ਅਗਨੀਵੀਰ ਆਰਮੀ ਭਰਤੀ ਲਈ ਫਿਜ਼ੀਕਲ ਟੈਸਟ ਦੀ ਤਿਆਰੀ ਕੈਂਪ ਸ਼ੁਰੂ : ਕੈਪਟਨ ਗੁਰਦਰਸ਼ਨ ਸਿੰਘ
- kakkar.news
- July 14, 2026
- Punjab
ਅਗਨੀਵੀਰ ਆਰਮੀ ਭਰਤੀ ਲਈ ਫਿਜ਼ੀਕਲ ਟੈਸਟ ਦੀ ਤਿਆਰੀ ਕੈਂਪ ਸ਼ੁਰੂ : ਕੈਪਟਨ ਗੁਰਦਰਸ਼ਨ ਸਿੰਘ
ਫ਼ਿਰੋਜ਼ਪੁਰ, 14 ਜੁਲਾਈ (ਅਨੁਜ ਕੱਕੜ ਟੀਨੂੰ)
ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ (ਫ਼ਿਰੋਜ਼ਪੁਰ) ਦੇ ਕੈਂਪ ਟ੍ਰੇਨਿੰਗ ਅਫ਼ਸਰ ਕੈਪਟਨ (ਰਿਟਾਇਡ) ਗੁਰਦਰਸ਼ਨ ਸਿੰਘ ਨੇ ਜਾਣਕਾਰੀ ਦਿੱਤੀ ਕਿ ਜਿਨ੍ਹਾਂ ਨੌਜਵਾਨਾਂ ਨੇ ਜੂਨ 2026 ਵਿੱਚ ਅਗਨੀਵੀਰ ਦੀ ਲਿਖਤੀ ਪ੍ਰੀਖਿਆ ਦਿੱਤੀ ਸੀ ਉਸ ਦਾ ਰਿਜਲਟ ਆ ਗਿਆ ਹੈ। ਜਿਹੜੇ ਨੌਜਵਾਨ ਪਾਸ ਹੋ ਗਏ ਹਨ ਅਤੇ ਫ਼ਿਜ਼ੀਕਲ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਰਿਪੋਰਟ ਕਰਨ।
ਉਨ੍ਹਾਂ ਕਿਹਾ ਕਿ ਫ਼ਿਰੋਜ਼ਪੁਰ, ਫ਼ਾਜਿਲਕਾ, ਸ੍ਰੀ ਮੁਕਤਸਰ ਸਾਹਿਬ ਅਤੇ ਫ਼ਰੀਦਕੋਟ ਜ਼ਿਲ੍ਹਿਆਂ ਦੇ ਨੌਜਵਾਨਾਂ ਦੀ ਫਿਜੀਕਲ ਟੈਸਟ ਦੀ ਟ੍ਰੇਨਿੰਗ 08 ਜੂਨ 2026 ਤੋਂ ਚੱਲ ਰਹੀ ਹੈ। ਫ਼ਿਜੀਕਲ ਟੈਸਟ ਦੀ ਟ੍ਰੇਨਿੰਗ ਸੀ-ਪਾਈਟ ਦੇ ਤਜ਼ਰਬੇਕਾਰ ਸਟਾਫ ਅਤੇ ਫੌਜ਼ ਦੇ ਤਜ਼ਰਬੇਕਾਰ ਸਟਾਫ ਵੱਲੋਂ ਕਰਵਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਗਨੀਵੀਰ ਆਰਮੀ ਭਰਤੀ ਰੈਲੀ 18 ਅਗਸਤ 2026 ਤੋਂ ਸ਼ੁਰੂ ਹੋਵੇਗੀ। ਇਸ ਲਈ ਨੌਜਵਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਲਾਭ ਉਠਾਉਣ ਅਤੇ ਜਲਦੀ ਤੋਂ ਜਲਦੀ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ ਰਿਪੋਰਟ ਕਰਨ ਕਿਉਂਕਿ ਫਿਜੀਕਲ ਦੀ ਤਿਆਰੀ ਲਈ ਸਮਾਂ ਬਹੁਤ ਘੱਟ ਹੈ।
ਸ. ਗੁਰਦਰਸ਼ਨ ਸਿੰਘ ਨੇ ਕਿਹਾ ਕਿ ਚਾਹਵਾਨ ਨੌਜਵਾਨ ਸਵੇਰੇ 09:00 ਵਜੇ ਤੋਂ 11:30 ਵਜੇ ਤੱਕ ਕੈਂਪ ਵਿੱਚ ਪਹੁੰਚ ਕੇ ਦਾਖਲਾ ਕਰਵਾ ਸਕਦੇ ਹਨ। ਕੈਂਪ ਵਿੱਚ ਆਉਣ ਸਮੇਂ ਆਨ ਲਾਈਨ ਰਿਜਸਟਰੇਸ਼ਨ ਦੀ ਇੱਕ ਕਾਪੀ, ਦਸਵੀਂ ਦਾ ਅਸਲ ਸਰਟੀਫਿਕੇਟ, ਦਸਵੀਂ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਪੰਜਾਬ ਰੈਜੀਡੈਂਸ ਦੀ ਫੋਟੋ ਸਟੇਟ ਕਾਪੀ, ਜਾਤਿ ਦੇ ਸਰਟੀਫਿਕੇਟ ਦੀ ਫੋਟੋ ਸਟੇਟ ਕਾਪੀ, ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ, ਬੈਂਕ ਖਾਤੇ ਦੀ ਫੋਟੋ ਸਟੇਟ ਕਾਪੀ ਤੇ ਖਾਤਾ ਚਾਲੂ ਹਾਲਤ ਵਿੱਚ ਹੋਵੇ ਅਤੇ ਇੱਕ ਪਾਸਪੋਰਟ ਸਾਈਜ਼ ਦੀ ਫੋਟੋ, ਇੱਕ ਕਾਪੀ ਇੱਕ ਪੈੱਨ, ਖਾਣਾ ਖਾਣ ਲਈ ਬਰਤਨ, ਰਹਿਣ ਲਈ ਬਿਸਤਰਾ ਆਦਿ ਨਾਲ ਲੈ ਕੇ ਆਉਣ। ਭਰਤੀ ਲਈ ਉਮੀਦਵਾਰ ਦੀ ਛਾਤੀ ਬਿਨ੍ਹਾਂ ਫੁਲਾ ਕੇ 77 ਸੈਂਟੀਮੀਟਰ ਤੇ ਫੁਲਾ ਕੇ 82 ਸੈਂਟੀਮੀਟਰ ਅਤੇ ਕੱਦ 05 ਫੁੱਟ 07 ਇੰਚ ਹੋਵੇ। ਕੈਂਪ ਵਿੱਚ ਰਹਿਣ ਸਮੇਂ ਖਾਣਾ ਅਤੇ ਰਹਾਇਸ਼ ਬਿਲਕੁੱਲ ਮੁਫਤ ਦਿੱਤੀ ਜਾਵੇਗੀ ਅਤੇ ਫਿਜ਼ੀਕਲ ਦੀ ਤਿਆਰੀ ਦੀ ਕੋਈ ਵੀ ਫੀਸ ਨਹੀਂ ਲਈ ਜਾਵੇਗੀ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਮੋ. ਨੰ: 73476-66557 ’ਤੇ ਸਪੰਰਕ ਕੀਤਾ ਜਾ ਸਕਦਾ ਹੈ।
