ਫਿਰੋਜ਼ਪੁਰ ਦੇ ਹੋਟਲ ਵਿੱਚ ਤੜਕੇ ਭਿਆਨਕ ਅੱਗ, ਇੱਕ ਵਿਅਕਤੀ ਦੀ ਮੌਤ
- 22 Views
- kakkar.news
- June 3, 2026
- Punjab
ਫਿਰੋਜ਼ਪੁਰ ਦੇ ਹੋਟਲ ਵਿੱਚ ਤੜਕੇ ਭਿਆਨਕ ਅੱਗ, ਇੱਕ ਵਿਅਕਤੀ ਦੀ ਮੌਤ
ਫਿਰੋਜ਼ਪੁਰ, 3 ਜੂਨ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਸ਼ਹਿਰ ਦੇ ਇੱਕ ਹੋਟਲ ਵਿੱਚ ਸਵੇਰੇ ਸਵੇਰੇ ਭਿਆਨਕ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ। ਇਸ ਅੱਗ ਵਿੱਚ ਇੱਕ ਵਿਅਕਤੀ ਦੇ ਝੁਲਸਣ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਤੁਲਸੀ ਨਾਮਕ ਵਿਅਕਤੀ ਵਜੋਂ ਹੋਈ ਹੈ, ਜੋ ਕਿ ਉੱਤਰਾਖੰਡ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ।
ਮਿਲੀ ਜਾਣਕਾਰੀ ਅਨੁਸਾਰ ਅੱਗ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ। ਅੱਗ ਇੰਨੀ ਭਿਆਨਕ ਸੀ ਕਿ ਕੁਝ ਹੀ ਸਮੇਂ ਵਿੱਚ ਪਹਿਲੀ ਮੰਜ਼ਿਲ ਤੋਂ ਦੂਜੀ ਮੰਜ਼ਿਲ ਤੱਕ ਫੈਲ ਗਈ ਅਤੇ ਪੂਰੇ ਹੋਟਲ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਦੇਖਦੇ ਹੀ ਦੇਖਦੇ ਅੱਗ ਨੇ ਖੌਫਨਾਕ ਰੂਪ ਧਾਰ ਲਿਆ, ਜਿਸ ਕਾਰਨ ਹੋਟਲ ਵਿੱਚ ਮੌਜੂਦ ਲੋਕਾਂ ਵਿੱਚ ਹੜਕੰਪ ਮਚ ਗਿਆ।
ਘਟਨਾ ਦੀ ਸੂਚਨਾ ਮਿਲਦੇ ਹੀ ਦਮਕਲ ਵਿਭਾਗ ਦੀਆਂ ਛੇ ਗੱਡੀਆਂ ਮੌਕੇ ‘ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਕਈ ਘੰਟਿਆਂ ਦੀ ਸਖ਼ਤ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਦਮਕਲ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਅੱਗ ਬੁਝਾਉਣ ਲਈ ਕਰੀਬ 6 ਤੋਂ 7 ਘੰਟਿਆਂ ਦਾ ਸਮਾਂ ਲੱਗਾ।
ਇਸ ਮਾਮਲੇ ਸਬੰਧੀ ਸਿਵਲ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਉਨ੍ਹਾਂ ਕੋਲ ਇੱਕ ਡੈੱਡ ਬਾਡੀ ਲਿਆਂਦੀ ਗਈ ਹੈ, ਜਿਸ ਦੀ ਪਛਾਣ ਤੁਲਸੀ ਵਜੋਂ ਹੋਈ ਹੈ। ਡਾਕਟਰਾਂ ਮੁਤਾਬਕ ਤੁਲਸੀ ਉਕਤ ਹੋਟਲ ਵਿੱਚ ਕੰਮ ਕਰਦਾ ਸੀ ਅਤੇ ਅੱਗ ਦੀ ਚਪੇਟ ਵਿੱਚ ਆਉਣ ਕਾਰਨ ਬੁਰੀ ਤਰ੍ਹਾਂ ਝੁਲਸ ਗਿਆ ਸੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।
ਹਾਦਸੇ ਤੋਂ ਬਾਅਦ ਜਦੋਂ ਹੋਟਲ ਪ੍ਰਬੰਧਕਾਂ ਅਤੇ ਮਾਲਕਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਇਸ ਘਟਨਾ ਸਬੰਧੀ ਕੋਈ ਵੀ ਬਿਆਨ ਦੇਣ ਲਈ ਤਿਆਰ ਨਹੀਂ ਹੋਏ।
ਫਿਲਹਾਲ ਪੁਲਿਸ ਅਤੇ ਸੰਬੰਧਿਤ ਵਿਭਾਗਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅੱਗ ਲੱਗਣ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
