ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ : 2 ਕਿਲੋ ਹੈਰੋਇਨ, 2 ਪਿਸਟਲ ਤੇ ਮੋਟਰਸਾਈਕਲ ਸਣੇ 3 ਨਸ਼ਾ ਤਸਕਰ ਗ੍ਰਿਫਤਾਰ
- 119 Views
- kakkar.news
- July 9, 2025
- Crime Punjab
ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ : 2 ਕਿਲੋ ਹੈਰੋਇਨ, 2 ਪਿਸਟਲ ਤੇ ਮੋਟਰਸਾਈਕਲ ਸਣੇ 3 ਨਸ਼ਾ ਤਸਕਰ ਗ੍ਰਿਫਤਾਰ
ਫਿਰੋਜ਼ਪੁਰ, 9 ਜੁਲਾਈ 2025 (ਅਨੁਜ ਕੱਕੜ ਟੀਨੂੰ)
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰੀ ਵਿਰੁੱਧ ਇੱਕ ਹੋਰ ਵੱਡੀ ਕਾਰਵਾਈ ਕਰਦਿਆਂ 3 ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਸ਼ੁਦਾ ਆਰੋਪੀਆਂ ਕੋਲੋਂ 2 ਕਿਲੋ ਹੈਰੋਇਨ, ਇੱਕ ਮੋਟਰਸਾਈਕਲ, 2 ਪਿਸਟਲ 30 ਬੋਰ ਸਮੇਤ ਮੈਗਜ਼ੀਨ, 12 ਜਿੰਦੇ ਰੌੰਦ 30 ਬੋਰ ਅਤੇ 40 ਰੌੰਦ 32 ਬੋਰ ਬਰਾਮਦ ਕੀਤੇ ਗਏ ਹਨ।
ਇਸ ਸੰਬੰਧੀ ਅੱਜ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਭੁਪਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਜਿਲੇ ਵਿੱਚ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅੰਸਰਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਇਹ ਵੱਡੀ ਕਾਮਯਾਬੀ ਹਾਸਿਲ ਕੀਤੀ ਗਈ ਹੈ। ਇਸ ਕਾਰਵਾਈ ਨੂੰ ਸੀਆਈਏ ਜੀਰਾ, ਐਸਐਚਓ ਸਿਟੀ ਜੀਰਾ ਅਤੇ ਐਸਪੀ ਡੀ ਦੀ ਨਿਗਰਾਨੀ ਹੇਠ ਚਲਾਇਆ ਗਿਆ।
ਗ੍ਰਿਫਤਾਰ ਹੋਏ ਆਰੋਪੀਆਂ ਦੀ ਪਛਾਣ ਸੁਖਦੇਵ ਉਰਫ਼ ਸਨੀ (ਉਮਰ 24), ਉਸ ਦੀ ਮਾਂ ਸਰਬਜੀਤ ਕੌਰ (ਉਮਰ 42) ਅਤੇ ਭਾਣਜਾ ਜਸਵਿੰਦਰ ਸਿੰਘ ਉਰਫ਼ ਲਿਆਕਤ ਵਜੋਂ ਹੋਈ ਹੈ। ਜਸਵਿੰਦਰ ਸਿੰਘ ਉੱਤੇ ਪਹਿਲਾਂ ਵੀ 2019, 2022 ਅਤੇ 2025 ਵਿੱਚ NDPS ਐਕਟ ਅਤੇ ਅਸਲਾਹ ਐਕਟ ਤਹਿਤ ਤਿੰਨ ਮਾਮਲੇ ਦਰਜ ਹਨ।
ਐਸਐਸਪੀ ਸਿੱਧੂ ਨੇ ਇਹ ਵੀ ਜਾਣਕਾਰੀ ਦਿੱਤੀ ਕਿ 2025 ਵਿੱਚ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹੁਣ ਤੱਕ 671 ਮਾਮਲੇ ਦਰਜ ਹੋ ਚੁੱਕੇ ਹਨ ਅਤੇ 858 ਗ੍ਰਿਫਤਾਰੀ ਹੋਈਆਂ ਹਨ। ਜਿਸ ਤਹਿਤ ਪੁਲਿਸ ਨੇ 98 ਕਿਲੋ 983 ਗ੍ਰਾਮ ਹੈਰੋਇਨ, 602 ਕਿਲੋ ਭੁੱਕੀ, 6 ਕਿਲੋ 411 ਗ੍ਰਾਮ ਅਫੀਮ, 23,595 ਨਸ਼ੀਲੇ ਕੈਪਸੂਲ, 400 ਗ੍ਰਾਮ ਆਈਸ ਡਰੱਗ ਅਤੇ 80 ਲੱਖ 70 ਹਜ਼ਾਰ ਰੁਪਏ ਡਰੱਗ ਮਨੀ ਰਿਕਵਰ ਕੀਤੀ ਹੈ।
ਇਸ ਤੋਂ ਇਲਾਵਾ, ਨਸ਼ਾ ਤਸਕਰਾਂ ਤੇ ਗੈਂਗਸਟਰਾਂ ਕੋਲੋਂ 30 ਹਥਿਆਰ ਤੇ 250 ਜਿੰਦੇ ਰੌੰਦ ਵੀ ਬਰਾਮਦ ਕੀਤੇ ਗਏ ਹਨ। 20 ਕੇਸ ਪ੍ਰਾਪਰਟੀ ਫਰੀਜ਼ ਕਰਨ ਲਈ ਭੇਜੇ ਗਏ ਹਨ, ਜਿਨ੍ਹਾਂ ਵਿੱਚ ਕੁੱਲ 5 ਕਰੋੜ ਤੋਂ ਵੱਧ ਦੀ ਜਾਇਦਾਦ ਸ਼ਾਮਿਲ ਹੈ।


