅਕਤੀਆਂ ਨੂੰ ਐਨਡੀਪੀਐਸ ਐਕਟ ਅਤੇ ਦੋ ਨੂੰ ਅਸਲਾ ਐਕਟ ਅਧੀਨ ਗ੍ਰਿਫ਼ਤਾਰ ਕੀਤਾ ਗਿਆ ਹੈ।
ਪਹਿਲੇ ਮਾਮਲੇ ਵਿੱਚ ਬਲਵਿੰਦਰ ਸਿੰਘ ਉਰਫ਼ ਬੱਬੂ (30) ਅਤੇ ਚਰਨਜੀਤ ਕੌਰ ਉਰਫ਼ ਚੰਨੋ ਭਾਈ (55), ਵਾਸੀ ਪਿੰਡ ਨਿਹਾਲੇ ਵਾਲਾ ਨੂੰ 1.815 ਕਿਲੋਗ੍ਰਾਮ ਹੈਰੋਇਨ, 2 ਮੋਬਾਈਲ ਤੇ ਇੱਕ ਮੋਟਰਸਾਈਕਲ ਸਮੇਤ ਗ੍ਰਿਫ਼ਤਾਰ ਕੀਤਾ ਗਿਆ।
ਦੂਜੇ ਮਾਮਲੇ ਵਿੱਚ, ਪਿੰਡ ਕਿਲਚੇ ਬੰਧ ਨੇੜੇ ਤੋਂ 475 ਗ੍ਰਾਮ ਹੈਰੋਇਨ ਅਤੇ 30 ਗ੍ਰਾਮ ਅਫੀਮ ਬਰਾਮਦ ਹੋਈ, ਪਰ ਇਸ ਮਾਮਲੇ ਵਿੱਚ ਕੋਈ ਵਿਅਕਤੀ ਗ੍ਰਿਫ਼ਤਾਰ ਨਹੀਂ ਹੋਇਆ
ਤੀਜੇ ਮਾਮਲੇ ਵਿੱਚ ਜਸ਼ਨਪ੍ਰੀਤ ਸਿੰਘ ਉਰਫ਼ ਜਸ਼ਨ (20), ਦੇਵ (19) ਅਤੇ ਗੁਰਪ੍ਰਤਾਪ ਸਿੰਘ ਉਰਫ਼ ਗੋਰਾ ਨੂੰ 2 ਪਿਸਤੌਲ ਅਤੇ 17 ਜਿੰਦੇ ਕਾਰਤੂਸ ਸਮੇਤ ਫੜਿਆ ਗਿਆ।
ਇਹ ਸਾਰੀ ਕਾਰਵਾਈ ਸੀਆਈਏ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਫਿਰੋਜ਼ਪੁਰ ਸਦਰ ਇਲਾਕੇ ਦੇ ਦੁਲਚੀ ਕੇ ਬੰਧ ਨੇੜੇ ਲਾਏ ਗਏ ਨਾਕੇ ਦੌਰਾਨ ਕੀਤੀ। ਪੁਲਿਸ ਦਾ ਕਹਿਣਾ ਹੈ ਕਿ ਬਰਾਮਦ ਕੀਤੇ ਹਥਿਆਰ ਕਿਸੇ ਯੋਜਨਾਬੱਧ ਅਪਰਾਧ ਲਈ ਵਰਤੇ ਜਾਣੇ ਸਨ।
ਜਾਂਚ ਦੌਰਾਨ ਹਰਜਿੰਦਰ ਸਿੰਘ ਉਰਫ਼ ਸੰਨੀ ਦਾ ਨਾਂ ਸਾਹਮਣੇ ਆਇਆ, ਜਿਸ ਖ਼ਿਲਾਫ਼ ਮਾਰਚ 2024 ਵਿੱਚ 100 ਗ੍ਰਾਮ ਹੈਰੋਇਨ ਨਾਲ ਮੱਖੂ ਪੁਲਿਸ ਸਟੇਸ਼ਨ ਵਿੱਚ ਮਾਮਲਾ ਦਰਜ ਹੋਇਆ ਸੀ। ਪੁਲਿਸ ਅਗਲੇ ਦਿਨਾਂ ਵਿੱਚ ਉਸ ਦੀ ਗ੍ਰਿਫ਼ਤਾਰੀ ਦੀ ਸੰਭਾਵਨਾ ਜਤਾ ਜਤਾ ਰਹੀ ਹੈ
1 ਮਾਰਚ ਤੋਂ ਲੈ ਕੇ ਹੁਣ ਤੱਕ, ਫਿਰੋਜ਼ਪੁਰ ਪੁਲਿਸ ਨੇ ਐਨਡੀਪੀਐਸ ਐਕਟ ਤਹਿਤ 655 ਮਾਮਲੇ ਦਰਜ ਕਰਕੇ 836 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਦੌਰਾਨ ਲਗਭਗ 96 ਕਿਲੋ 687 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ।
ਐਸਐਸਪੀ ਨੇ ਆਸ਼ੰਕਾ ਜਤਾਈ ਕਿ ਬਰਾਮਦ ਕੀਤੀ ਗਈ ਹੈਰੋਇਨ ਪਾਕਿਸਤਾਨ ਸਰਹੱਦ ਰਾਹੀਂ ਵਿਚੋਲਿਆਂ ਦੁਆਰਾ ਤਸਕਰੀ ਕੀਤੀ ਗਈ ਹੋ ਸਕਦੀ ਹੈ। ਮਾਮਲੇ ਦੀ ਗੰਭੀਰਤਾ ਨਾਲ ਜਾਂਚ ਜਾਰੀ ਹੈ।


