ਸਰਫੇਸ ਸੀਡਰ ਤਕਨੀਕ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਇੱਕ ਸੁਖਾਲੀ ਅਤੇ ਘੱਟ ਖਰਚ ਵਾਲੀ ਵਿਧੀ – ਡਾ. ਗੁਰਮੇਲ ਸਿੰਘ
- kakkar.news
- November 3, 2026
- Agriculture Punjab
ਸਰਫੇਸ ਸੀਡਰ ਤਕਨੀਕ ਝੋਨੇ ਦੀ ਪਰਾਲੀ ਦੀ ਸੰਭਾਲ ਲਈ ਇੱਕ ਸੁਖਾਲੀ ਅਤੇ ਘੱਟ ਖਰਚ ਵਾਲੀ ਵਿਧੀ – ਡਾ. ਗੁਰਮੇਲ ਸਿੰਘ
ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਸਰਫੇਸ ਸੀਡਰ ਤਕਨੀਕ ਨਾਲ ਕਣਕ ਦੀ ਬਿਜਾਈ ਕਰਨ ਦੀ ਕੀਤੀ ਅਪੀਲ
ਫ਼ਿਰੋਜ਼ਪੁਰ, 3 ਨਵੰਬਰ 2026 (ਅਨੁਜ ਕੱਕੜ ਟੀਨੂੰ)
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਫ਼ਿਰੋਜ਼ਪੁਰ ਦੀ ਟੀਮ ਵੱਲੋਂ ਝੋਨੇ ਦੀ ਪਰਾਲੀ ਨੂੰ ਬਿਨਾਂ ਸਾੜੇ ਅਤੇ ਬਿਨਾਂ ਖੇਤ ਵਾਹੇ ਕਣਕ ਦੀ ਬਿਜਾਈ ਕਰਨ ਲਈ ‘ਸਰਫੇਸ ਸੀਡਰ’ ਤਕਨੀਕ ਨੂੰ ਅਪਣਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਡਾ. ਗੁਰਮੇਲ ਸਿੰਘ, ਡਿਪਟੀ ਡਾਇਰੈਕਟਰ (ਟ੍ਰੇਨਿੰਗ), ਕੇ.ਵੀ.ਕੇ. ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਰਫੇਸ ਸੀਡਰ ਤਕਨੀਕ ਪਰਾਲੀ ਪ੍ਰਬੰਧਨ ਲਈ ਇੱਕ ਬਹੁਤ ਹੀ ਵਧੀਆ, ਘੱਟ ਖਰਚ ਵਾਲੀ ਅਤੇ ਆਸਾਨ ਤਕਨੀਕ ਹੈ। ਇਹ ਮਸ਼ੀਨ ਇੱਕੋ ਸਮੇਂ ਬੀਜ ਅਤੇ ਖਾਦ ਖੇਤ ਵਿੱਚ ਪਾ ਕੇ ਝੋਨੇ ਦੇ ਖੜ੍ਹੇ ਕਰਚਿਆਂ (4 ਤੋਂ 5 ਇੰਚ) ਨੂੰ ਕੱਟ ਕੇ ਪਰਾਲੀ ਦੀ ਇਕਸਾਰ ਮਲਚ (ਬੀਜ ਢਕਣ ਲਈ ਅਤੇ ਨਮੀ ਬਰਕਰਾਰ ਰੱਖਣ ਲਈ ਤਹਿ) ਬਣਾ ਦਿੰਦੀ ਹੈ। ਇਸ ਨਾਲ ਨਦੀਨਾਂ ਦੀ ਰੋਕਥਾਮ ਹੁੰਦੀ ਹੈ, ਜ਼ਮੀਨ ਦਾ ਤਾਪਮਾਨ ਅਨੁਕੂਲ ਰਹਿੰਦਾ ਹੈ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਵਿੱਚ ਸੁਧਾਰ ਹੁੰਦਾ ਹੈ। ਇਹ ਮਸ਼ੀਨ 45 ਹਾਰਸ ਪਾਵਰ ਦੇ ਟਰੈਕਟਰ ਨਾਲ ਆਸਾਨੀ ਨਾਲ ਚੱਲਦੀ ਹੈ ਅਤੇ ਮਹਿਜ਼ 700 ਤੋਂ 800 ਰੁਪਏ ਪ੍ਰਤੀ ਏਕੜ ਦੇ ਖਰਚੇ ਨਾਲ ਇੱਕ ਘੰਟੇ ਵਿੱਚ 1.5 ਏਕੜ ਬਿਜਾਈ ਕਰ ਸਕਦੀ ਹੈ।
ਉਨ੍ਹਾਂ ਕਿਹਾ ਕਿ ਇਸ ਮਸ਼ੀਨ ਨਾਲ ਬਿਜਾਈ ਸਮੇਂ ਟਰੈਕਟਰ 1000-1200 ਆਰ.ਪੀ.ਐੱਮ. ‘ਤੇ ਰੱਖਣ ਨਾਲ ਬਿਜਾਈ ਅਤੇ ਪਰਾਲੀ ਦੀ ਤਹਿ ਇਕਸਾਰ ਹੁੰਦੀ ਹੈ। ਵਿਗਿਆਨੀਆਂ ਨੇ ਕਿਸਾਨਾਂ ਨੂੰ ਖੁਸ਼ਕ ਖੇਤ ਵਿੱਚ ਸਰਫੇਸ ਸੀਡਰ ਨਾਲ ਬਿਜਾਈ ਕਰਕੇ ਬਿਜਾਈ ਤੋਂ ਤੁਰੰਤ ਬਾਅਦ ਹਲਕਾ ਪਾਣੀ ਲਾਉਣ ਅਤੇ ਹੋਰ ਸਿਫ਼ਾਰਸ਼ਾਂ ਅਪਨਾਉਣ ਦੀ ਸਲਾਹ ਦਿੱਤੀ। ਬਿਜਾਈ ਲਈ 45 ਕਿੱਲੋ ਬੀਜ ਅਤੇ 65 ਕਿੱਲੋ ਖਾਦ ਵਰਤਣੀ ਚਾਹੀਦੀ ਹੈ ਅਤੇ ਜ਼ਿਆਦਾ ਭਾਰੀਆਂ ਜ਼ਮੀਨਾਂ ਵਿੱਚ ਸਰਫੇਸ ਸੀਡਰ ਦੀ ਬਜਾਏ ਹੋਰ ਮਸ਼ੀਨਾਂ ਨਾਲ ਪਰਾਲੀ ਦੀ ਸੰਭਾਲ ਕਰਨੀ ਚਾਹੀਦੀ ਹੈ।
ਇਸੇ ਵਿਧੀ ਨਾਲ ਕਣਕ ਦੀ ਬਿਜਾਈ ਕਰ ਰਹੇ ਪਿੰਡ ਕਟੋਰਾ ਦੇ ਅਗਾਂਹਵਧੂ ਕਿਸਾਨ ਸ. ਪ੍ਰਿਤਪਾਲ ਸਿੰਘ ਦੇ ਖੇਤ ਦਾ 3 ਨਵੰਬਰ 2026 ਨੂੰ ਪੀ.ਏ.ਯੂ.-ਕੇ.ਵੀ.ਕੇ. ਫਿਰੋਜ਼ਪੁਰ ਦੀ ਟੀਮ ਵੱਲੋਂ ਦੌਰਾ ਕੀਤਾ ਗਿਆ ਅਤੇ 7 ਏਕੜ ਰਕਬੇ ਵਿੱਚ ਸਰਫੇਸ ਸੀਡਰ ਨਾਲ ਪਰਾਲੀ ਪ੍ਰਬੰਧਨ ਅਤੇ ਕਣਕ ਦੀ ਬਿਜਾਈ ਦਾ ਪ੍ਰਦਰਸ਼ਨੀ ਪਲਾਟ ਲਗਾਇਆ ਗਿਆ। ਇਸ ਦੌਰੇ ਦੌਰਾਨ ਡਾ. ਗੁਰਮੇਲ ਸਿੰਘ ਨੇ ਸ. ਪ੍ਰਿਤਪਾਲ ਸਿੰਘ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਇਲਾਕੇ ਦੇ ਹੋਰਨਾਂ ਘੱਟ ਹਾਰਸ ਪਾਵਰ ਵਾਲੇ ਟਰੈਕਟਰ ਵਾਲੇ ਛੋਟੇ ਕਿਸਾਨਾਂ ਨੂੰ ਵੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਸਰਫੇਸ ਸੀਡਰ ਤਕਨੀਕ ਨਾਲ ਕਣਕ ਦੀ ਬਿਜਾਈ ਕਰਨ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਹਨਾਂ ਸੁਪਰ ਸੀਡਰ, ਸਮਾਰਟ ਸੀਡਰ, ਮਲਚਰ ਅਤੇ ਪਲੋਅ ਦੀ ਵਰਤੋਂ ਕਰਕੇ ਪਰਾਲੀ ਖੇਤ ਵਿੱਚ ਸੰਭਾਲਣ ਬਾਰੇ ਵੀ ਜਾਣਕਾਰੀ ਦਿੱਤੀ।
