ਜ਼ਿਲ੍ਹੇ ਦੇ ਲੋਕ ਆਯੁਸ਼ਮਾਨ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ-ਸਿਵਲ ਸਰਜਨ ਸਰਕਾਰ ਨੇ ਆਯੁਸ਼ਮਾਨ ਕਾਰਡ ਬੰਪਰ ਡਰਾਅ ਸਕੀਮ ਦੀ ਤਾਰੀਖ ਵਿੱਚ 31 ਦਸੰਬਰ ਤੱਕ ਦਾ ਕੀਤਾ ਵਾਧਾ
- 234 Views
- kakkar.news
- December 19, 2023
- Punjab
ਜ਼ਿਲ੍ਹੇ ਦੇ ਲੋਕ ਆਯੁਸ਼ਮਾਨ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ-ਸਿਵਲ ਸਰਜਨ ਸਰਕਾਰ ਨੇ ਆਯੁਸ਼ਮਾਨ ਕਾਰਡ ਬੰਪਰ ਡਰਾਅ ਸਕੀਮ ਦੀ ਤਾਰੀਖ ਵਿੱਚ 31 ਦਸੰਬਰ ਤੱਕ ਦਾ ਕੀਤਾ ਵਾਧਾ
ਫਾਜ਼ਿਲਕਾ 19 ਦਸੰਬਰ 2023(ਸਿਟੀਜ਼ਨਜ਼ ਵੋਇਸ)
ਪੰਜਾਬ ਦੇ ਵੱਧ ਤੋਂ ਵੱਧ ਲੋਕਾਂ ਨੂੰ ਸਿਹਤ ਬੀਮਾ ਅਧੀਨ ਕਵਰ ਕਰਨ ਲਈ ਪੰਜਾਬ ਰਾਜ ਸਿਹਤ ਏਜੰਸੀ ਨੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਯੁਸ਼ਮਾਨ ਕਾਰਡ ਬੰਪਰ ਡਰਾਅ ਨੂੰ 31 ਦਸੰਬਰ 2023 ਤੱਕ ਵਧਾਉਣ ਦਾ ਫੈਸਲਾ ਕੀਤਾ ਹੈ ਤਾਕਿ ਲੋਕ ਇਸ ਦਾ ਜਿਆਦਾ ਤੋਂ ਜਿਆਦਾ ਲਾਭ ਲੈ ਸਕਣ। ਇਸ ਤੋਂ ਪਹਿਲਾਂ ਬੰਪਰ ਦੀ ਆਖਰੀ ਤਰੀਕ 30 ਨਵੰਬਰ 2023 ਸੀ ਜਿਸ ਨੂੰ ਹੁਣ ਵਧਾ ਦਿੱਤਾ ਗਿਆ ਹੈ। ਇਸ ਲਈ ਪਿੰਡਾ ਵਿੱਚ ਸਿਹਤ ਵਿਭਾਗ ਵਲੋ ਆਸ਼ਾ ਵਰਕਰਾਂ ਦੀ ਮਦਦ ਨਾਲ ਕਾਰਡ ਬਣਵਾਉਣ ਲਈ ਜਾਗਰੂਕ ਕੀਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ 16 ਅਕਤੂਬਰ ਨੂੰ ਵਿਸ਼ੇਸ਼ ਦੀਵਾਲੀ ਬੰਪਰ ਡਰਾਅ ਲਾਂਚ ਕੀਤਾ ਗਿਆ ਸੀ, ਜਿਸ ਤਹਿਤ ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ 1 ਲੱਖ ਰੁਪਏ ਤੱਕ ਦਾ ਇਨਾਮ ਜਿੱਤਣ ਦਾ ਮੌਕਾ ਮਿਲੇਗਾ। ਇਹ ਜਾਣਕਾਰੀ ਦਿੰਦਿਆਂ ਕਾਰਜਕਾਰੀ ਸਿਵਲ ਸਰਜਨ ਡਾ. ਕਵਿਤਾ ਸਿੰਘ ਨੇ ਦੱਸਿਆ ਕਿ ਇਹ ਸਕੀਮ ਸੂਬੇ ਭਰ ਦੇ 800 ਤੋਂ ਵੱਧ ਸਰਕਾਰੀ ਅਤੇ ਨਿੱਜੀ ਸੂਚੀਬੱਧ ਹਸਪਤਾਲਾਂ ਵਿੱਚ ਹਰੇਕ ਪਰਿਵਾਰ ਲਈ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਇਲਾਜ ਦੀ ਪੇਸ਼ਕਸ਼ ਕਰਦੀ ਹੈ। ਸੂਬੇ ਵਿੱਚ 44 ਲੱਖ ਤੋਂ ਵੱਧ ਪਰਿਵਾਰ ਇਸ ਸਕੀਮ ਦਾ ਲਾਭ ਲੈ ਰਹੇ ਹਨ, ਜਿਸ ਵਿੱਚ ਗੋਡੇ ਬਦਲਾਉਣ, ਦਿਲ ਦੀ ਸਰਜਰੀ, ਕੈਂਸਰ ਦੇ ਇਲਾਜ ਆਦਿ ਸਮੇਤ ਲਗਭਗ 1600 ਕਿਸਮਾਂ ਦੇ ਇਲਾਜ ਸ਼ਾਮਲ ਹਨ। ਇਹਨਾਂ ਲਾਭਪਾਤਰੀ ਪਰਿਵਾਰਾਂ ਵਿੱਚ ਐਨ.ਐਫ.ਐਸ.ਏ. ਰਾਸ਼ਨ ਕਾਰਡ ਧਾਰਕ, ਜੇ-ਫਾਰਮ ਧਾਰਕ ਕਿਸਾਨ, ਰਜਿਸਟਰਡ ਮਜ਼ਦੂਰ, ਰਜਿਸਟਰਡ ਛੋਟੇ ਵਪਾਰੀ, ਮਾਨਤਾ ਪ੍ਰਾਪਤ ਅਤੇ ਪੀਲੇ ਕਾਰਡ ਧਾਰਕ ਪੱਤਰਕਾਰ ਅਤੇ 2011 ਦੇ ਸਮਾਜਿਕ-ਆਰਥਿਕ ਜਾਤੀ ਜਨਗਣਨਾ ਡਾਟਾ ਤਹਿਤ ਕਵਰ ਕੀਤੇ ਗਏ ਪਰਿਵਾਰ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਹੁਣ ਇਹ ਡਰਾਅ ਜਨਵਰੀ 2024 ਵਿੱਚ ਕੱਢਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲਾਭਪਾਤਰੀ “ਆਯੁਸ਼ਮਾਨ ਐਪ” ਦੀ ਵਰਤੋਂ ਕਰਨ ਅਤੇ ਆਪਣੇ ਨਜ਼ਦੀਕੀ ਆਸ਼ਾ ਵਰਕਰ ਜਾ ਸਬ ਸੈਂਟਰ ਜਾਂ ਸੂਚੀਬੱਧ ਹਸਪਤਾਲਾਂ ਤੱਕ ਪਹੁੰਚ ਕਰਕੇ ਆਸਾਨੀ ਨਾਲ ਆਪਣੇ ਕਾਰਡ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਕਿਹਾ। ਉਨ੍ਹਾਂ ਅੱਗੇ ਦੱਸਿਆ ਕਿ ਡਰਾਅ ਰਾਹੀਂ 10 ਜੇਤੂਆਂ ਦੀ ਚੋਣ ਕੀਤੀ ਜਾਵੇਗੀ ਤੇ ਇਨ੍ਹਾਂ ਜੇਤੂਆਂ ਨੂੰ ਇਨਾਮ ਵੀ ਦਿੱਤੇ ਜਾਣਗੇ। ਪਹਿਲਾ ਇਨਾਮ 1 ਲੱਖ ਰੁਪਏ, ਦੂਜਾ ਇਨਾਮ 50,000 ਰੁਪਏ ਅਤੇ ਤੀਜਾ ਇਨਾਮ 25,000 ਰੁਪਏ ਦਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਚੌਥਾ ਇਨਾਮ 10,000 ਰੁਪਏ ਅਤੇ ਪੰਜਵਾਂ ਇਨਾਮ 8,000 ਰੁਪਏ ਹੈ ਜਦਕਿ ਛੇਵਾਂ ਤੋਂ ਦਸਵਾਂ ਇਨਾਮ 5,000 ਰੁਪਏ ਹੋਵੇਗਾ। ਇਸ ਸੰਬਧੀ ਹਸਪਤਾਲ ਵਿਚ ਬੋਰਡ ਵੀ ਲਗਾਏ ਗਏ ਹਨ ਤਾਕਿ ਆਮ ਪਬਲਿਕ ਇਸ ਦਾ ਜਿਆਦਾ ਤੋਂ ਜਿਆਦਾ ਫਾਇਦਾ ਲੈਣ।



- October 15, 2025