ਰੱਖੜੀ 2026 : ਹੁਣ ਘਰ ਬੈਠੇ ਭੇਜੋ ਰੱਖੜੀ, ਫਿਰੋਜ਼ਪੁਰ ਡਾਕ ਮੰਡਲ ਵੱਲੋਂ ਵਿਸ਼ੇਸ਼ ਸੁਵਿਧਾਵਾਂ ਦੀ ਸ਼ੁਰੂਆਤ
- kakkar.news
- August 3, 2026
- Punjab
ਰੱਖੜੀ 2026 : ਹੁਣ ਘਰ ਬੈਠੇ ਭੇਜੋ ਰੱਖੜੀ, ਫਿਰੋਜ਼ਪੁਰ ਡਾਕ ਮੰਡਲ ਵੱਲੋਂ ਵਿਸ਼ੇਸ਼ ਸੁਵਿਧਾਵਾਂ ਦੀ ਸ਼ੁਰੂਆਤ
ਫਿਰੋਜ਼ਪੁਰ, ਅਗਸਤ 2026 (ਅਨੁਜ ਕੱਕੜ ਟੀਨੂੰ)
ਰੱਖੜੀ ਦੇ ਪਵਿੱਤਰ ਤਿਉਹਾਰ ਦੇ ਮੌਕੇ ‘ਤੇ ਭੈਣ-ਭਰਾ ਦੇ ਅਟੁੱਟ ਪਿਆਰ ਅਤੇ ਸਨੇਹ ਦੇ ਇਸ ਤਿਉਹਾਰ ਨੂੰ ਹੋਰ ਵੀ ਆਸਾਨ ਅਤੇ ਯਾਦਗਾਰ ਬਣਾਉਣ ਲਈ ਭਾਰਤੀ ਡਾਕ ਵਿਭਾਗ, ਫਿਰੋਜ਼ਪੁਰ ਮੰਡਲ ਵੱਲੋਂ ਗਾਹਕਾਂ ਲਈ ਵਿਸ਼ੇਸ਼ ਸੁਵਿਧਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਤਾਂ ਜੋ ਰੱਖੜੀਆਂ ਦੀ ਸੁਰੱਖਿਅਤ, ਪਾਰਦਰਸ਼ੀ ਅਤੇ ਸਮੇਂ ਸਿਰ ਡਿਲੀਵਰੀ ਯਕੀਨੀ ਬਣਾਈ ਜਾ ਸਕੇ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਪਰਡੰਟ ਰਵੀ ਕੁਮਾਰ ਨੇ ਦੱਸਿਆ ਕਿ ਜੇਕਰ ਕੋਈ ਗਾਹਕ ਇੱਕੋ ਵਾਰ ਵਿੱਚ 10 ਤੋਂ 20 ਜਾਂ ਇਸ ਤੋਂ ਵੱਧ ਰੱਖੜੀਆਂ ਭੇਜਣਾ ਚਾਹੁੰਦਾ ਹੈ, ਤਾਂ ਡਾਕ ਵਿਭਾਗ ਵੱਲੋਂ ਮੁਫ਼ਤ ਘਰੋਂ ਪਿਕਅੱਪ (Free Pickup) ਦੀ ਸੁਵਿਧਾ ਵੀ ਉਪਲਬਧ ਕਰਵਾਈ ਗਈ ਹੈ। ਸੂਚਨਾ ਮਿਲਣ ‘ਤੇ ਵਿਭਾਗ ਦੀ ਟੀਮ ਗਾਹਕ ਦੇ ਘਰ ਪਹੁੰਚ ਕੇ ਰੱਖੜੀਆਂ ਦਾ ਪੈਕੇਟ ਪ੍ਰਾਪਤ ਕਰੇਗੀ, ਬੁਕਿੰਗ ਦੀ ਕਾਰਵਾਈ ਪੂਰੀ ਕਰੇਗੀ ਅਤੇ ਰਸੀਦ ਵੀ ਮੁਹੱਈਆ ਕਰਵਾਏਗੀ। ਗਾਹਕ ਆਨਲਾਈਨ ਜਾਂ QR ਕੋਡ ਰਾਹੀਂ ਵੀ ਭੁਗਤਾਨ ਕਰ ਸਕਦੇ ਹਨ। ਰੱਖੜੀਆਂ ਦੀ ਸੁਰੱਖਿਅਤ ਪੈਕਿੰਗ ਲਈ ਡਾਕ ਵਿਭਾਗ ਵੱਲੋਂ ਖਾਸ ਵਾਟਰਪੂਫ਼ ਰੱਖੜੀ ਲਿਫ਼ਾਫੇ ਅਤੇ ਮਜ਼ਬੂਤ ਰੱਖੜੀ ਬਾਕਸ ਉਪਲਬਧ ਕਰਵਾਏ ਗਏ ਹਨ। ਇਨ੍ਹਾਂ ਲਿਫ਼ਾਫਿਆਂ ਅਤੇ ਬਾਕਸਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਬਰਸਾਤ ਦੇ ਮੌਸਮ ਵਿੱਚ ਵੀ ਰੱਖੜੀਆਂ ਪੂਰੀ ਤਰ੍ਹਾਂ ਸੁਰੱਖਿਅਤ ਰਹਿੰਦੀਆਂ ਹਨ ਅਤੇ ਉਨ੍ਹਾਂ ਦੇ ਖਰਾਬ ਹੋਣ ਦੀ ਸੰਭਾਵਨਾ ਨਹੀਂ ਰਹਿੰਦੀ। ਡਾਕ ਵਿਭਾਗ ਵੱਲੋਂ ₹15. ₹20 ਅਤੇ ₹50 ਦੀ ਕੀਮਤ ਵਾਲੇ ਵੱਖ-ਵੱਖ ਆਕਾਰਾਂ ਦੇ ਵਿਸ਼ੇਸ਼ ਰੱਖੜੀ ਲਿਫ਼ਾਫੇ ਅਤੇ ਵਿਸ਼ੇਸ਼ ਰੱਖੜੀ ਬਾਕਸ ਉਪਲਬਧ ਕਰਵਾਏ ਗਏ ਹਨ। ਡਾਕ ਵਿਭਾਗ ਰਾਹੀਂ ਭੇਜੀਆਂ ਜਾਣ ਵਾਲੀਆਂ ਰੱਖੜੀਆਂ ਲਈ ਸਪੀਡ ਪੋਸਟ ਦੇ ਜ਼ਰੀਏ ਆਨਲਾਈਨ ਟ੍ਰੈਕਿੰਗ ਦੀ ਸੁਵਿਧਾ ਵੀ ਉਪਲਬਧ ਹੈ। ਡਾਕਘਰ ਸੁਪਰਡੈਂਟ, ਫਿਰੋਜ਼ਪੁਰ ਮੰਡਲ ਨੇ ਦੱਸਿਆ ਕਿ ਭਾਰਤੀ ਡਾਕ ਵਿਭਾਗ ਅੱਜ ਵੀ ਰੱਖੜੀ ਭੇਜਣ ਦਾ ਸਭ ਤੋਂ ਭਰੋਸੇਯੋਗ, ਸੁਰੱਖਿਅਤ ਅਤੇ ਕਿਫ਼ਾਇਤੀ ਸਾਧਨ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਰੱਖੜੀਆਂ ਦੀ ਬੁਕਿੰਗ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਦਾ ਵਿਸ਼ਵਾਸ ਡਾਕ ਵਿਭਾਗ ਦੀਆਂ ਸੇਵਾਵਾਂ ਪ੍ਰਤੀ ਹੋਰ ਵੀ ਮਜ਼ਬੂਤ ਹੋਇਆ ਹੈ। ਰੱਖੜੀ ਦੇ ਮੌਕੇ ‘ਤੇ ਗਾਹਕਾਂ ਦੀ ਸੁਵਿਧਾ ਲਈ ਫਿਰੋਜ਼ਪੁਰ ਮੰਡਲ ਦੇ ਪ੍ਰਮੁੱਖ ਡਾਕਘਰਾਂ ਵਿੱਚ ਵਿਸ਼ੇਸ਼ ਰੱਖੜੀ ਬੁਕਿੰਗ ਕਾਊਂਟਰ ਸਥਾਪਿਤ ਕੀਤੇ ਗਏ ਹਨ। ਇਹ ਵਿਸ਼ੇਸ਼ ਕਾਊਂਟਰ 28 ਅਗਸਤ 2026 ਤੱਕ ਹਰ ਐਤਵਾਰ ਅਤੇ ਰਾਜਪੱਤਰਿਤ ਛੁੱਟੀ ਵਾਲੇ ਦਿਨ ਵੀ ਸਵੇਰੇ 09:00 ਵਜੇ ਤੋਂ ਸ਼ਾਮ 04:30 ਵਜੇ ਤੱਕ ਖੁੱਲ੍ਹੇ ਰਹਿਣਗੇ, ਤਾਂ ਜੋ ਗਾਹਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ। ਭਾਰਤੀ ਡਾਕ ਵਿਭਾਗ, ਫਿਰੋਜ਼ਪੁਰ ਮੰਡਲ ਸਾਰੇ ਨਾਗਰਿਕਾਂ ਨੂੰ ਅਪੀਲ ਕਰਦਾ ਹੈ ਕਿ ਉਹ ਆਪਣੀਆਂ ਰੱਖੜੀਆਂ ਸਮੇਂ ਸਿਰ ਬੁੱਕ ਕਰਵਾ ਕੇ ਵਿਭਾਗ ਵੱਲੋਂ ਉਪਲਬਧ ਕਰਵਾਈਆਂ ਜਾ ਰਹੀਆਂ ਇਨ੍ਹਾਂ ਵਿਸ਼ੇਸ਼ ਸੁਵਿਧਾਵਾਂ ਦਾ ਲਾਭ ਉਠਾਉਣ ਅਤੇ ਰੱਖੜੀ ਦੇ ਪਵਿੱਤਰ ਤਿਉਹਾਰ ਦਾ ਪਿਆਰ ਅਤੇ ਸਨੇਹ ਆਪਣੇ ਪਿਆਰਿਆਂ ਤੱਕ ਸਮੇਂ ਸਿਰ ਪਹੁੰਚਾਉਣ।
