ਫਿਰੋਜ਼ਪੁਰ ਦੇ ਹੋਟਲ ਵਿੱਚ 25 ਸਾਲਾ ਨੌਜਵਾਨ ਦੀ ਭੇਦਭਰੀ ਮੌਤ, ਪਤਨੀ ਨੇ ਲਗਾਏ ਕਤਲ ਦੇ ਦੋਸ਼
- kakkar.news
- July 21, 2026
- Crime Punjab
ਫਿਰੋਜ਼ਪੁਰ ਦੇ ਹੋਟਲ ਵਿੱਚ 25 ਸਾਲਾ ਨੌਜਵਾਨ ਦੀ ਭੇਦਭਰੀ ਮੌਤ, ਪਤਨੀ ਨੇ ਲਗਾਏ ਕਤਲ ਦੇ ਦੋਸ਼
ਫਿਰੋਜ਼ਪੁਰ 21 ਜੁਲਾਈ 2026( ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਸ਼ਹਿਰ ਦੇ ਇੱਕ ਹੋਟਲ ਵਿੱਚ 25 ਸਾਲਾ ਨੌਜਵਾਨ ਦੀ ਭੇਦਭਰੀ ਹਾਲਾਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਕੁਲਵੰਤ ਸਿੰਘ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪਰਿਵਾਰ ਨੇ ਇਸ ਨੂੰ ਖੁਦਕੁਸ਼ੀ ਨਹੀਂ, ਸਗੋਂ ਕਤਲ ਕਰਾਰ ਦਿੰਦਿਆਂ ਗੰਭੀਰ ਦੋਸ਼ ਲਗਾਏ ਹਨ।
ਮ੍ਰਿਤਕ ਦੀ ਪਤਨੀ ਕੁਲਵਿੰਦਰ ਕੌਰ ਨੇ ਦੋਸ਼ ਲਗਾਇਆ ਕਿ ਇੱਕ ਲੜਕੀ ਮਨਦੀਪ ਕੌਰ, ਜੋ ਹਬੀਬ ਕੇ ਪਿੰਡ ਦੀ ਰਹਿਣ ਵਾਲੀ ਹੈ, ਅਤੇ ਉਸ ਦੇ ਪਰਿਵਾਰਕ ਮੈਂਬਰ ਉਸ ਦੇ ਪਤੀ ਨੂੰ ਕਾਫ਼ੀ ਸਮੇਂ ਤੋਂ ਤੰਗ-ਪਰੇਸ਼ਾਨ ਕਰ ਰਹੇ ਸਨ। ਉਨ੍ਹਾਂ ਦਾ ਦਾਅਵਾ ਹੈ ਕਿ ਮਨਦੀਪ ਕੌਰ ਨੇ ਕੁਲਵੰਤ ਸਿੰਘ ਨੂੰ ਹੋਟਲ ਵਿੱਚ ਬੁਲਾਇਆ, ਜਿੱਥੇ ਬਾਅਦ ਵਿੱਚ ਆਪਣੇ ਸਾਥੀਆਂ ਨੂੰ ਬੁਲਾ ਕੇ ਉਸ ਦਾ ਕਤਲ ਕਰ ਦਿੱਤਾ।
ਕੁਲਵਿੰਦਰ ਕੌਰ ਨੇ ਕਿਹਾ ਕਿ ਉਸ ਦਾ ਪਤੀ ਘਰੋਂ ਹੱਸਦਾ-ਖੇਡਦਾ ਨਿਕਲਿਆ ਸੀ ਅਤੇ ਉਸ ਨੂੰ ਇਹ ਕਹਿ ਕੇ ਗਿਆ ਸੀ ਕਿ ਉਹ ਸ਼ਾਮ ਤੱਕ ਘਰ ਵਾਪਸ ਆ ਜਾਵੇਗਾ। ਪਰ ਜਦੋਂ ਉਹ ਘਰ ਨਹੀਂ ਪਹੁੰਚਿਆ ਤਾਂ ਬਾਅਦ ਵਿੱਚ ਪਰਿਵਾਰ ਨੂੰ ਜਾਣਕਾਰੀ ਮਿਲੀ ਕਿ ਹੋਟਲ ਦੇ ਕਮਰੇ ਵਿੱਚ ਉਸ ਦੀ ਮੌਤ ਹੋ ਗਈ। ਪਰਿਵਾਰ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ।
ਇਸ ਘਟਨਾ ਦੇ ਵਿਰੋਧ ਵਿੱਚ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਹੋਰ ਸਮਰਥਕਾਂ ਵੱਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਸੜਕ ‘ਤੇ ਧਰਨਾ ਲਗਾ ਕੇ ਆਵਾਜਾਈ ਜਾਮ ਕਰ ਦਿੱਤੀ ਗਈ ਹੈ। ਪਰਿਵਾਰ ਵੱਲੋਂ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਹ ਧਰਨਾ ਸਵੇਰ ਤੋਂ ਲਗਾਤਾਰ ਜਾਰੀ ਹੈ ਅਤੇ ਫਿਰੋਜ਼ਪੁਰ ਛਾਉਣੀ ਦੇ ਪਾਇਲਟ ਚੌਂਕ ਨੂੰ ਪਰਿਵਾਰਕ ਮੈਂਬਰਾਂ ਵੱਲੋਂ ਬਲਾਕ ਕੀਤਾ ਗਿਆ ਹੈ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ ਹੈ।
ਮੌਕੇ ‘ਤੇ ਪੁਲਿਸ ਦੇ ਅਧਿਕਾਰੀ ਅਤੇ ਹੋਰ ਪੁਲਿਸ ਕਰਮਚਾਰੀ ਤਾਇਨਾਤ ਹਨ। ਪੁਲਿਸ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਸਮਝਾਉਣ ਅਤੇ ਧਰਨਾ ਖਤਮ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਆਵਾਜਾਈ ਨੂੰ ਮੁੜ ਸੁਚਾਰੂ ਬਣਾਇਆ ਜਾ ਸਕੇ।
ਉੱਧਰ, ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨ ਦਰਜ ਕਰ ਲਏ ਗਏ ਹਨ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ‘ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
