ਹੈਰੋਇਨ, ਹਥਿਆਰ ਅਤੇ ਡਰੱਗ ਮਨੀ ਸਮੇਤ ਵੱਡੀ ਬਰਾਮਦਗੀ, 8 ਆਰੋਪੀ ਗ੍ਰਿਫ਼ਤਾਰ
- 19 Views
- kakkar.news
- June 17, 2026
- Crime Punjab
ਹੈਰੋਇਨ, ਹਥਿਆਰ ਅਤੇ ਡਰੱਗ ਮਨੀ ਸਮੇਤ ਵੱਡੀ ਬਰਾਮਦਗੀ, 8 ਆਰੋਪੀ ਗ੍ਰਿਫ਼ਤਾਰ
ਫਿਰੋਜ਼ਪੁਰ, 17 ਜੂਨ 2026 (ਅਨੁਜ ਕੱਕੜ ਟੀਨੂੰ)
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ “ਯੁੱਧ ਨਸ਼ਿਆ ਵਿਰੁੱਧ” ਅਤੇ ਗੈਂਗਸਟਰਾਂ ਖ਼ਿਲਾਫ਼ ਮੁਹਿੰਮ ਤਹਿਤ ਫਿਰੋਜ਼ਪੁਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਅਤੇ ਪੁਲਿਸ ਯੂਨਿਟਾਂ ਵੱਲੋਂ ਕੀਤੀਆਂ ਕਾਰਵਾਈਆਂ ਦੌਰਾਨ ਕੁੱਲ 8 ਆਰੋਪੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਪੁਲਿਸ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਗ੍ਰਿਫ਼ਤਾਰ ਕੀਤੇ ਗਏ ਆਰੋਪੀਆਂ ਪਾਸੋਂ 6 ਕਿਲੋ 275 ਗ੍ਰਾਮ ਹੈਰੋਇਨ, 1 ਲੱਖ 33 ਹਜ਼ਾਰ 640 ਪਾਬੰਦੀਸ਼ੁਦਾ ਗੋਲੀਆਂ ਅਤੇ ਕੈਪਸੂਲ, 4 ਪਿਸਟਲ, 41 ਜ਼ਿੰਦਾ ਰੌਂਦ, 16 ਮੋਬਾਈਲ ਫੋਨ, 2 ਕਾਰਾਂ ਅਤੇ 3 ਲੱਖ 16 ਹਜ਼ਾਰ 600 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ ਗਈ ਹੈ।
ਫਿਰੋਜ਼ਪੁਰ ਸਿਟੀ ਥਾਣੇ ਵਿੱਚ ਦਰਜ ਇੱਕ ਮਾਮਲੇ ਵਿੱਚ ਪੁਲਿਸ ਨੇ ਦੋ ਆਰੋਪੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਤਿੰਨ ਮੋਟਰਸਾਈਕਲ ਅਤੇ 10 ਮੋਬਾਈਲ ਫੋਨ ਬਰਾਮਦ ਕੀਤੇ ਹਨ।
ਇਸੇ ਤਰ੍ਹਾਂ ਥਾਣਾ ਮਖੂ ਵਿੱਚ ਦਰਜ ਮਾਮਲੇ ਦੌਰਾਨ ਇੱਕ ਆਰੋਪੀ ਨੂੰ ਗ੍ਰਿਫ਼ਤਾਰ ਕਰਕੇ ਉਸ ਪਾਸੋਂ 50 ਗ੍ਰਾਮ ਹੈਰੋਇਨ, ਇੱਕ ਪਿਸਟਲ ਸਮੇਤ ਮੈਗਜ਼ੀਨ ਅਤੇ ਇੱਕ ਮਾਰੂਤੀ ਸੁਜ਼ੂਕੀ ਸਿਆਜ਼ ਕਾਰ ਬਰਾਮਦ ਕੀਤੀ ਗਈ। ਕਾਰ ਦੀ ਤਲਾਸ਼ੀ ਦੌਰਾਨ ਡਰੱਗ ਮਨੀ ਵੀ ਬਰਾਮਦ ਹੋਈ ਹੈ।
ਸੀਆਈਏ ਜੀਰਾ ਵੱਲੋਂ ਕੀਤੀ ਕਾਰਵਾਈ ਵਿੱਚ ਦੋ ਆਰੋਪੀਆਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 5 ਕਿਲੋ 775 ਗ੍ਰਾਮ ਹੈਰੋਇਨ, ਚਾਰ ਮੋਬਾਈਲ ਫੋਨ ਅਤੇ ਇੱਕ ਸਵਿਫਟ ਕਾਰ ਬਰਾਮਦ ਕੀਤੀ ਗਈ ਹੈ।
ਇਸ ਤੋਂ ਇਲਾਵਾ ਥਾਣਾ ਮਮਦੋਟ ਵਿੱਚ ਦਰਜ ਇੱਕ ਹੋਰ ਮਾਮਲੇ ਵਿੱਚ ਪੁਲਿਸ ਨੇ 1 ਲੱਖ 33 ਹਜ਼ਾਰ 640 ਪਾਬੰਦੀਸ਼ੁਦਾ ਗੋਲੀਆਂ ਅਤੇ ਕੈਪਸੂਲ ਬਰਾਮਦ ਕੀਤੇ ਹਨ। ਇਸ ਦੇ ਨਾਲ ਹੀ 39 ਜ਼ਿੰਦਾ ਰੌਂਦ ਅਤੇ 36 ਹਜ਼ਾਰ 600 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ।
ਸੀਆਈਏ ਫਿਰੋਜ਼ਪੁਰ ਵੱਲੋਂ ਦਰਜ ਇੱਕ ਹੋਰ ਮਾਮਲੇ ਵਿੱਚ ਦੋ ਆਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ ਇੱਕ ਗਲੌਕ ਪਿਸਟਲ, ਦੋ ਨਾਜਾਇਜ਼ 30 ਬੋਰ ਪਿਸਟਲ, ਤਿੰਨ ਮੈਗਜ਼ੀਨ ਅਤੇ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ ਹਨ।
ਪੁਲਿਸ ਮੁਤਾਬਕ ਬਰਾਮਦ ਕੀਤੀ ਗਈ ਨਕਦੀ ਵਿੱਚੋਂ ਇੱਕ ਕਾਰ ਵਿੱਚੋਂ 36 ਹਜ਼ਾਰ 600 ਰੁਪਏ ਅਤੇ ਦੂਜੀ ਕਾਰ ਵਿੱਚੋਂ 2 ਲੱਖ 80 ਹਜ਼ਾਰ ਰੁਪਏ ਦੀ ਡਰੱਗ ਮਨੀ ਮਿਲੀ ਹੈ। ਇਸ ਤਰ੍ਹਾਂ ਕੁੱਲ 3 ਲੱਖ 16 ਹਜ਼ਾਰ 600 ਰੁਪਏ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਹੈ।
ਫਿਰੋਜ਼ਪੁਰ ਪੁਲਿਸ ਨੇ ਕਿਹਾ ਹੈ ਕਿ ਨਸ਼ਾ ਤਸਕਰਾਂ, ਹਥਿਆਰ ਸਪਲਾਇਰਾਂ ਅਤੇ ਗੈਂਗਸਟਰ ਤੱਤਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਅੱਗੇ ਵੀ ਜਾਰੀ ਰਹੇਗੀ ਅਤੇ ਅਜਿਹੇ ਅਪਰਾਧਿਕ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
