ਜਿਲ੍ਹੇ ਵਿੱਚ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ 369 ਉਮੀਦਵਾਰ ਮੈਦਾਨ ਵਿੱਚ, ਫਿਰੋਜ਼ਪੁਰ ਸ਼ਹਿਰ ਚ 173
- 23 Views
- kakkar.news
- May 19, 2026
- Politics Punjab
ਜਿਲ੍ਹੇ ਵਿੱਚ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਲਈ 369 ਉਮੀਦਵਾਰ ਮੈਦਾਨ ਵਿੱਚ, ਫਿਰੋਜ਼ਪੁਰ ਸ਼ਹਿਰ ਚ 173
ਫਿਰੋਜ਼ਪੁਰ, 19 ਮਈ 2026 (ਅਨੁਜ ਕੱਕੜ ਟੀਨੂੰ )
ਨਗਰ ਕੌਂਸਲ ਅਤੇ ਨਗਰ ਪੰਚਾਇਤ ਆਮ ਚੋਣਾਂ 2026 ਲਈ ਅੱਜ ਨਾਮਜ਼ਦਗੀ ਪੱਤਰਾਂ ਦੀ ਸਕਰੂਟਨੀ ਦੀ ਪ੍ਰਕਿਰਿਆ ਪੂਰੀ ਕੀਤੀ ਗਈ। ਏਡੀਸੀ (ਡੀ) ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਕਰੂਟਨੀ ਤੋਂ ਬਾਅਦ ਕੁੱਲ 409 ਨਾਮਜ਼ਦਗੀ ਪੱਤਰਾਂ ਵਿੱਚੋਂ 40 ਰਿਜੈਕਟ ਕਰ ਦਿੱਤੇ ਗਏ ਹਨ, ਜਦਕਿ 369 ਨਾਮਜ਼ਦਗੀ ਪੱਤਰ ਵੈਲਿਡ ਕਰਾਰ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਫਿਰੋਜ਼ਪੁਰ ਹਲਕੇ ਦੇ ਕੁੱਲ 76 ਵਾਰਡਾਂ ਲਈ 13 ਮਈ ਨੂੰ ਪਹਿਲੇ ਦਿਨ 5 ਨਾਮਜ਼ਦਗੀਆਂ ਦਾਖਲ ਹੋਈਆਂ ਸਨ। 14 ਮਈ ਨੂੰ ਇਹ ਗਿਣਤੀ ਵੱਧ ਕੇ 25 ਹੋ ਗਈ, ਜਦਕਿ 15 ਮਈ ਨੂੰ 139 ਨਾਮਜ਼ਦਗੀ ਪੱਤਰ ਭਰੇ ਗਏ। ਆਖਰੀ ਦਿਨ 16 ਮਈ ਨੂੰ 240 ਨਾਮਜ਼ਦਗੀਆਂ ਦਾਖਲ ਹੋਈਆਂ। ਇਸ ਤਰ੍ਹਾਂ ਕੁੱਲ 409 ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ ਸਨ।
ਜੇਕਰ ਵਾਰਡ ਵਾਰ ਵੇਰਵੇ ਦੀ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ਸ਼ਹਿਰ ਦੇ 33 ਵਾਰਡਾਂ ਲਈ ਕੁੱਲ 192 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ। ਇਨ੍ਹਾਂ ਵਿੱਚੋਂ 19 ਰਿਜੈਕਟ ਹੋਣ ਤੋਂ ਬਾਅਦ 173 ਨਾਮਜ਼ਦਗੀ ਪੱਤਰ ਵੈਲਿਡ ਮੰਨੇ ਗਏ ਹਨ।
ਤਲਵੰਡੀ ਭਾਈ ਦੇ 13 ਵਾਰਡਾਂ ਲਈ 79 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ, ਜਿਨ੍ਹਾਂ ਵਿੱਚੋਂ 12 ਰਿਜੈਕਟ ਹੋ ਗਏ ਅਤੇ 67 ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਵੈਲਿਡ ਕਰਾਰ ਦਿੱਤੇ ਗਏ ਹਨ।
ਜੀਰਾ ਦੇ 17 ਵਾਰਡਾਂ ਲਈ ਕੁੱਲ 119 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ। ਸਕਰੂਟਨੀ ਦੌਰਾਨ 8 ਨਾਮਜ਼ਦਗੀਆਂ ਰਿਜੈਕਟ ਹੋਣ ਤੋਂ ਬਾਅਦ 111 ਨਾਮਜ਼ਦਗੀ ਪੱਤਰ ਵੈਲਿਡ ਰਹਿ ਗਏ ਹਨ।
ਉਧਰ ਨਗਰ ਪੰਚਾਇਤ ਮੁਦਕੀ ਦੇ 13 ਵਾਰਡਾਂ ਲਈ 19 ਨਾਮਜ਼ਦਗੀ ਪੱਤਰ ਦਾਖਲ ਹੋਏ ਸਨ। ਇਨ੍ਹਾਂ ਵਿੱਚੋਂ ਇੱਕ ਨਾਮਜ਼ਦਗੀ ਪੱਤਰ ਰਿਜੈਕਟ ਹੋਣ ਕਾਰਨ ਹੁਣ 18 ਉਮੀਦਵਾਰ ਚੋਣ ਮੈਦਾਨ ਵਿੱਚ ਰਹਿ ਗਏ ਹਨ।
ਹੁਣ ਕੁੱਲ 369 ਉਮੀਦਵਾਰ ਨਗਰ ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿੱਚ ਆਪਣੀ ਕਿਸਮਤ ਅਜ਼ਮਾਉਣਗੇ। ਇਹਨਾਂ ਚੋਣਾਂ ਲਈ 26 ਮਈ ਨੂੰ ਬੈਲਟ ਪੇਪਰਾਂ ਰਾਹੀਂ ਵੋਟਿੰਗ ਹੋਵੇਗੀ ਅਤੇ 1,28,457 ਵੋਟਰ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ।
