ਫਿਰੋਜ਼ਪੁਰ 19 ਨਵੰਬਰ 2025 (ਅਨੁਜ ਕੱਕੜ ਟੀਨੂੰ)
ਡੀਏਵੀ ਕਾਲਜ ਫਾਰ ਵਿਮੈਨ ਫਿਰੋਜ਼ਪੁਰ ਛਾਵਨੀ ਵਿੱਚ ਪੰਜਾਬੀ ਮਾਹ 2025 ਨੂੰ ਸਮਰਪਿਤ ਇੱਕ ਮਹੱਤਵਪੂਰਨ ਲੈਕਚਰ ਦਾ ਆਯੋਜਨ ਕੀਤਾ ਗਿਆ। ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਵੱਲੋਂ ਕਰਵਾਏ ਗਏ ਇਸ ਲੈਕਚਰ ਵਿਚ ਮੁੱਖ ਬੁਲਾਰੇ ਵਜੋਂ ਜ਼ਿਲ੍ਹਾ ਭਾਸ਼ਾ ਅਫਸਰ ਡਾ. ਜਗਦੀਪ ਸਿੰਘ ਸੰਧੂ ਨੇ ਹਾਜ਼ਰੀ ਭਰੀ।
ਕਾਲਜ ਦੀ ਪ੍ਰਿੰਸੀਪਲ ਡਾ. ਸੀਮਾ ਅਰੋੜਾ ਨੇ ਡਾ. ਜਗਦੀਪ ਸਿੰਘ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਉਹਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਪੰਜਾਬੀ ਮਾਂ-ਬੋਲੀ ਦੀ ਸੇਵਾ ਅਤੇ ਭਾਸ਼ਾ-ਸਾਹਿਤ ਪ੍ਰਤੀ ਉਹਨਾਂ ਦੇ ਯੋਗਦਾਨ ਦੀ ਸਰਾਹਨਾ ਕੀਤੀ।
ਡਾ. ਸੰਧੂ ਨੇ ਆਪਣੇ ਲੈਕਚਰ ਦੀ ਸ਼ੁਰੂਆਤ ਵਿਦਿਆਰਥਣਾਂ ਨੂੰ ਸ਼ਬਦਾਂ ਅਤੇ ਸਾਹਿਤ ਦੇ ਰਿਸ਼ਤੇ ਨਾਲ ਜੋੜਦਿਆਂ ਕੀਤੀ। ਉਹਨਾਂ ਨੇ ਆਦਿ ਕਾਲ ਤੋਂ ਸਮਕਾਲੀ ਪੰਜਾਬੀ ਸਾਹਿਤ ਤੱਕ ਦੀ ਯਾਤਰਾ ਨੂੰ ਦਿਲਚਸਪ ਢੰਗ ਨਾਲ ਪ੍ਰਸਤੁਤ ਕੀਤਾ। ਸਮਾਜਿਕ ਘਟਨਾਵਾਂ ਦੇ ਪ੍ਰਤੀਕਰਮ, ਭਾਸ਼ਾਈ ਬਦਲਾਅ ਅਤੇ ਆਧੁਨਿਕ ਸੰਦਰਭ ਵਿੱਚ ਪੰਜਾਬੀ ਸਾਹਿਤ ਦੀ ਭੂਮਿਕਾ ਉੱਤੇ ਵੀ ਉਹਨਾਂ ਨੇ ਵਿਸਥਾਰਪੂਰਵਕ ਚਰਚਾ ਕੀਤੀ। ਉਹਨਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਸਾਹਿਤ ਨਾਲ ਜੁੜ ਕੇ ਹੀ ਅਸੀਂ ਅਰਥਪੂਰਨ ਅਤੇ ਉਸਾਰੂ ਜੀਵਨ ਜੀ ਸਕਦੇ ਹਾਂ।
ਮੰਚ ਦਾ ਸੰਚਾਲਨ ਪੰਜਾਬੀ ਵਿਭਾਗ ਦੀ ਮੁਖੀ ਡਾ. ਅੰਮ੍ਰਿਤਪਾਲ ਕੌਰ ਸੰਧੂ ਵੱਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ। ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਨੇ ਅਧਿਆਪਕਾਂ ਅਤੇ ਵਿਦਿਆਰਥਣਾਂ ਦਾ ਖਾਸ ਧਿਆਨ ਖਿੱਚਿਆ।
ਪੰਜਾਬ ਭਾਸ਼ਾ ਵਿਭਾਗ ਦੀ ਮੁਹਿੰਮ ‘ਪੁਸਤਕ ਦਾਨ – ਮਹਾਂ ਦਾਨ’ ਤਹਿਤ ਡਾ. ਅੰਮ੍ਰਿਤਪਾਲ ਕੌਰ ਸੰਧੂ ਨੇ 50 ਪੁਸਤਕਾਂ ਦਾਨ ਕਰ ਕੇ ਮੁਹਿੰਮ ਨੂੰ ਹੋਰ ਮਜ਼ਬੂਤੀ بخਸ਼ੀ। ਪ੍ਰੋਗਰਾਮ ਵਿੱਚ ਪੰਜਾਬੀ ਵਿਭਾਗ ਦੇ ਅਧਿਆਪਕ ਅਤੇ ਲਗਭਗ 40 ਵਿਦਿਆਰਥਣਾਂ ਨੇ ਹਾਜ਼ਰੀ ਭਰੀ।
ਇਸ ਲੈਕਚਰ ਨੇ ਵਿਦਿਆਰਥਣਾਂ ਵਿੱਚ ਪੰਜਾਬੀ ਭਾਸ਼ਾ ਅਤੇ ਸਾਹਿਤ ਪ੍ਰਤੀ ਨਵੀਂ ਰੁਚੀ ਅਤੇ ਜਾਗਰੂਕਤਾ ਪੈਦਾ ਕੀਤੀ।
