ਸੀ.ਐੱਮ. ਦੀ ਯੋਗਸ਼ਾਲਾ ਵਿੱਚ ਹਜ਼ਾਰਾਂ ਲੋਕ ਰੋਜ਼ਾਨਾ ਲੈ ਰਹੇ ਹਨ ਮੁਫ਼ਤ ਯੋਗਾ ਕਲਾਸਾਂ ਦਾ ਲਾਭ: ਡੀ.ਸੀ
- kakkar.news
- July 17, 2026
- Punjab
ਸੀ.ਐੱਮ. ਦੀ ਯੋਗਸ਼ਾਲਾ ਵਿੱਚ ਹਜ਼ਾਰਾਂ ਲੋਕ ਰੋਜ਼ਾਨਾ ਲੈ ਰਹੇ ਹਨ ਮੁਫ਼ਤ ਯੋਗਾ ਕਲਾਸਾਂ ਦਾ ਲਾਭ: ਡੀ.ਸੀ
ਫ਼ਿਰੋਜ਼ਪੁਰ, 17 ਜੁਲਾਈ 2026 (ਅਨੁਜ ਕੱਕੜ ਟੀਨੂੰ)
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨਿਰੋਗ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਦੇ ਮੰਤਵ ਨਾਲ ਚਲਾਈ ਜਾ ਰਹੀ ਸੀ.ਐੱਮ. ਦੀ ਯੋਗਸ਼ਾਲਾ ਮੁਹਿੰਮ ਤਹਿਤ ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਹਰ ਰੋਜ਼ ਸਵੇਰੇ ਅਤੇ ਸ਼ਾਮ ਮੁਫ਼ਤ ਯੋਗਾ ਕਲਾਸਾਂ ਰਾਹੀਂ ਹਜ਼ਾਰਾਂ ਲੋਕ ਸਿਹਤਮੰਦ ਜੀਵਨਸ਼ੈਲੀ ਵੱਲ ਕਦਮ ਵਧਾ ਰਹੇ ਹਨ। ਯੋਗਾ ਪ੍ਰਤੀ ਲੋਕਾਂ ਦੀ ਦਿਲਚਸਪੀ ਲਗਾਤਾਰ ਵਧ ਰਹੀ ਹੈ ਅਤੇ ਹਰ ਉਮਰ ਵਰਗ ਦੇ ਲੋਕ ਇਨ੍ਹਾਂ ਕਲਾਸਾਂ ਵਿੱਚ ਉਤਸ਼ਾਹ ਨਾਲ ਭਾਗ ਲੈ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦੀਪਸ਼ਿਖਾ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਤਜ਼ਰਬੇਕਾਰ ਯੋਗਾ ਟਰੇਨਰਾਂ ਰਾਹੀਂ ਨਿਯਮਿਤ ਤੌਰ ‘ਤੇ ਮੁਫ਼ਤ ਯੋਗਾ ਕਲਾਸਾਂ ਲਗਾਈਆਂ ਜਾ ਰਹੀਆਂ ਹਨ। ਇਨ੍ਹਾਂ ਕਲਾਸਾਂ ਨਾਲ ਲੋਕਾਂ ਦੀ ਸਰੀਰਕ ਤੰਦਰੁਸਤੀ ਦੇ ਨਾਲ-ਨਾਲ ਮਾਨਸਿਕ ਸਿਹਤ ਵਿੱਚ ਵੀ ਸਕਾਰਾਤਮਕ ਸੁਧਾਰ ਆ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਬਲਾਕ ਫ਼ਿਰੋਜ਼ਪੁਰ ਵਿੱਚ 30 ਯੋਗਾ ਟਰੇਨਰਾਂ ਵੱਲੋਂ 144 ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਲਗਭਗ 4,000 ਮੈਂਬਰ ਜੁੜੇ ਹੋਏ ਹਨ। ਬਲਾਕ ਘੱਲ ਖੁਰਦ ਵਿੱਚ 11 ਟਰੇਨਰਾਂ ਰਾਹੀਂ 66 ਕਲਾਸਾਂ ਵਿੱਚ ਕਰੀਬ 2,000 ਮੈਂਬਰ ਯੋਗਾ ਕਰ ਰਹੇ ਹਨ। ਬਲਾਕ ਮੱਖੂ ਵਿੱਚ 9 ਟਰੇਨਰਾਂ ਵੱਲੋਂ 45 ਕਲਾਸਾਂ ਰਾਹੀਂ ਲਗਭਗ 1,400 ਮੈਂਬਰਾਂ ਨੂੰ ਯੋਗਾ ਕਰਵਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਬਲਾਕ ਗੁਰੂਹਰਸਹਾਏ ਵਿੱਚ ਸਭ ਤੋਂ ਵੱਧ 60 ਯੋਗਾ ਟਰੇਨਰਾਂ ਵੱਲੋਂ 252 ਕਲਾਸਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਕਰੀਬ 6,500 ਮੈਂਬਰ ਜੁੜੇ ਹੋਏ ਹਨ। ਇਸੇ ਤਰ੍ਹਾਂ ਬਲਾਕ ਮਮਦੋਟ ਵਿੱਚ 39 ਟਰੇਨਰਾਂ ਰਾਹੀਂ 152 ਕਲਾਸਾਂ ਵਿੱਚ ਲਗਭਗ 5,000 ਮੈਂਬਰ ਅਤੇ ਬਲਾਕ ਜ਼ੀਰਾ ਵਿੱਚ 7 ਟਰੇਨਰਾਂ ਵੱਲੋਂ 40 ਕਲਾਸਾਂ ਰਾਹੀਂ ਕਰੀਬ 1,200 ਮੈਂਬਰ ਨਿਯਮਿਤ ਤੌਰ ‘ਤੇ ਯੋਗਾ ਦਾ ਲਾਭ ਲੈ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਮੁੱਚੇ ਜ਼ਿਲ੍ਹੇ ਵਿੱਚ ਇਸ ਵੇਲੇ 699 ਮੁਫ਼ਤ ਯੋਗਾ ਕਲਾਸਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨਾਲ ਕਰੀਬ 20,100 ਮੈਂਬਰ ਜੁੜੇ ਹੋਏ ਹਨ। ਇਹ ਅੰਕੜੇ ਜ਼ਿਲ੍ਹੇ ਵਿੱਚ ਯੋਗਾ ਪ੍ਰਤੀ ਲੋਕਾਂ ਦੇ ਵਧਦੇ ਵਿਸ਼ਵਾਸ ਅਤੇ ਉਤਸ਼ਾਹ ਨੂੰ ਦਰਸਾਉਂਦੇ ਹਨ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਰੋਜ਼ਾਨਾ ਦੀ ਜੀਵਨਸ਼ੈਲੀ ਵਿੱਚ ਯੋਗਾ ਨੂੰ ਸ਼ਾਮਲ ਕਰਕੇ ਤੰਦਰੁਸਤ ਅਤੇ ਨਿਰੋਗ ਜੀਵਨ ਵੱਲ ਕਦਮ ਵਧਾਉਣ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਿੰਡ ਜਾਂ ਮੁਹੱਲੇ ਦੇ ਘੱਟੋ-ਘੱਟ 25 ਵਿਅਕਤੀ ਯੋਗਾ ਕਲਾਸਾਂ ਸ਼ੁਰੂ ਕਰਵਾਉਣ ਦੇ ਇੱਛੁਕ ਹੋਣ ਤਾਂ ਪੰਜਾਬ ਸਰਕਾਰ ਵੱਲੋਂ ਉਥੇ ਮੁਫ਼ਤ ਯੋਗਾ ਟਰੇਨਰ ਦੀ ਵਿਵਸਥਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਯੋਗਾ ਕਲਾਸਾਂ ਸ਼ੁਰੂ ਕਰਵਾਉਣ ਜਾਂ ਹੋਰ ਜਾਣਕਾਰੀ ਲਈ 76694-00500 ‘ਤੇ ਮਿਸਡ ਕਾਲ ਦਿੱਤੀ ਜਾ ਸਕਦੀ ਹੈ ਜਾਂ 78888-40115 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ cmdiyogshala.punjab.gov.in ‘ਤੇ ਰਜਿਸਟ੍ਰੇਸ਼ਨ ਕਰਕੇ ਵੀ ਮੁਫ਼ਤ ਯੋਗਾ ਕਲਾਸਾਂ ਦਾ ਲਾਭ ਲਿਆ ਜਾ ਸਕਦਾ ਹੈ।
