ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ: ਦੋ ਵੱਖ-ਵੱਖ ਮਾਮਲਿਆਂ ‘ਚ ਅਫੀਮ, ਹੈਰੋਇਨ ਤੇ ਨਾਜਾਇਜ਼ ਪਿਸਤੌਲ ਬਰਾਮਦ
- kakkar.news
- July 22, 2026
- Crime Punjab
ਫਿਰੋਜ਼ਪੁਰ ਪੁਲਿਸ ਦੀ ਵੱਡੀ ਕਾਰਵਾਈ: ਦੋ ਵੱਖ-ਵੱਖ ਮਾਮਲਿਆਂ ‘ਚ ਅਫੀਮ, ਹੈਰੋਇਨ ਤੇ ਨਾਜਾਇਜ਼ ਪਿਸਤੌਲ ਬਰਾਮਦ
ਫਿਰੋਜ਼ਪੁਰ, 22 ਜੁਲਾਈ 2026 (ਅਨੁਜ ਕੱਕੜ ਟੀਨੂੰ)
ਫਿਰੋਜ਼ਪੁਰ ਪੁਲਿਸ ਨੇ ਨਸ਼ਾ ਤਸਕਰੀ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਦੋ ਵੱਖ-ਵੱਖ ਕਾਰਵਾਈਆਂ ਦੌਰਾਨ ਇੱਕ ਵਿਅਕਤੀ ਨੂੰ 500 ਗ੍ਰਾਮ ਅਫੀਮ ਸਮੇਤ ਅਤੇ ਦੂਜੇ ਨੂੰ 30 ਗ੍ਰਾਮ ਹੈਰੋਇਨ ਅਤੇ ਨਾਜਾਇਜ਼ ਪਿਸਤੌਲ ਸਮੇਤ ਕਾਬੂ ਕੀਤਾ ਹੈ।
ਪਹਿਲੇ ਮਾਮਲੇ ਵਿਚ 21 ਜੁਲਾਈ 2026 ਨੂੰ ਪੁਲਿਸ ਪਾਰਟੀ ਗਸ਼ਤ ਦੌਰਾਨ ਗੁਰਦੁਆਰਾ ਜਾਮਨੀ ਸਾਹਿਬ ਦੇ ਮੁੱਖ ਗੇਟ ਤੋਂ ਜੀਰਾ ਰੋਡ ਵੱਲ ਜਾ ਰਹੀ ਸੀ। ਇਸ ਦੌਰਾਨ ਇੱਕ ਨੌਜਵਾਨ ਪੁਲਿਸ ਦੀ ਸਰਕਾਰੀ ਗੱਡੀ ਨੂੰ ਦੇਖ ਕੇ ਆਪਣੇ ਹੱਥ ਵਿੱਚ ਫੜਿਆ ਕਾਲੇ ਰੰਗ ਦਾ ਲਿਫਾਫਾ ਸੁੱਟ ਕੇ ਤੇਜ਼ੀ ਨਾਲ ਤੁਰਨ ਲੱਗ ਪਿਆ। ਸ਼ੱਕ ਦੇ ਆਧਾਰ ‘ਤੇ ਪੁਲਿਸ ਨੇ ਉਸ ਨੂੰ ਕਾਬੂ ਕਰਕੇ ਸੁੱਟੇ ਗਏ ਲਿਫਾਫੇ ਦੀ ਤਲਾਸ਼ੀ ਲਈ, ਜਿਸ ਵਿੱਚੋਂ 500 ਗ੍ਰਾਮ ਅਫੀਮ ਬਰਾਮਦ ਹੋਈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਅਤੇ ਦੂਜੇ ਮਾਮਲੇ ਵਿਚ ਕਾਰਵਾਈ ਦੌਰਾਨ ਪੁਲਿਸ ਪਾਰਟੀ ਫਿਰੋਜ਼ਪੁਰ-ਮੋਗਾ ਰੋਡ ‘ਤੇ ਐਸ.ਬੀ.ਐਸ. ਕਾਲਜ ਤੋਂ ਅੱਗੇ ਗਸ਼ਤ ਕਰ ਰਹੀ ਸੀ ਤਾਂ ਇੱਕ ਖਾਸ ਮੁਖਬਰ ਨੇ ਸੂਚਨਾ ਦਿੱਤੀ ਕਿ ਸੰਦੀਪ ਉਰਫ਼ ਸ਼ਪੀ, ਵਾਸੀ ਨੂਰਪੁਰ ਸੇਠਾਂ, ਕਥਿਤ ਤੌਰ ‘ਤੇ ਹੈਰੋਇਨ ਵੇਚਣ ਦਾ ਧੰਦਾ ਕਰਦਾ ਹੈ ਅਤੇ ਉਸ ਕੋਲ ਇੱਕ ਨਾਜਾਇਜ਼ ਪਿਸਤੌਲ ਵੀ ਹੈ। ਮੁਖਬਰ ਨੇ ਦੱਸਿਆ ਕਿ ਉਹ ਦਾਣਾ ਮੰਡੀ ਫਿਰੋਜ਼ਪੁਰ ਕੈਂਟ ਵਿੱਚ ਗਾਹਕਾਂ ਦੀ ਉਡੀਕ ਕਰ ਰਿਹਾ ਹੈ।
ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਰੇਡ ਕਰਕੇ ਸੰਦੀਪ ਉਰਫ਼ ਸ਼ਪੀ ਨੂੰ ਕਾਬੂ ਕਰ ਲਿਆ। ਪੁਲਿਸ ਮੁਤਾਬਕ ਉਸ ਦੇ ਕਬਜ਼ੇ ਵਿੱਚੋਂ 30 ਗ੍ਰਾਮ ਹੈਰੋਇਨ, ਇੱਕ .30 ਬੋਰ ਪਿਸਤੌਲ, ਇੱਕ ਮੈਗਜ਼ੀਨ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਗਏ।
ਪੁਲਿਸ ਨੇ ਦੋਵਾਂ ਮਾਮਲਿਆਂ ਵਿੱਚ ਐਨ.ਡੀ.ਪੀ.ਐਸ. ਐਕਟ ਅਤੇ ਹੋਰ ਸੰਬੰਧਿਤ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਬਰਾਮਦ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦਾ ਸਬੰਧ ਕਿਸ ਨੈੱਟਵਰਕ ਨਾਲ ਹੈ।
