ਨਸ਼ੇ ਦੇ ਧੰਦੇ ‘ਤੇ ਵੱਡਾ ਵਾਰ, ਫਿਰੋਜ਼ਪੁਰ ਪੁਲਿਸ ਨੇ ਮੈਡੀਕਲ ਸ਼ਾਪੋਂ 7 ਲੱਖ ਤੋਂ ਵੱਧ ਗੋਲੀਆਂ ਫੜੀਆਂ
- 145 Views
- kakkar.news
- October 2, 2025
- Punjab
ਨਸ਼ੇ ਦੇ ਧੰਦੇ ‘ਤੇ ਵੱਡਾ ਵਾਰ, ਫਿਰੋਜ਼ਪੁਰ ਪੁਲਿਸ ਨੇ ਮੈਡੀਕਲ ਸ਼ਾਪੋਂ 7 ਲੱਖ ਤੋਂ ਵੱਧ ਗੋਲੀਆਂ ਫੜੀਆਂ
ਫਿਰੋਜ਼ਪੁਰ ਵਿੱਚ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲਾਂ ਦੀ ਵੱਡੀ ਖੇਪ ਬਰਾਮਦ, ਮੈਡੀਕਲ ਸ਼ਾਪ ‘ਤੇ ਛਾਪੇਮਾਰੀ
ਫਿਰੋਜ਼ਪੁਰ 2 ਅਕਤੂਬਰ 2025 ( ਅਨੁਜ ਕੱਕੜ ਟੀਨੂੰ )
ਨਸ਼ੇ ਦੇ ਖ਼ਿਲਾਫ਼ ਵੱਡੀ ਕਾਰਵਾਈ ਕਰਦਿਆਂ, ਅੱਜ ਫਿਰੋਜ਼ਪੁਰ ਪੁਲਿਸ ਅਤੇ ਮੈਡੀਕਲ ਟੀਮ ਨੇ ਮੁਲਤਾਨੀ ਗੇਟ ਅੰਦਰ ਸਥਿਤ ਖੁਰਾਨਾ ਮੈਡੀਕਲ ਹੋਲਸੇਲਰ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਪੁਲਿਸ ਨੂੰ ਲੱਖਾਂ ਦੀ ਗਿਣਤੀ ਵਿੱਚ ਸਰਕਾਰ ਵੱਲੋਂ ਬੈਨ ਕੀਤੀਆਂ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਹੋਏ।
ਐਸਐਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਰੇਡ ਦੌਰਾਨ ਪੁਲਿਸ ਨੂੰ ਇੱਕ ਲੱਖ 17 ਹਜ਼ਾਰ ਪ੍ਰੀ ਗੈਬਲੀਨ ਕੈਪਸੂਲ ਅਤੇ ਕਰੀਬ 7 ਲੱਖ ਟਪੈਂਟਾ ਡੋਲ ਗੋਲੀਆਂ ਮਿਲੀਆਂ। ਇਸ ਤੋਂ ਇਲਾਵਾ, ਸ਼ਾਪ ਮਾਲਕ ਦੇ ਘਰੋਂ ਤਲਾਸ਼ੀ ਦੌਰਾਨ 2,79,000 ਰੁਪਏ ਨਕਦ, 300 ਪ੍ਰੀ ਗੈਬਲੀਨ ਕੈਪਸੂਲ ਅਤੇ ਇੱਕ ਨੋਟ ਗਿਣਨ ਵਾਲੀ ਮਸ਼ੀਨ ਵੀ ਬਰਾਮਦ ਕੀਤੀ ਗਈ।
ਦੁਕਾਨ ਦਾ ਮਾਲਕ ਛਾਪੇ ਦੌਰਾਨ ਫਰਾਰ ਹੋ ਗਿਆ ਅਤੇ ਉਸ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਥਾਵਾਂ ‘ਤੇ ਰੇਡ ਕੀਤੇ ਜਾ ਰਹੇ ਹਨ। ਇਸ ਕਾਰਵਾਈ ਵਿੱਚ ਡੀਐਸਪੀ ਸਿਟੀ, ਐਸਐਚਓ ਸਿਟੀ ਅਤੇ ਡੀਐਸਪੀ ਡੀ ਖ਼ੁਦ ਮੌਜੂਦ ਸਨ।
ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ ਦੀ ਇੱਕ ਵੱਡੀ ਖੇਪ ਦੇ ਨਾਲ ਇੱਕ ਨਕਦੀ ਗਿਣਤੀ ਮਸ਼ੀਨ ਦੀ ਬਰਾਮਦਗੀ ਗੈਰ-ਕਾਨੂੰਨੀ ਕਾਰਵਾਈ ਦੇ ਪੈਮਾਨੇ ਬਾਰੇ ਬਹੁਤ ਕੁਝ ਦੱਸਦੀ ਹੈ – ਇੰਨੀ ਵੱਡੀ ਕਿ ਡਰੱਗ ਮਨੀ ਦਾ ਪ੍ਰਬੰਧਨ ਕਰਨ ਲਈ ਮਸ਼ੀਨਰੀ ਦੀ ਲੋੜ ਸੀ।
ਐਸਐਸਪੀ ਨੇ ਚੇਤਾਵਨੀ ਜਾਰੀ ਕਰਦਿਆਂ ਕਿਹਾ ਕਿ ਨਸ਼ੇ ਦੇ ਕਾਰੋਬਾਰ ਵਿੱਚ ਸ਼ਾਮਿਲ ਕਿਸੇ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ। ਜਿਹੜੇ ਵੀ ਵਿਅਕਤੀ ਇਸ ਗੈਰਕਾਨੂੰਨੀ ਧੰਦੇ ਵਿੱਚ ਲਿਪਤ ਹਨ, ਉਹਨਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਉਨ੍ਹਾਂ ਨੂੰ ਸਲਾਖਾਂ ਪਿੱਛੇ ਭੇਜਣ ਵਿੱਚ ਕੋਈ ਗੁਰੇਜ਼ ਨਹੀਂ ਕੀਤਾ ਜਾਵੇਗਾ।


