ਅਗਨੀਵੀਰ ਆਰਮੀ ਭਰਤੀ ਲਈ ਫਿਜ਼ੀਕਲ ਟੈਸਟ ਦੀ ਮੁਫ਼ਤ ਤਿਆਰੀ ਲਈ ਕੈਂਪ 8 ਜੂਨ ਤੋਂ ਸ਼ੁਰੂ : ਕੈਪਟਨ ਗੁਰਦਰਸ਼ਨ ਸਿੰਘ
- 12 Views
- kakkar.news
- June 3, 2026
- Punjab
ਅਗਨੀਵੀਰ ਆਰਮੀ ਭਰਤੀ ਲਈ ਫਿਜ਼ੀਕਲ ਟੈਸਟ ਦੀ ਮੁਫ਼ਤ ਤਿਆਰੀ ਲਈ ਕੈਂਪ 8 ਜੂਨ ਤੋਂ ਸ਼ੁਰੂ : ਕੈਪਟਨ ਗੁਰਦਰਸ਼ਨ ਸਿੰਘ
ਫ਼ਿਰੋਜ਼ਪੁਰ, 3 ਜੂਨ 2026 (ਅਨੁਜ ਕੱਕੜ ਟੀਨੂੰ)
ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫਿਰੋਜ਼ਪੁਰ) ਦੇ ਕੈਂਪ ਟ੍ਰੇਨਿੰਗ ਅਫਸਰ ਕੈਪਟਨ ਗੁਰਦਰਸ਼ਨ ਸਿੰਘ (ਰਿਟਾਇਰਡ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੇ ਜੂਨ 2026 ਵਿੱਚ ਅਗਨੀਵੀਰ ਭਰਤੀ ਦੀ ਲਿਖਤੀ ਪ੍ਰੀਖਿਆ ਦਿੱਤੀ ਹੈ ਅਤੇ ਫਿਜ਼ੀਕਲ ਟੈਸਟ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਨ੍ਹਾਂ ਲਈ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਮੁਫ਼ਤ ਟ੍ਰੇਨਿੰਗ ਕੈਂਪ 8 ਜੂਨ 2026 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹਿਆਂ ਨਾਲ ਸਬੰਧਤ ਨੌਜਵਾਨ ਇਸ ਟ੍ਰੇਨਿੰਗ ਕੈਂਪ ਦਾ ਲਾਭ ਲੈ ਸਕਦੇ ਹਨ। ਫਿਜ਼ੀਕਲ ਟੈਸਟ ਦੀ ਤਿਆਰੀ ਸੀ-ਪਾਈਟ ਦੇ ਤਜਰਬੇਕਾਰ ਸਟਾਫ ਅਤੇ ਫੌਜ ਦੇ ਸਾਬਕਾ ਮਾਹਿਰ ਟ੍ਰੇਨਰਾਂ ਵੱਲੋਂ ਕਰਵਾਈ ਜਾਵੇਗੀ।
ਕੈਪਟਨ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਅਗਨੀਵੀਰ ਆਰਮੀ ਭਰਤੀ ਰੈਲੀ 18 ਅਗਸਤ 2026 ਤੋਂ ਸ਼ੁਰੂ ਹੋਣੀ ਹੈ। ਇਸ ਲਈ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਜਾ ਰਹੀਆਂ ਮੁਫ਼ਤ ਸਹੂਲਤਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਅਤੇ ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ ਵਿੱਚ ਰਿਪੋਰਟ ਕਰਨ, ਕਿਉਂਕਿ ਫਿਜ਼ੀਕਲ ਟੈਸਟ ਦੀ ਤਿਆਰੀ ਲਈ ਸਮਾਂ ਸੀਮਤ ਹੈ।
ਉਨ੍ਹਾਂ ਦੱਸਿਆ ਕਿ ਇੱਛੁਕ ਨੌਜਵਾਨ ਸਵੇਰੇ 9:00 ਵਜੇ ਤੋਂ 11:30 ਵਜੇ ਤੱਕ ਕੈਂਪ ਵਿੱਚ ਪਹੁੰਚ ਕੇ ਆਪਣਾ ਦਾਖਲਾ ਕਰਵਾ ਸਕਦੇ ਹਨ। ਕੈਂਪ ਵਿੱਚ ਦਾਖਲੇ ਸਮੇਂ ਨੌਜਵਾਨ ਆਪਣੇ ਨਾਲ ਆਨਲਾਈਨ ਰਜਿਸਟ੍ਰੇਸ਼ਨ ਦੀ ਕਾਪੀ, ਦਸਵੀਂ ਜਮਾਤ ਦਾ ਅਸਲ ਸਰਟੀਫਿਕੇਟ, ਦਸਵੀਂ ਦੇ ਸਰਟੀਫਿਕੇਟ ਦੀ ਫੋਟੋ ਕਾਪੀ, ਪੰਜਾਬ ਰਿਹਾਇਸ਼ ਸਰਟੀਫਿਕੇਟ ਦੀ ਕਾਪੀ, ਜਾਤੀ ਸਰਟੀਫਿਕੇਟ ਦੀ ਕਾਪੀ (ਜੇ ਲਾਗੂ ਹੋਵੇ), ਆਧਾਰ ਕਾਰਡ ਦੀ ਕਾਪੀ, ਬੈਂਕ ਖਾਤੇ ਦੀ ਕਾਪੀ (ਖਾਤਾ ਚਾਲੂ ਹਾਲਤ ਵਿੱਚ ਹੋਵੇ), ਇੱਕ ਪਾਸਪੋਰਟ ਸਾਈਜ਼ ਫੋਟੋ, ਇੱਕ ਕਾਪੀ, ਇੱਕ ਪੈੱਨ, ਖਾਣਾ ਖਾਣ ਲਈ ਬਰਤਨ ਅਤੇ ਰਹਿਣ ਲਈ ਬਿਸਤਰਾ ਆਦਿ ਲੈ ਕੇ ਆਉਣ।
ਉਨ੍ਹਾਂ ਦੱਸਿਆ ਕਿ ਉਮੀਦਵਾਰ ਦੀ ਛਾਤੀ ਬਿਨਾਂ ਫੁਲਾਏ 77 ਸੈਂਟੀਮੀਟਰ ਅਤੇ ਫੁਲਾਉਣ ਉਪਰੰਤ 82 ਸੈਂਟੀਮੀਟਰ ਹੋਣੀ ਚਾਹੀਦੀ ਹੈ, ਜਦਕਿ ਘੱਟੋ-ਘੱਟ ਕੱਦ 5 ਫੁੱਟ 7 ਇੰਚ ਹੋਣਾ ਲਾਜ਼ਮੀ ਹੈ। ਕੈਂਪ ਵਿੱਚ ਰਹਿਣ ਦੌਰਾਨ ਖਾਣ-ਪੀਣ ਅਤੇ ਰਿਹਾਇਸ਼ ਦੀ ਸਹੂਲਤ ਪੂਰੀ ਤਰ੍ਹਾਂ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ ਅਤੇ ਫਿਜ਼ੀਕਲ ਟੈਸਟ ਦੀ ਤਿਆਰੀ ਲਈ ਕਿਸੇ ਵੀ ਕਿਸਮ ਦੀ ਕੋਈ ਫੀਸ ਨਹੀਂ ਲਈ ਜਾਵੇਗੀ। ਵਧੇਰੇ ਜਾਣਕਾਰੀ ਲਈ ਮੋਬਾਈਲ ਨੰਬਰ 73476-66557 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
