-11 ਅਤੇ 12 ਜੁਲਾਈ ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ‘ਤੇ ਲੱਗਣਗੇ ਵਿਸ਼ੇਸ਼ ਕੈਂਪ : ਦੀਪਸ਼ਿਖਾ ਸ਼ਰਮਾ
- kakkar.news
- July 10, 2026
- Politics Punjab
-11 ਅਤੇ 12 ਜੁਲਾਈ ਨੂੰ ਜ਼ਿਲ੍ਹੇ ਦੇ ਸਮੂਹ ਪੋਲਿੰਗ ਸਟੇਸ਼ਨਾਂ ‘ਤੇ ਲੱਗਣਗੇ ਵਿਸ਼ੇਸ਼ ਕੈਂਪ : ਦੀਪਸ਼ਿਖਾ ਸ਼ਰਮਾ
– ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ-2026 ਤਹਿਤ ਐਨਿਊਮਰੇਸ਼ਨ ਫਾਰਮ ਜਮ੍ਹਾਂ ਕਰਵਾਉਣ ਅਤੇ ਡਿਜੀਟਾਈਜ਼ੇਸ਼ਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪ੍ਰਬੰਧ ਪੂਰੇ
ਫ਼ਿਰੋਜ਼ਪੁਰ, 10 ਜੁਲਾਈ 2026 (ਅਨੁਜ ਕੱਕੜ ਟੀਨੂੰ)
ਮੁੱਖ ਚੋਣ ਅਫ਼ਸਰ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵੋਟਰ ਸੂਚੀ ਦੀ ਵਿਸ਼ੇਸ਼ ਗਹਿਰੀ ਸੁਧਾਈ (ਐਸ.ਆਈ.ਆਰ -2026) ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਸਮੂਹ ਪੋਲਿੰਗ ਸਟੇਸ਼ਨਾਂ ‘ਤੇ 11 ਅਤੇ 12 ਜੁਲਾਈ, 2026 ਨੂੰ ਵਿਸ਼ੇਸ਼ ਕੈਂਪ ਲਗਾਏ ਜਾਣਗੇ। ਇਹ ਜਾਣਕਾਰੀ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਇਹ ਵਿਸ਼ੇਸ਼ ਕੈਂਪ ਸਵੇਰੇ 8:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਲਗਾਏ ਜਾਣਗੇ, ਜਿੱਥੇ ਸਮੂਹ ਬੂਥ ਲੈਵਲ ਅਫ਼ਸਰ (ਬੀਐਲਓ) ਹਾਜ਼ਰ ਰਹਿਣਗੇ। ਇਸ ਦੌਰਾਨ ਯੋਗ ਵੋਟਰ ਆਪਣੇ ਐਨਿਊਮਰੇਸ਼ਨ ਫਾਰਮ ਜਮ੍ਹਾਂ ਕਰਵਾ ਸਕਣਗੇ ਅਤੇ ਪਹਿਲਾਂ ਜਮ੍ਹਾਂ ਹੋਏ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਦਾ ਕੰਮ ਵੀ ਤੇਜ਼ੀ ਨਾਲ ਕੀਤਾ ਜਾਵੇਗਾ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜਿਨ੍ਹਾਂ ਬੀ.ਐੱਲ.ਓਜ਼ ਵੱਲੋਂ 100 ਫੀਸਦੀ ਡਿਜੀਟਾਈਜ਼ੇਸ਼ਨ ਕੀਤੀ ਜਾ ਚੁੱਕੀ ਹੈ, ਉਹ ਰਿਕਾਰਡ ਵਿੱਚ ਮੌਜੂਦ ਖਾਮੀਆਂ ਨੂੰ ਦੂਰ ਕਰਨ ‘ਤੇ ਧਿਆਨ ਦੇਣਗੇ। ਜਿਨ੍ਹਾਂ ਬੂਥਾਂ ‘ਤੇ ਫਾਰਮਾਂ ਦੀ ਡਿਜੀਟਾਈਜ਼ੇਸ਼ਨ ਬਾਕੀ ਹੈ, ਉੱਥੇ ਇਕੱਤਰ ਕੀਤੇ ਗਏ ਫਾਰਮਾਂ ਨੂੰ ਤੁਰੰਤ ਡਿਜੀਟਾਈਜ਼ ਕਰਨ ਦੇ ਨਾਲ-ਨਾਲ ਬਾਕੀ ਰਹਿੰਦੇ ਫਾਰਮ ਵੀ ਇਕੱਤਰ ਕੀਤੇ ਜਾਣਗੇ। ਘੱਟ ਪ੍ਰਗਤੀ ਵਾਲੇ ਬੂਥਾਂ ‘ਤੇ ਫਾਰਮਾਂ ਦੀ ਇਕੱਤਰਤਾ ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਇੱਕੋ ਸਮੇਂ ਚਲਾਇਆ ਜਾਵੇਗਾ।
ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਵਿਧਾਨ ਸਭਾ ਹਲਕਾ 75-ਜ਼ੀਰਾ ਵਿੱਚ ਐਸ.ਡੀ.ਐਮ ਜ਼ੀਰਾ, 76-ਫ਼ਿਰੋਜ਼ਪੁਰ (ਸ਼ਹਿਰੀ) ਵਿੱਚ ਐਸ.ਡੀ.ਐਮ ਫ਼ਿਰੋਜ਼ਪੁਰ, 77-ਫ਼ਿਰੋਜ਼ਪੁਰ (ਦਿਹਾਤੀ) ਵਿੱਚ ਏ.ਡੀ.ਸੀ (ਵਿਕਾਸ) ਫ਼ਿਰੋਜ਼ਪੁਰ ਅਤੇ 78-ਗੁਰੂ ਹਰਸਹਾਏ ਵਿੱਚ ਐਸ.ਡੀ.ਐਮ ਗੁਰੂ ਹਰਸਹਾਏ ਬਤੌਰ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਡਿਊਟੀ ਨਿਭਾ ਰਹੇ ਹਨ। ਜ਼ਿਲ੍ਹੇ ਵਿੱਚ ਕੁੱਲ 903 ਪੋਲਿੰਗ ਬੂਥ, 903 ਬੀ.ਐਲ.ਓਜ਼ ਅਤੇ 91 ਸੈਕਟਰ ਅਫ਼ਸਰ ਤੈਨਾਤ ਕੀਤੇ ਗਏ ਹਨ।
ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਵਿਸ਼ੇਸ਼ ਕੈਂਪਾਂ ਨੂੰ ਸਫਲ ਬਣਾਉਣ ਲਈ ਹੋਰ ਸਬੰਧਤ ਵਿਭਾਗਾਂ ਸਕੂਲਾਂ ਦੇ ਸਟਾਫ਼, ਮਾਲ ਵਿਭਾਗ ਦੇ ਪਟਵਾਰੀਆਂ, ਆਂਗਣਵਾੜੀ ਵਰਕਰਾਂ, ਸ਼ਹਿਰੀ ਖੇਤਰਾਂ ਵਿੱਚ ਨਗਰ ਕੌਂਸਲਾਂ ਦੇ ਕਰਮਚਾਰੀਆਂ ਅਤੇ ਏ.ਐੱਲ.ਐੱਮ.ਟੀਜ਼./ਡੀ.ਐੱਲ.ਐੱਮ.ਟੀਜ਼./ਬੀ.ਐੱਲ.ਓ. ਸੁਪਰਵਾਈਜ਼ਰਾਂ ਦੀ ਵੀ ਡਿਊਟੀ ਲਗਾਈ ਗਈ ਹੈ, ਤਾਂ ਜੋ ਵੱਧ ਤੋਂ ਵੱਧ ਫਾਰਮ ਇਕੱਤਰ ਕਰਨ ਅਤੇ ਡਿਜੀਟਾਈਜ਼ੇਸ਼ਨ ਦਾ ਕੰਮ ਸਮੇਂ ਸਿਰ ਮੁਕੰਮਲ ਕੀਤਾ ਜਾ ਸਕੇ।
ਉਨ੍ਹਾਂ ਸਮੂਹ ਯੋਗ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 11 ਅਤੇ 12 ਜੁਲਾਈ ਨੂੰ ਆਪਣੇ ਨੇੜਲੇ ਪੋਲਿੰਗ ਸਟੇਸ਼ਨ ‘ਤੇ ਪਹੁੰਚ ਕੇ ਐਨਿਊਮਰੇਸ਼ਨ ਫਾਰਮ ਜਮ੍ਹਾਂ ਕਰਵਾਉਣ ਅਤੇ ਵੋਟਰ ਸੂਚੀ ਦੀ ਇਸ ਮਹੱਤਵਪੂਰਨ ਪ੍ਰਕਿਰਿਆ ਨੂੰ ਸਫਲ ਬਣਾਉਣ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ। ਇਸ ਦੇ ਨਾਲ ਹੀ ਉਨ੍ਹਾਂ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਬੂਥ ਲੈਵਲ ਏਜੰਟਾਂ ਨੂੰ ਵੀ ਅਪੀਲ ਕੀਤੀ ਕਿ ਵੱਧ ਤੋਂ ਵੱਧ ਯੋਗ ਵੋਟਰਾਂ ਨੂੰ ਇਨ੍ਹਾਂ ਵਿਸ਼ੇਸ਼ ਕੈਂਪਾਂ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕੀਤਾ ਜਾਵੇ।
