ਫਿਰੋਜ਼ਪੁਰ ਪੁਲਿਸ ਨੇ ਕਰੋੜਾਂ ਦੇ ਨਸ਼ਿਆਂ ਸਮੇਤ 3 ਆਰੋਪੀਆਂ ਨੂੰ ਕੀਤਾ ਕਾਬੂ
- 51 Views
- kakkar.news
- May 23, 2026
- Crime Punjab
ਫਿਰੋਜ਼ਪੁਰ ਪੁਲਿਸ ਨੇ ਕਰੋੜਾਂ ਦੇ ਨਸ਼ਿਆਂ ਸਮੇਤ 3 ਆਰੋਪੀਆਂ ਨੂੰ ਕੀਤਾ ਕਾਬੂ
ਫਿਰੋਜ਼ਪੁਰ, 23 ਮਈ 2026 (ਅਨੁਜ ਕੱਕੜ ਟੀਨੂੰ)
ਪੰਜਾਬ ਸਰਕਾਰ ਦੀ “ਯੁੱਧ ਨਸ਼ਿਆਂ ਵਿਰੁੱਧ” ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲੀ ਹੈ। ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਸਿੱਧੂ ਦੀ ਸੁਪਰਵਿਜ਼ਨ ਹੇਠ ਅਤੇ ਗੁਰਮੀਤ ਸਿੰਘ ਇੰਚਾਰਜ ਸੀਆਈ ਸਟਾਫ਼ ਜੀਰਾ ਦੀ ਟੀਮ ਵੱਲੋਂ ਤਿੰਨ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 4 ਕਿਲੋ 254 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਪੁਲਿਸ ਨੂੰ ਇਹ ਸਫਲਤਾ ਉਸ ਵੇਲੇ ਮਿਲੀ ਜਦੋਂ ਗਸ਼ਤ ਅਤੇ ਚੈਕਿੰਗ ਦੌਰਾਨ ਗੁਪਤ ਸੂਚਨਾ ਦੇ ਆਧਾਰ ’ਤੇ ਦਾਣਾ ਮੰਡੀ ਫਿਰੋਜ਼ਪੁਰ ਸ਼ਹਿਰ ਵਿਖੇ ਰੇਡ ਕੀਤੀ ਗਈ। ਇਸ ਦੌਰਾਨ ਪੁਲਿਸ ਨੇ ਰਣਜੀਤ ਸਿੰਘ ਰਾਣਾ ਪੁੱਤਰ ਸੁਖਦੇਵ ਸਿੰਘ ਵਾਸੀ ਗਾਮੇਵਾਲਾ ਥਾਣਾ ਮਮਦੋਟ, ਅਰਸ਼ਦੀਪ ਸਿੰਘ ਉਰਫ਼ ਅਰਸ਼ੀ ਪੁੱਤਰ ਨਿਸ਼ਾਨ ਸਿੰਘ ਵਾਸੀ ਗਾਮੇਵਾਲਾ ਅਤੇ ਆਕਾਸ਼ਦੀਪ ਉਰਫ਼ ਆਕਾਸ਼ ਪੁੱਤਰ ਸੁੱਖਾ ਵਾਸੀ ਪਿੰਡ ਆਸਲ ਥਾਣਾ ਸਦਰ ਨੂੰ ਕਾਬੂ ਕੀਤਾ।
ਪੁੱਛਗਿੱਛ ਦੌਰਾਨ ਪੁਲਿਸ ਨੇ ਦੋਸ਼ੀਆਂ ਕੋਲੋਂ 4 ਕਿਲੋ 254 ਗ੍ਰਾਮ ਹੈਰੋਇਨ, ਇੱਕ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਅਤੇ ਤਿੰਨ ਮੋਬਾਇਲ ਫੋਨ ਬਰਾਮਦ ਕੀਤੇ। ਇਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਵਿੱਚ ਮੁਕੱਦਮਾ ਨੰਬਰ 182 ਮਿਤੀ 22-05-2026 ਅਧੀਨ ਧਾਰਾ 21/61/85 ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੁਲਿਸ ਮੁਤਾਬਕ ਮੁੱਖ ਆਰੋਪੀ ਰਣਜੀਤ ਸਿੰਘ ਰਾਣਾ ਉਮਰ 22 ਸਾਲ ਉੱਤੇ ਪਹਿਲਾਂ ਵੀ ਸਾਲ 2023 ਵਿੱਚ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਹੈ। ਜਦਕਿ ਦੂਜੇ ਆਰੋਪੀ ਅਰਸ਼ਦੀਪ ਸਿੰਘ ਉਰਫ਼ ਅਰਸ਼ੀ ਉਮਰ ਕਰੀਬ 19 ਸਾਲ ਉੱਤੇ ਵੀ ਪਹਿਲਾਂ ਤੋਂ ਦੋ ਮਾਮਲੇ ਦਰਜ ਹਨ।
ਫਿਰੋਜ਼ਪੁਰ ਪੁਲਿਸ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੌਰਾਨ ਹੁਣ ਤੱਕ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾ ਚੁੱਕੇ ਹਨ। ਸਾਲ 2026 ਦੇ ਸਿਰਫ਼ ਪੰਜ ਮਹੀਨਿਆਂ ਵਿੱਚ ਹੀ ਪੁਲਿਸ ਵੱਲੋਂ 160 ਕਿਲੋ 114 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਇਸ ਦੌਰਾਨ 831 ਮੁਕੱਦਮੇ ਦਰਜ ਕਰਕੇ 1029 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪੁਲਿਸ ਨੇ 3 ਕਿਲੋ 494 ਗ੍ਰਾਮ ਆਈਸ ਡਰੱਗ ਵੀ ਬਰਾਮਦ ਕੀਤੀ ਹੈ। ਜਦਕਿ 1 ਮਾਰਚ ਤੋਂ ਹੁਣ ਤੱਕ 152 ਹਥਿਆਰ ਅਤੇ 49 ਡਰੋਨ ਵੀ ਰਿਕਵਰ ਕੀਤੇ ਜਾ ਚੁੱਕੇ ਹਨ। ਫਿਰੋਜ਼ਪੁਰ ਪੁਲਿਸ ਦਾ ਕਹਿਣਾ ਹੈ ਕਿ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ।
