ਆਸ਼ਾ ਵਰਕਰਾਂ ਦਾ ਹੱਲਾਬੋਲ: 28 ਹਜ਼ਾਰ ਤਨਖਾਹ ਅਤੇ 10% ਕੋਟੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ।
- kakkar.news
- July 9, 2026
- Punjab
ਆਸ਼ਾ ਵਰਕਰਾਂ ਦਾ ਹੱਲਾਬੋਲ: 28 ਹਜ਼ਾਰ ਤਨਖਾਹ ਅਤੇ 10% ਕੋਟੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ
ਫਿਰੋਜ਼ਪੁਰ, 9 ਜੁਲਾਈ 2026 ( ਅਨੁਜ ਕੱਕੜ ਟੀਨੂੰ )
ਆਲ ਇੰਡੀਆ ਆਸ਼ਾ ਵਰਕਰ ਯੂਨੀਅਨ ਵੱਲੋਂ ਅੱਜ ਫਿਰੋਜ਼ਪੁਰ ਵਿਖੇ ਆਪਣੀਆਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਨੂੰ ਲੈ ਕੇ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਆਸ਼ਾ ਵਰਕਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕ ਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਯੂਨੀਅਨ ਆਗੂਆਂ ਨੇ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਪਿਛਲੇ 18 ਸਾਲਾਂ ਤੋਂ ਸਿਹਤ ਵਿਭਾਗ ਵਿੱਚ ਆਸ਼ਾ ਵਰਕਰਾਂ ਤੋਂ ਨਿਗੁਣੇ ਭੱਤਿਆਂ ‘ਤੇ ਕੰਮ ਲੈ ਕੇ ਉਨ੍ਹਾਂ ਦਾ ਸ਼ੋਸ਼ਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਆਸ਼ਾ ਵਰਕਰਾਂ ਨੂੰ ਤਨਖਾਹਾਂ ਦੇ ਪ੍ਰਬੰਧ ਹੇਠ ਲਿਆਂਦਾ ਜਾਵੇ ਅਤੇ ਉਜ਼ਰਤ ਕਾਨੂੰਨਾਂ ਨੂੰ ਲਾਗੂ ਕਰਦੇ ਹੋਏ ਘੱਟੋ-ਘੱਟ 28 ਹਜ਼ਾਰ ਰੁਪਏ ਮਹੀਨਾਵਾਰ ਤਨਖਾਹ ਦੇ ਕੇ ਰੈਗੂਲਰ ਕੀਤਾ ਜਾਵੇ।
ਯੂਨੀਅਨ ਨੇ ਮੰਗ ਕੀਤੀ ਕਿ ਸੇਵਾ ਮੁਕਤੀ ਸਮੇਂ 5 ਲੱਖ ਰੁਪਏ ਦੀ ਗ੍ਰੈਚੁਟੀ ਅਤੇ ਪੈਨਸ਼ਨ, ਫਿਕਸ ਭੱਤੇ ਵਿੱਚ ਵਾਧਾ, ਕੱਟੇ ਗਏ ਭੱਤਿਆਂ ਦੀ ਬਹਾਲੀ, ਫੈਸੀਲਿਟੇਟਰਾਂ ਨੂੰ ਕੇਂਦਰ ਵੱਲੋਂ ਮਿਲਦੇ ਭੱਤੇ ਅਤੇ ਟੂਰ ਮਨੀ ਵਿੱਚ ਵਾਧਾ, ਹਰ ਆਨਲਾਈਨ ਕੰਮ ਦਾ ਵੱਖਰਾ ਭੱਤਾ ਅਤੇ ਕਲਾਸ-4 ਦੀ ਭਰਤੀ ਵਿੱਚ 10 ਫ਼ੀਸਦੀ ਰਾਖਵਾਂ ਕੋਟਾ ਸਮੇਤ ਹੋਰ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ।
ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਜਲਦੀ ਮੰਗਾਂ ਨਹੀਂ ਮੰਨੀਆਂ ਤਾਂ 24 ਜੁਲਾਈ 2026 ਨੂੰ ਪੰਜਾਬ ਭਰ ਵਿੱਚ ਆਪਣੇ-ਆਪਣੇ ਹਲਕਿਆਂ ਦੇ ਵਿਧਾਇਕਾਂ (ਐਮ.ਐਲ.ਏ.) ਦੇ ਦਫ਼ਤਰਾਂ ਅੱਗੇ ਘੜਾ ਭੰਨ ਰੋਸ਼ ਮੁਜ਼ਾਹਰੇ ਕੀਤੇ ਜਾਣਗੇ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।
