ਸਿਹਤ ਵਿਭਾਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕਿਆ) ਵਿਖੇ ਮਨਾਇਆ ਗਿਆ ਸਿਹਤ ਜਾਗਰੂਕਤਾ ਸਪਤਾਹ, ਜ਼ੋਨੋਸਿਸ ਦੀ ਬਿਮਾਰੀ ਬਾਰੇ ਕੀਤਾ ਗਿਆ ਜਾਗਰੂਕ
- 67 Views
- kakkar.news
- November 10, 2025
- Punjab
ਸਿਹਤ ਵਿਭਾਗ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕਿਆ) ਵਿਖੇ ਮਨਾਇਆ ਗਿਆ ਸਿਹਤ ਜਾਗਰੂਕਤਾ ਸਪਤਾਹ, ਜ਼ੋਨੋਸਿਸ ਦੀ ਬਿਮਾਰੀ ਬਾਰੇ ਕੀਤਾ ਗਿਆ ਜਾਗਰੂਕ
ਫ਼ਿਰੋਜ਼ਪੁਰ 10 ਨਵੰਬਰ 2025 (ਸਿਟੀਜਨਜ਼ ਵੋਇਸ)
ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਰਾਜਵਿੰਦਰ ਕੌਰ ਸਿਵਲ ਸਰਜਨ ਦੀ ਅਗਵਾਈ ਵਿੱਚ ਜ਼ਿਲ੍ਹਾ ਸਿਹਤ ਵਿਭਾਗ ਫ਼ਿਰੋਜ਼ਪੁਰ ਦੇ ਮਾਸ ਮੀਡੀਆ ਵਿੰਗ ਵਲੋ ਵਿਸ਼ਵ ਸਿਹਤ ਦਿਵਸ ਤਹਿਤ ਮਨਾਏ ਜਾ ਰਹੇ ਜਾਗਰੂਕਤਾ ਸਪਤਾਹ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕਿਆ) ਵਿਖੇ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਜ਼ੋਨੋਸਿਸ ਦੀ ਬਿਮਾਰੀ ਸਮੇਤ ਚੰਗੀ ਸਿਹਤ ਬਾਰੇ ਕਈ ਨੁਕਤੇ ਸਾਂਝੇ ਕੀਤੇ ਗਏ। ਜ਼ਿਲ੍ਹਾ ਪੱਧਰੀ ਜਾਗਰੂਕਤਾ ਸਮਾਗਮ ਵਿੱਚ ਬੋਲਦਿਆ ਅੰਕੁਸ਼ ਭੰਡਾਰੀ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਨੇ ਦੱਸਿਆ ਕਿ ਇਹ ਹਫ਼ਤਾ ਮਨਾਉਣ ਦਾ ਮਕਸਦ ਜਾਨਵਰਾਂ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਜਿਵੇਂ ਹਲਕਾਅ, ਸਵਾਇਨ ਫਲੂ, ਜਾਪਾਨੀ ਇਨਸਫ਼ਲਾਈਟਸ, ਬਰਡ ਫਲੂ, ਲੈਪਟੋਸਪਾਈਰੋਸਿਸ ਤੋਂ ਬਚਣ ਲਈ ਆਮ ਲੋਕਾਂ ਨੂੰ ਜਾਗਰੂਕ ਕਰਨਾ ਹੈ। ਇਨ੍ਹਾਂ ਬਿਮਾਰੀਆਂ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਬਿਮਾਰੀਆਂ ਹਨ ਜੋ ਜਾਨਵਰਾਂ ਤੋਂ ਇਨਸਾਨਾਂ ਵਿੱਚ ਫੈਲਦੀਆਂ ਹਨ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ ਵਿੱਚ ਹਲਕਾਅ (ਰੇਬੀਜ਼) ਦੀ ਬਿਮਾਰੀ ਆਮ ਪ੍ਰਚੱਲਿਤ ਹੈ। ਜੋ ਕਿ ਹਲਕੇ ਕੁੱਤੇ ਦੇ ਕੱਟਣ ਨਾਲ ਮਨੁੱਖ ਨੂੰ ਹੋ ਸਕਦੀ ਹੈ, ਪਰ ਇਹ ਬਿਮਾਰੀ ਖ਼ਰਗੋਸ਼, ਬਿੱਲੀ, ਨਿਓਲਾ, ਗਿੱਦੜ ਤੇ ਹੋਰ ਜਾਨਵਾਰਾਂ ਦੇ ਕੱਟਣ ਨਾਲ ਵੀ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਇਕ ਸਮੇ ਕੁੱਤੇ ਤੁਹਾਡੇ ਦੋਸਤ ਹੋ ਸਕਦੇ ਹਨ ਪਰ ਜਦੋਂ ਇਨ੍ਹਾਂ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਤੁਹਾਨੂੰ ਕੱਟ ਵੀ ਸਕਦੇ ਹਨ। ਇਸ ਲਈ ਇਨ੍ਹਾਂ ਤੋਂ ਬਚਣਾ ਚਾਹੀਦਾ ਹੈ ਅਤੇ ਜੇਕਰ ਕੁੱਤਾ ਕੱਟ ਜਾਂਦਾ ਹੈ ਤਾਂ ਜਖਮ ਨੂੰ ਤੁਰੰਤ ਚਲਦੇ ਪਾਣੀ ਅਤੇ ਸਾਬਣ ਨਾਲ ਧੋਵੋ, ਮੌਕੇ ਤੇ ਉਪਲਬਧ ਡਿਸਇਨਫੈਕਟੈਂਟ ਲਗਾਓ ਅਤੇ ਮੁੱਢਲੀ ਸਹਾਇਤਾ ਲਈ ਮਾਹਿਰ ਡਾਕਟਰ ਕੋਲ ਸਿਹਤ ਕੇਂਦਰ ਜਾਓ ਅਤੇ ਐਂਟੀ ਰੇਬੀਜ਼ ਦੇ ਟੀਕੇ ਲਗਵਾਓ। ਉਨ੍ਹਾਂ ਕਿਹਾ ਕਿ ਕੁੱਤੇ ਨੂੰ ਪਿਆਰ ਨਾਲ ਰੱਖੋ, ਕਦੇ ਵੀ ਤੰਗ ਪ੍ਰੇਸ਼ਾਨ ਨਾ ਕਰੋ। ਉਨ੍ਹਾਂ ਕਿਹਾ ਕਿ ਆਪਣੇ ਪਾਲਤੂ ਜਾਨਵਰਾਂ ਨੂੰ 3 ਮਹੀਨਿਆਂ ਦੀ ਉਮਰ ਤੇ ਹਲਕਾਅ ਦਾ ਟੀਕਾ ਸ਼ੁਰੂ ਕਰਕੇ ਹਰ ਸਾਲ ਹਲਕਾਅ ਵਿਰੁੱਧ ਟੀਕਾਕਰਣ ਜ਼ਰੂਰ ਕਰਵਾਓ।
ਇਸ ਮੌਕੇ ਅਮਰਜੀਤ ਬਲਾਕ ਐਸ.ਆਈ ਨੇ ਕਿਹਾ ਕਿ ਜਾਨਵਰਾਂ ਦੇ ਵੱਢੇ/ਕੱਟੇ/ਝਰੀਟਾਂ/ਜਖਮਾਂ ਨੂੰ ਨਜ਼ਰਅੰਦਾਜ਼ ਨਾ ਕਰੋ, ਜਖਮਾਂ ਤੇ ਮਿਰਚਾਂ, ਸਰੋਂ ਦਾ ਤੇਲ ਜਾਂ ਇਸ ਤਰ੍ਹਾਂ ਦੇ ਹੋਰ ਪਦਾਰਥ ਨਾ ਲਗਾਓ, ਜਖਮ ਨੂੰ ਟਾਂਕੇ ਨਾ ਲਗਾਓ ਅਤੇ ਨਾ ਹੀ ਪੱਟੀ ਬੰਨੋ। ਆਪਣੇ ਬੱਚਿਆਂ ਨੂੰ ਆਵਾਰਾ ਜਾਨਵਰਾਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰੋ ਅਤੇ ਅੰਧ ਵਿਸ਼ਵਾਸ਼ਾਂ ਤੋਂ ਬਚੋ। ਆਪਣੇ ਪਾਲਤੂ ਜਾਨਵਰਾਂ ਨੂੰ ਜਨਤਕ ਜਾਂ ਖੁੱਲੀਆਂ ਥਾਵਾਂ ਤੇ ਖੁੱਲਾ ਨਾ ਛੱਡੋ। ਆਪਣੇ ਪਸ਼ੂਆਂ ਨੂੰ ਡੀਲ ਕਰਨ ਤੋਂ ਤੁਰੰਤ ਬਾਅਦ ਹੱਥਾਂ ਨੂੰ ਚੰਗੀ ਤਰ੍ਹਾਂ ਸਾਬਨ ਨਾਲ ਧੋਣਾ ਚਾਹੀਦਾ ਹੈ ਤਾਂ ਜੋ ਆਪਾਂ ਆਪਣੇ ਆਪ ਅਤੇ ਆਪਣੇ ਪਰਿਵਾਰ ਨੂੰ ਇਨ੍ਹਾਂ ਬਿਮਾਰੀਆਂ ਤੋ ਬਚਾਅ ਸਕੀਏ। ਇਸ ਤੋਂ ਇਲਾਵਾ ਮੱਛਰਾਂ, ਮੁਰਗਿਆਂ ਤੋਂ ਵੀ ਖੁਦ ਨੂੰ ਅਤੇ ਆਪਣੇ ਪਰਿਵਾਰ ਨੂੰ ਬਚਾਅ ਕੇ ਰੱਖੋ। ਉਨ੍ਹਾਂ ਵੱਲੋਂ ਸਵਾਇਨ ਫਲੂ, ਬਰਡ ਫਲੂ, ਜਾਪਾਨੀਜ਼ ਇਨਸਫਲਾਈਟਿਸ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਇਸ ਮੌਕੇ ਸਕੂਲ ਪ੍ਰਿੰਸੀਪਲ ਰਾਕੇਸ਼ ਗਰੋਵਰ, ਸੀਨੀਅਰ ਲੈਕਚਰਾਰ ਲਖਵਿੰਦਰ ਸਿੰਘ, ਸਕੂਲ ਅਧਿਆਪਕ ਰਾਜੀਵ ਹਾਂਡਾ, ਮੈਡਮ ਹਰਲੀਨ, ਮੈਡਮ ਮੋਨਿਕਾ, ਮੈਡਮ ਨਵਪ੍ਰੀਤ, ਮੈਡਮ ਰਮਨਦੀਪ, ਮੈਡਮ ਕਵਿਤਾ ਹਾਜ਼ਰ ਸਨ ।
