ਇੱਕੋ ਸਮੇਂ ਕਈ ਡਿਊਟੀਆਂ ਨਾਲ ਅਧਿਆਪਕ ਪਰੇਸ਼ਾਨ, ਡੀ.ਟੀ.ਐੱਫ. ਵੱਲੋਂ ਸਿੱਖਿਆ ਵਿਭਾਗ ‘ਤੇ ਨਿਸ਼ਾਨਾ
- 220 Views
- kakkar.news
- September 27, 2025
- Education Punjab
ਇੱਕੋ ਸਮੇਂ ਕਈ ਡਿਊਟੀਆਂ ਨਾਲ ਅਧਿਆਪਕ ਪਰੇਸ਼ਾਨ, ਡੀ.ਟੀ.ਐੱਫ. ਵੱਲੋਂ ਸਿੱਖਿਆ ਵਿਭਾਗ ‘ਤੇ ਨਿਸ਼ਾਨਾ
ਫ਼ਿਰੋਜ਼ਪੁਰ, 27 ਸਤੰਬਰ 2025 (ਅਨੁਜ ਕੱਕੜ ਟੀਨੂੰ)
ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਪੰਜਾਬ (ਡੀ.ਟੀ.ਐੱਫ.) ਦੇ ਸੂਬਾ ਪ੍ਰਧਾਨ ਵਿਕਰਮਦੇਵ ਸਿੰਘ, ਸੂਬਾ ਸਕੱਤਰ ਮਹਿੰਦਰ ਕੌੜਿਆਵਾਲੀ, ਵਿੱਤ ਸਕੱਤਰ ਅਸ਼ਵਨੀ ਅਵਸਥੀ ਅਤੇ ਜ਼ਿਲ੍ਹਾ ਪ੍ਰਧਾਨ ਮਲਕੀਤ ਸਿੰਘ ਹਰਾਜ ਨੇ ਸਿੱਖਿਆ ਵਿਭਾਗ ਵੱਲੋਂ ਅਧਿਆਪਕਾਂ ਨੂੰ ਇੱਕੋ ਸਮੇਂ ਵੱਖ-ਵੱਖ ਕੰਮਾਂ ਵਿੱਚ ਫਸਾਉਣ ਦੀ ਸਖ਼ਤ ਨਿਖੇਧੀ ਕੀਤੀ ਹੈ।
ਅਗੂਆਂ ਨੇ ਦੱਸਿਆ ਕਿ ਇਸ ਵੇਲੇ ਸੂਬੇ ਦੇ ਸਕੂਲਾਂ ਵਿੱਚ ਸਤੰਬਰ ਮਹੀਨੇ ਦੀਆਂ ਟਰਮ ਪ੍ਰੀਖਿਆਵਾਂ ਚੱਲ ਰਹੀਆਂ ਹਨ, ਜਦੋਂਕਿ ਸੋਮਵਾਰ ਤੋਂ ਪ੍ਰਾਇਮਰੀ ਸਕੂਲਾਂ ਦੀਆਂ ਖੇਡਾਂ ਵੀ ਸ਼ੁਰੂ ਹੋ ਰਹੀਆਂ ਹਨ। ਇਸਦੇ ਨਾਲ ਹੀ ਸਿੱਖਿਆ ਵਿਭਾਗ ਨੇ ਸਕੂਲ ਮੈਨੇਜਮੈਂਟ ਕਮੇਟੀਆਂ (ਐੱਸ.ਐੱਮ.ਸੀ.) ਦੀਆਂ ਟ੍ਰੇਨਿੰਗਾਂ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਭੰਬਲਭੂਸੇ ਵਿੱਚ ਹਨ ਕਿ ਖੇਡਾਂ ਵਿੱਚ ਵਿਦਿਆਰਥੀਆਂ ਨੂੰ ਸ਼ਾਮਲ ਕਰਵਾਇਆ ਜਾਵੇ, ਐੱਸ.ਐੱਮ.ਸੀ. ਟ੍ਰੇਨਿੰਗਾਂ ਵਿੱਚ ਭਾਗ ਲਿਆ ਜਾਵੇ ਜਾਂ ਚੋਣ ਕਮਿਸ਼ਨ ਵੱਲੋਂ ਦਿੱਤੀਆਂ ਬੀ.ਐੱਲ.ਓ. ਡਿਊਟੀਆਂ ਨਿਭਾਈਆਂ ਜਾਣ। ਯਾਦ ਰਹੇ ਕਿ ਵੱਡੀ ਗਿਣਤੀ ਵਿੱਚ ਅਧਿਆਪਕ ਪਹਿਲਾਂ ਹੀ ਵੋਟਰ ਸੂਚੀਆਂ ਦੀ ਸਪੈਸ਼ਲ ਇੰਟੈਂਸਿਵ ਰੀਵਿਜ਼ਨ ਵਿੱਚ ਬੀ.ਐੱਲ.ਓ. ਵਜੋਂ ਤਾਇਨਾਤ ਹਨ।
ਡੀ.ਟੀ.ਐੱਫ. ਦੇ ਆਗੂਆਂ ਨੇ ਦੋਸ਼ ਲਗਾਇਆ ਕਿ ਸਰਕਾਰ ਸਿੱਖਿਆ ਪ੍ਰਤੀ ਗੰਭੀਰ ਨਹੀਂ ਹੈ ਅਤੇ ਸਿਆਸੀ ਦਖ਼ਲ ਅੰਦਾਜ਼ੀ ਕਰਕੇ ਸਕੂਲ ਮੈਨੇਜਮੈਂਟ ਕਮੇਟੀਆਂ ਵਿੱਚ ਚਹੇਤੇ ਸ਼ਾਮਲ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਅਜਿਹੇ ਫ਼ੈਸਲੇ ਸਿੱਖਿਆ ਦੇ ਮਾਹੌਲ ਨੂੰ ਨੁਕਸਾਨ ਪਹੁੰਚਾ ਰਹੇ ਹਨ।
ਸੰਗਠਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਕੂਲਾਂ ਲਈ ਹਰੇਕ ਸਾਲ ਅਕਾਦਮਿਕ ਸੈਸ਼ਨ ਦੀ ਸ਼ੁਰੂਆਤ ‘ਤੇ ਸਪਸ਼ਟ ਵਿਦਿਅਕ ਅਤੇ ਖੇਡ ਕੈਲੰਡਰ ਜਾਰੀ ਕੀਤਾ ਜਾਵੇ ਅਤੇ ਅਧਿਆਪਕਾਂ ਉੱਤੇ ਇੱਕੋ ਸਮੇਂ ਸਿਰਫ਼ ਇੱਕ ਹੀ ਕੰਮ ਦੀ ਜ਼ਿੰਮੇਵਾਰੀ ਦਿੱਤੀ ਜਾਵੇ।
ਇਸ ਮੌਕੇ ਸਰਬਜੀਤ ਸਿੰਘ ਭਾਵੜਾ, ਦਵਿੰਦਰ ਨਾਥ, ਅਮਿਤ ਕੁਮਾਰ, ਗੁਰਵਿੰਦਰ ਸਿੰਘ ਖੋਸਾ, ਸੰਦੀਪ ਕੁਮਾਰ ਮੱਖੂ, ਗਗਨ ਮਿੱਤਲ, ਅਰਵਿੰਦ ਗਰਗ, ਇੰਦਰ ਸਿੰਘ ਸੰਧੂ, ਸਵਰਨ ਸਿੰਘ ਜੋਸਨ, ਨਰਿੰਦਰ ਸਿੰਘ ਜੰਮੂ, ਮਨੋਜ ਕੁਮਾਰ, ਦਰਸ਼ਨ ਲਾਲ, ਸੁਧੀਰ ਕੁਮਾਰ, ਸੁਭਾਸ ਚੰਦਰ ਆਦਿ ਹਾਜ਼ਰ ਸਨ।



- October 15, 2025