ਮਕਾਨਸੂਚੀਕਰਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਦਿੱਤੀ ਗਈ ਸਿਖਲਾਈ
- 3 Views
- kakkar.news
- April 28, 2026
- Punjab
ਮਕਾਨਸੂਚੀਕਰਣ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਦਿੱਤੀ ਗਈ ਸਿਖਲਾਈ
ਫ਼ਿਰੋਜ਼ਪੁਰ, 28 ਅਪ੍ਰੈਲ 2026 (ਅਨੁਜ ਕੱਕੜ ਟੀਨੂੰ)
ਭਾਰਤ ਦੀ ਮਰਦਮਸ਼ੁਮਾਰੀ 2027 ਨੂੰ ਸੁਚਾਰੂ, ਸਹੀ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਅਮਲ ਵਿੱਚ ਲਿਆਉਣ ਲਈ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਨਗਰ ਕੌਂਸਲ/ਨਗਰ ਪੰਚਾਇਤ ਦਫ਼ਤਰ ਜ਼ੀਰਾ, ਮੱਖੂ, ਮੱਲਾਂਵਾਲਾ, ਮਮਦੋਟ ਅਤੇ ਮੁੱਦਕੀ, ਕੰਟੋਨਮੈਂਟ ਬੋਰਡ ਫ਼ਿਰੋਜ਼ਪੁਰ, ਤਹਿਸੀਲ ਦਫ਼ਤਰ ਫ਼ਿਰੋਜ਼ਪੁਰ ਵਿਖੇ ਦੂਸਰੇ ਬੈਚ ਦੀ ਮਕਾਨਸੂਚੀਕਰਣ ਅਤੇ ਮਕਾਨਾਂ ਦੀ ਗਿਣਤੀ ਸਬੰਧੀ 3 ਰੋਜ਼ਾ ਟ੍ਰੇਨਿੰਗ ਮੁਕੰਮਲ ਹੋਈ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਮਰਦਮਸ਼ੁਮਾਰੀ ਦੇ ਪਹਿਲੇ ਪੜਾਅ ਨੂੰ ਪੂਰੀ ਤਰ੍ਹਾਂ ਵਿਗਿਆਨਕ ਅਤੇ ਡਿਜੀਟਲ ਢੰਗ ਨਾਲ ਪੂਰਾ ਕਰਨਾ ਹੈ, ਤਾਂ ਜੋ ਅਗਲੇ ਪੜਾਅ ਦੀ ਯੋਜਨਾ ਸਹੀ ਅਧਾਰ ‘ਤੇ ਬਣ ਸਕੇ। ਇਸ ਟ੍ਰੇਨਿੰਗ ਵਿੱਚ ਮਰਦਮਸ਼ੁਮਾਰੀ ਨਾਲ ਜੁੜੇ ਹਰੇਕ ਮਹੱਤਵਪੂਰਨ ਪੱਖ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੀ ਕਾਰਤਿਕ ਕੋਆਰਡੀਨੇਟਰ ਅਤੇ ਸ਼੍ਰੀ ਤਰਸੇਮ ਲਾਲ ਸਹਾਇਕ ਰਿਸਰਚ ਅਫ਼ਸਰ ਨੇ ਦੱਸਿਆ ਕਿ ਇਸ ਟ੍ਰੇਨਿੰਗ ਵਿੱਚ ਵੱਖ-ਵੱਖ ਵਿਭਾਗਾਂ ਤੋਂ ਭਾਗ ਲੈਣ ਵਾਲੇ ਗਿਣਤੀਕਾਰਾਂ ਦੀਆਂ ਮੁਸ਼ਕਿਲਾਂ ਦੇ ਹੱਲ ਅਤੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ। ਟ੍ਰੇਨਰਾਂ ਵੱਲੋਂ ਮਕਾਨਸੂਚੀਕਰਣ ਦੇ ਤਰੀਕਿਆਂ, ਮਕਾਨਾਂ ਦੀ ਸਹੀ ਪਛਾਣ, ਪਰਿਵਾਰਕ ਇਕਾਈਆਂ ਦੀ ਗਿਣਤੀ, ਡਾਟਾ ਇਕੱਠਾ ਕਰਨ ਦੀ ਵਿਧੀ ਅਤੇ ਰਿਕਾਰਡ ਭਰਨ ਦੀ ਪ੍ਰਕਿਰਿਆ ਬਾਰੇ ਸਪਸ਼ਟ ਅਤੇ ਆਸਾਨ ਢੰਗ ਨਾਲ ਸਮਝਾਇਆ ਗਿਆ।
ਉਨ੍ਹਾਂ ਕਿਹਾ ਕਿ ਮਕਾਨਸੂਚੀਕਰਣ ਮਰਦਮਸ਼ੁਮਾਰੀ ਦਾ ਸਭ ਤੋਂ ਮਹੱਤਵਪੂਰਨ ਪੜਾਅ ਹੁੰਦਾ ਹੈ, ਜਿਸ ਦੇ ਆਧਾਰ ‘ਤੇ ਆਗਾਮੀ ਕਾਰਵਾਈ ਨਿਰਭਰ ਕਰਦੀ ਹੈ। ਇਸ ਲਈ ਹਰ ਕਰਮਚਾਰੀ ਵੱਲੋਂ ਪੂਰੀ ਇਮਾਨਦਾਰੀ, ਜ਼ਿੰਮੇਵਾਰੀ ਅਤੇ ਚੌਕਸੀ ਨਾਲ ਆਪਣੀ ਡਿਊਟੀ ਨਿਭਾਉਣਾ ਬਹੁਤ ਜ਼ਰੂਰੀ ਹੈ। ਨਗਰ ਕੌਂਸਲ ਫ਼ਿਰੋਜ਼ਪੁਰ ਵਿਖੇ ਸ਼੍ਰੀ ਅਭਿਸ਼ੇਕ ਮਿਊਂਸੀਪਲ ਇੰਸਪੈਕਟਰ ਅਤੇ ਨੋਡਲ ਅਫਸਰ ਜਨਗਣਨਾ, ਫੀਲਡ ਟਰੇਨਰ ਰੁਪਿੰਦਰ ਕਪੂਰ, ਸਰਬਜੀਤ ਸਿੰਘ ਭਾਵੜਾ, ਅਜੇ ਕੁਮਾਰ ਅਤੇ ਰਿਤਿਕ ਨੇ ਦੱਸਿਆ ਕਿ ਟ੍ਰੇਨਿੰਗ ਦੌਰਾਨ ਮੈਦਾਨੀ ਪੱਧਰ ‘ਤੇ ਆ ਸਕਣ ਵਾਲੀਆਂ ਸੰਭਾਵਿਤ ਸਮੱਸਿਆਵਾਂ ਜਿਵੇਂ ਕਿ ਡਾਟਾ ਇਕੱਠਾ ਕਰਨ ਵਿੱਚ ਆਉਣ ਵਾਲੀਆਂ ਰੁਕਾਵਟਾਂ, ਲੋਕਾਂ ਨਾਲ ਸੰਚਾਰ ਦੀਆਂ ਚੁਣੌਤੀਆਂ ਅਤੇ ਤਕਨੀਕੀ ਦਿੱਕਤਾਂ ਬਾਰੇ ਵੀ ਚਰਚਾ ਕੀਤੀ ਗਈ ਅਤੇ ਉਨ੍ਹਾਂ ਦੇ ਹੱਲ ਵੀ ਸਾਂਝੇ ਕੀਤੇ ਗਏ। ਇਸ ਤੋਂ ਇਲਾਵਾ ਨਵੇਂ ਡਿਜ਼ੀਟਲ ਸਾਧਨਾਂ ਦੀ ਵਰਤੋਂ ਰਾਹੀਂ ਡਾਟਾ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਹੋਰ ਵੀ ਆਸਾਨ, ਤੇਜ਼ ਅਤੇ ਪਾਰਦਰਸ਼ੀ ਬਣਾਉਣ ‘ਤੇ ਖਾਸ ਧਿਆਨ ਦਿੱਤਾ ਗਿਆ।
ਉਨ੍ਹਾਂ ਨੇ ਕਿਹਾ ਕਿ ਮਰਦਮਸ਼ੁਮਾਰੀ ਦੇ ਸਹੀ ਅਤੇ ਭਰੋਸੇਯੋਗ ਅੰਕੜੇ ਹੀ ਸਰਕਾਰ ਦੀਆਂ ਭਵਿੱਖੀ ਨੀਤੀਆਂ, ਯੋਜਨਾਵਾਂ ਅਤੇ ਵਿਕਾਸ ਕਾਰਜਾਂ ਲਈ ਮਜ਼ਬੂਤ ਅਧਾਰ ਸਾਬਤ ਹੁੰਦੇ ਹਨ। ਅੰਤ ਵਿੱਚ ਟ੍ਰੇਨਿੰਗ ਵਿੱਚ ਸ਼ਾਮਲ ਕਰਮਚਾਰੀਆਂ ਨੂੰ ਟੀਮ ਵਰਕ ਦੇ ਨਾਲ ਇਸ ਮਹੱਤਵਪੂਰਨ ਕੰਮ ਨੂੰ ਸਫਲ ਬਣਾਉਣ ਵਿੱਚ ਯੋਗਦਾਨ ਪਾਉਣ ਲਈ ਕਿਹਾ ਗਿਆ, ਤਾਂ ਜੋ ਮਰਦਮਸ਼ੁਮਾਰੀ 2027 ਬਿਨਾਂ ਕਿਸੇ ਰੁਕਾਵਟ ਦੇ ਸਫਲਤਾਪੂਰਵਕ ਪੂਰੀ ਕੀਤੀ ਜਾ ਸਕੇ।
