ਕਿਸਾਨ ਮਜ਼ਦੂਰ ਜਥੇਬੰਦੀ ਦੇ ਆਗੂਆਂ ਵੱਲੋਂ ਜੋਨ ਇਕਾਈਆਂ ਦੀਆਂ ਮੀਟਿੰਗਾਂ ਕਰਕੇ 20 ਅਗਸਤ ਦੀ ਰੈਲੀ ਵਿੱਚ ਪਹੁੰਚਣ ਲਈ ਕੀਤੀ ਲਾਮਬੰਦੀ*
- 168 Views
- kakkar.news
- August 18, 2025
- Punjab
ਕਿਸਾਨ ਮਜ਼ਦੂਰ ਜਥੇਬੰਦੀ ਦੇ ਆਗੂਆਂ ਵੱਲੋਂ ਜੋਨ ਇਕਾਈਆਂ ਦੀਆਂ ਮੀਟਿੰਗਾਂ ਕਰਕੇ 20 ਅਗਸਤ ਦੀ ਰੈਲੀ ਵਿੱਚ ਪਹੁੰਚਣ ਲਈ ਕੀਤੀ ਲਾਮਬੰਦੀ*
ਫਿਰੋਜ਼ਪੁਰ, 18 ਅਗਸਤ 2025 (ਸਿਟੀਜ਼ਨਜ਼ ਵੋਇਸ)
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜੋਨ ਮੱਖੂ ਦੀਆਂ ਸਾਰੀਆਂ ਹੀ ਇਕਾਈਆਂ ਦੀਆਂ ਮੀਟਿੰਗਾ ਕਰਕੇ KMM ਦੇ ਸੱਦੇ ਤੇ 20 ਅਗਸਤ ਨੂੰ ਲੈਂਡ ਪੂਲਿੰਗ ਪੋਲਿਸੀ ਦੇ ਵਿਰੋਧ ਵਿੱਚ ਪਿੰਡ ਕੁੱਕੜ (ਜਲੰਧਰ) ਵਿਖੇ ਹੋਣ ਵਾਲੀ :ਜ਼ਮੀਨ ਬਚਾਉ ,ਪਿੰਡ ਬਚਾਉ, ਪੰਜਾਬ ਬਚਾਓ: ਮਹਾਂ ਰੈਲੀ ਵਿੱਚ ਪਹੁੰਚਣ ਦਾ ਹੋਕਾ ਦਿੰਦਿਆਂ ਜੋਨ ਪ੍ਰਧਾਨ ਵੀਰ ਸਿੰਘ ਨਿਜਾਮਦੀਨ ਵਾਲਾ, ਜ਼ਿਲ੍ਹਾ ਪ੍ਰਧਾਨ ਇੰਦਰਜੀਤ ਸਿੰਘ ਬਾਠ, ਜੋਨ ਸਕੱਤਰ ਤੇ ਜ਼ਿਲ੍ਹਾ ਪ੍ਰੈਸ ਸਕੱਤਰ ਬਲਜਿੰਦਰ ਸਿੰਘ ਤਲਵੰਡੀ ਨਿਪਾਲਾਂ ਨੇ ਕਿਹਾ ਕਿ ਦਿੱਲੀ ਦੇ ਹੁਕਮਰਾਨਾਂ ਦੇ ਹੱਥਾਂ ਦੀ ਕੱਠਪੁਤਲੀ ਬਣ ਕੇ ਕੰਮ ਕਰ ਰਹੀ ਪੰਜਾਬ ਸਰਕਾਰ ਆਪਣੇ ਆਕਾਵਾਂ ਨੂੰ ਖੁਸ਼ ਕਰਨ ਤੇ ਪੰਜਾਬ ਦੀ ਜਮੀਨ ਤੇ ਕਾਰਪੋਰੇਟ ਜਗਤ ਦੇ ਕਬਜ਼ੇ ਕਰਵਾਉਣ ਲਈ ਇਹੋ ਜਿਹੀਆਂ ਲੋਕ ਵਿਰੋਧੀ ਪਾਲਿਸੀ ਨੀਤੀ ਲਿਆ ਰਹੀ ਹੈ, ਚਾਹੇ ਹੁਣ ਭਗਵੰਤ ਮਾਨ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਤੇ ਲੋਕਾਂ ਦੇ ਵਿਰੋਧ ਹੋਣ ਕਾਰਨ ਲੈਂਡ ਪੂਲਿੰਗ ਪੋਲਿਸੀ ਰੱਦ ਕਰਨ ਦਾ ਬਿਆਨ ਦਿੱਤਾ ਹੈ। ਪਰ ਹਾਲੇ ਤੱਕ ਇਸ ਕਾਨੂੰਨ ਨੂੰ ਪੂਰੀ ਤਰ੍ਹਾਂ ਰੱਦ ਕਰਨ ਦਾ ਅਮਲੀ ਜਾਮਾ ਨਹੀਂ ਪਹਿਨਾਇਆ। ਕਿਸਾਨ ਆਗੂਆਂ ਲਖਵਿੰਦਰ ਸਿੰਘ ਵਸਤੀ ਨਾਮਦੇਵ, ਸਾਹਿਬ ਸਿੰਘ ਤਲਵੰਡੀ ਤੇ ਬਲਕਾਰ ਸਿੰਘ ਸ਼ਾਮੇ ਵਾਲਾ ਨੇ ਅੱਗੇ ਦੱਸਿਆ ਕਿ ਜੋ ਸਰਕਾਰ ਵਲੋਂ ਬਿਜਲੀ ਦੇ ਨਿਜੀਕਰਨ ਤਹਿਤ ਸਮਾਰਟ ਚਿਪ ਵਾਲੇ ਪ੍ਰੀਪੇਡ ਮੀਟਰ ਲਗਾਉਣ ਦੇ ਜੋ ਬਿਆਨ ਦਿੱਤੇ ਜਾ ਰਹੇ ਹਨ, ਪਿੰਡਾਂ ਸ਼ਹਿਰਾਂ ਵਿੱਚ ਪੂਰਨ ਤੌਰ ਤੇ ਜਥੇਬੰਦੀ ਵਲੋਂ ਇਹਨਾਂ ਮੀਟਰਾਂ ਦਾ ਬਾਈਕਾਟ ਹੈ ਤੇ ਕਿਸੇ ਵੀ ਹਾਲਤ ਵਿੱਚ ਮੀਟਰ ਨਹੀਂ ਲੱਗਣ ਦਿੱਤੇ ਜਾਣਗੇ ਤੇ ਮਾਨ ਸਰਕਾਰ ਨੂੰ ਇਹ ਨੀਤੀ ਵੀ ਰੱਦ ਕਰਨੀ ਪਵੇਗੀ ਤੇ ਜੋ ਭਾਰਤ ਮਾਲਾ ਪ੍ਰੋਜੈਕਟ ਤਹਿਤ ਜ਼ਬਰ ਨਾਲ ਜ਼ਮੀਨਾਂ ਐਕਵਾਇਰ ਕਰਕੇ ਰੋਡ ਬਣਾਏ ਜਾ ਰਹੇ ਹਨ ਉਨ੍ਹਾਂ ਲਈ ਵੀ ਵੱਡੇ ਸੰਘਰਸ਼ਾਂ ਦਾ ਰੋਹ ਸਰਕਾਰ ਨੂੰ ਝੱਲਣਾ ਪਵੇਗਾ, ਦਫ਼ਤਰਾਂ ਵਿੱਚ ਭ੍ਰਿਸ਼ਟਾਚਾਰ ਦਾ ਜੋਬਨ ਸਿਖਰਾਂ ਤੇ ਚੱਲ ਰਿਹਾ ਹੈ ਤੇ ਆਮ ਲੋਕਾਂ ਦੀ ਕੋਈ ਵੀ ਸੁਣਵਾਈ ਨਹੀਂ ਹੈ।ਪਿੰਡਾਂ ਸ਼ਹਿਰਾਂ ਵਿੱਚ ਨਸ਼ੇ ਆਮ ਹੀ ਮਿਲ ਰਹੇ ਹਨ ਤੇ ਭਗਵੰਤ ਮਾਨ ਸਰਕਾਰ ਵੱਲੋਂ ਜੋ “ਯੁੱਧ ਨਸ਼ਿਆਂ ਵਿਰੁੱਧ ਮੁਹਿੰਮ” ਚਲਾਈ ਜਾ ਰਹੀ ਹੈ ਸਿਰਫ਼ ਵਿਖਾਵਾ ਹੀ ਸਾਬਿਤ ਹੋ ਰਹੀ ਹੈ। ਮੀਟਿੰਗਾਂ ਵਿੱਚ ਵੱਖ ਵੱਖ ਇਕਾਈਆਂ ਦੇ ਪ੍ਰਧਾਨ, ਸਕੱਤਰ ਤੇ ਹੋਰ ਆਗੂ ਸ਼ਾਮਲ ਸਨ।


