ਤੰਨੂ ਮੈਡੀਕੋਜ਼, ਲੱਖੋ ਕੇ ਬਹਿਰਾਮ ਅਤੇ ਗਗਨ ਮੈਡੀਕੋਜ਼ ਦਾ ਲਾਇਸੈਂਸ ਜੋਨਲ ਲਾਇਸੈਂਸਿੰਗ ਅਥਾਰਟੀ ਵੱਲੋਂ ਕੀਤਾ ਰੱਦ
- 88 Views
- kakkar.news
- November 27, 2025
- Crime Punjab
ਤੰਨੂ ਮੈਡੀਕੋਜ਼, ਲੱਖੋ ਕੇ ਬਹਿਰਾਮ ਅਤੇ ਗਗਨ ਮੈਡੀਕੋਜ਼ ਦਾ ਲਾਇਸੈਂਸ ਜੋਨਲ ਲਾਇਸੈਂਸਿੰਗ ਅਥਾਰਟੀ ਵੱਲੋਂ ਕੀਤਾ ਰੱਦ
ਫ਼ਿਰੋਜ਼ਪੁਰ, 27 ਨਵੰਬਰ 2025 (ਸਿਟੀਜਨਜ਼ ਵੋਇਸ)
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਸ਼ੇ ਖ਼ਿਲਾਫ਼ ਚਲ ਰਹੀ ਮੁਹਿੰਮ ਅਧੀਨ ਫ਼ਿਰੋਜ਼ਪੁਰ ‘ਚ ਵੱਡੀ ਕਾਰਵਾਈ ਕੀਤੀ ਗਈ ਹੈ। ਡਰੱਗ ਕੰਟਰੋਲ ਅਫ਼ਸਰ ਸੋਨੀਆ ਗੁਪਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਡਿਪਟੀ ਕਮਿਸ਼ਨਰ–ਕਮ–ਜ਼ਿਲ੍ਹਾ ਮੈਜਿਸਟ੍ਰੇਟ ਦੇ ਹੁਕਮਾਂ ਦੀ ਉਲੰਘਣਾ ਅਤੇ ਦਵਾਈਆਂ ਦੀ ਗੈਰ-ਕਾਨੂੰਨੀ ਸਟਾਕਿੰਗ ਦੇ ਮਾਮਲੇ ਵਿਚ ਜੀਰਾ ਬੱਸ ਅੱਡੇ ਸਾਹਮਣੇ ਸਥਿਤ ਮੈਸ. ਗਗਨ ਮੈਡੀਕੋਜ਼ ਨੂੰ ਤੁਰੰਤ ਪ੍ਰਭਾਵ ਨਾਲ ਸੀਲ ਕਰ ਦਿੱਤਾ ਗਿਆ ਹੈ। ਜੋਨਲ ਲਾਇਸੈਂਸਿੰਗ ਅਥਾਰਟੀ ਫ਼ਿਰੋਜ਼ਪੁਰ ਦੇ ਸ਼੍ਰੀ ਲਖਵੰਤ ਸਿੰਘ ਵੱਲੋਂ ਇਸ ਮੈਡੀਕਲ ਸਟੋਰ ਦਾ ਲਾਇਸੈਂਸ ਵੀ ਰੱਦ ਕਰ ਦਿੱਤਾ ਗਿਆ ਹੈ।
ਸੋਨੀਆ ਗੁਪਤਾ ਨੇ ਦੱਸਿਆ ਕਿ 3 ਅਕਤੂਬਰ ਨੂੰ ਕੀਤੀ ਗਈ ਜਾਂਚ ਦੌਰਾਨ ਦੁਕਾਨ ਵਿਚੋਂ 1780 ਪੀਸ ਪ੍ਰੈਗਾਬਾਲਿਨ 300 ਮਿ.ਗ੍ਰਾ. ਕੈਪਸੂਲ ਅਤੇ 570 ਟੈਪੈਂਟਾਡੋਲ ਗੋਲੀਆਂ ਬਿਨਾਂ ਖਰੀਦ ਬਿੱਲਾਂ ਦੇ ਬਰਾਮਦ ਹੋਈਆਂ। ਇਹ ਦਵਾਈਆਂ ਮਿਲਾ ਕੇ ਕੁੱਲ ਕੀਮਤ ਤਕਰੀਬਨ ₹67,720 ਬਣਦੀ ਹੈ। ਮਾਲਕ ਵੱਲੋਂ ਖਰੀਦ ਬਿੱਲਾਂ ਪੇਸ਼ ਨਾ ਕਰਨ ਅਤੇ ਨਿਯਮਾਂ ਦੀ ਸਪੱਸ਼ਟ ਉਲੰਘਣਾ ਕਾਰਨ ਦੁਕਾਨ ਨੂੰ ਲੋਕ-ਹਿੱਤ ਵਿੱਚ ਸੀਲ ਕਰਨਾ ਲਾਜ਼ਮੀ ਹੋ ਗਿਆ।
ਉਨ੍ਹਾਂ ਇਹ ਵੀ ਦੱਸਿਆ ਕਿ ਡਰੱਗ ਐਕਟ ਦੇ ਕਈ ਨਿਯਮਾਂ ਦੀ ਉਲੰਘਣਾ ਸਾਬਤ ਹੋਣ ‘ਤੇ ਤੰਨੂ ਮੈਡੀਕੋਜ਼, ਲੱਖੋ ਕੇ ਬਹਿਰਾਮ ਦਾ ਲਾਇਸੈਂਸ ਵੀ ਜੋਨਲ ਲਾਇਸੈਂਸਿੰਗ ਅਥਾਰਟੀ ਵੱਲੋਂ ਰੱਦ ਕੀਤਾ ਗਿਆ ਹੈ।
ਡਰੱਗ ਕੰਟਰੋਲ ਅਧਿਕਾਰੀ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਅਤੇ ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਖ਼ਿਲਾਫ਼ ਜ਼ੀਰੋ ਟਾਲਰੈਂਸ ਨੀਤੀ ‘ਤੇ ਡੱਟੀ ਹੋਈ ਹੈ। ਭਵਿੱਖ ਵਿੱਚ ਵੀ ਇਸ ਤਰ੍ਹਾਂ ਦੀਆਂ ਸਖ਼ਤ ਕਾਰਵਾਈਆਂ ਜਾਰੀ ਰਹੇਣਗੀਆਂ ਤਾਂ ਜੋ ਨਸ਼ੇ ਦੇ ਖ਼ਿਲਾਫ਼ ਲੜਾਈ ਹੋਰ ਮਜ਼ਬੂਤ ਹੋ ਸਕੇ।
