ਸਿਹਤਮੰਦ ਦਿਮਾਗ ਸਿਹਤਮੰਦ ਸਰੀਰ ਦੀ ਨਿਸਾਨੀ: ਡਾ. ਪਵਨਪ੍ਰੀਤ ਸਿੰਘ
- 137 Views
- kakkar.news
- October 10, 2022
- Punjab
ਸਿਹਤਮੰਦ ਦਿਮਾਗ ਸਿਹਤਮੰਦ ਸਰੀਰ ਦੀ ਨਿਸਾਨੀ: ਡਾ. ਪਵਨਪ੍ਰੀਤ ਸਿੰਘ
ਵਿਸਵ ਮਾਨਸਿਕ ਸਿਹਤ ਦਿਵਸ ਤਹਿਤ ਬਲਾਕ ਜੰਡਵਾਲਾ ਭੀਮੇਸਾਹ ਵਿੱਚ ਕਰਵਾਏ ਗਏ ਪ੍ਰੋਗਰਾਮ
ਫਾਜ਼ਿਲਕਾ, 10 ਅਕਤੂਬਰ 2022 (ਅਨੁਜ ਕੱਕੜ ਟੀਨੂੰ)
ਮਾਨਸਿਕ ਸਿਹਤ ਬਾਰੇ ਜਾਗਰੂਕਤਾ ਵਧਾਉਣ ਦੇ ਉਦੇਸ ਨਾਲ, ਪੂਰਾ ਵਿਸਵ 10 ਅਕਤੂਬਰ ਨੂੰ ਵਿਸਵ ਮਾਨਸਿਕ ਸਿਹਤ ਦਿਵਸ ਵਜੋਂ ਮਨਾਉਂਦਾ ਹੈ। ਇਸੇ ਤਹਿਤ ਫਾਜ਼ਿਲਕਾ ਦੇ ਸਿਵਲ ਸਰਜਨ ਡਾ. ਸਤੀਸ ਗੋਇਲ ਦੇ ਦਿਸਾ ਨਿਰਦੇਸਾਂ ਤੇ ਪੀ ਐਚ ਸੀ ਜੰਡਵਾਲਾ ਭੀਮੇਸਾਹ ਦੇ ਸੀਨੀਅਰ ਮੈਡੀਕਲ ਅਫਸਰ ਡਾ. ਸੁਖਵਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਵਿਸਵ ਮਾਨਸਿਕ ਸਿਹਤ ਸਬੰਧੀ ਬਲਾਕ ਅਧੀਨ ਆਉਂਦੇ ਵੱਖ ਵੱਖ ਸਬ ਸੈਂਟਰਾਂ ਵਿੱਚ ਪ੍ਰੋਗਰਾਮ ਕਰਵਾਏ ਗਏ। ਬਲਾਕ ਪੱਧਰੀ ਪ੍ਰੋਗਰਾਮਾਂ ‘ਚ ਹੋਰ ਜਾਣਕਾਰੀ ਦਿੰਦੇ ਹੋਏ ਮੈਡੀਕਲ ਅਫਸਰ ਡਾ. ਪਵਨਪ੍ਰੀਤ ਸਿੰਘ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਬਾਅਦ ਤੋਂ ਮਾਨਸਿਕ ਰੋਗਾਂ ਤੋਂ ਪੀੜਤ ਲੋਕਾਂ ਦੀ ਗਿਣਤੀ ਬਹੁਤ ਤੇਜੀ ਨਾਲ ਵਧੀ ਹੈ। ਇਸ ਤੋਂ ਇਲਾਵਾ ਬੱਚੇ ਵੀ ਇਸ ਤੋਂ ਅਛੂਤੇ ਨਹੀਂ ਹਨ। ਯੂਨੀਸੇਫ ਦੀ 2021 ਦੀ ਰਿਪੋਰਟ ਮੁਤਾਬਕ ਦੇਸ ਵਿੱਚ ਲਗਪਗ 14 ਫੀਸਦੀ ਬੱਚੇ ਡਿਪ੍ਰੈਸਨ ਵਿੱਚ ਵੀ ਰਹਿ ਰਹੇ ਹਨ. ਇਸ ਲਈ ਇਸ ਦਿਨ ਨੂੰ ਇੰਨੇ ਵੱਡੇ ਪੱਧਰ ‘ਤੇ ਮਨਾਉਣ ਦਾ ਇੱਕੋ ਇੱਕ ਮਕਸਦ ਲੋਕਾਂ ਵਿੱਚ ਮਾਨਸਿਕ ਸਿਹਤ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ। ਬੀਈਈ ਹਰਮੀਤ ਸਿੰਘ ਨੇ ਦੱਸਿਆ ਕਿ ਹਰ ਸਾਲ ਇਸ ਦਿਨ ਨੂੰ ਨਵੇਂ ਥੀਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਦਾ ਥੀਮ ਹੈ ‘ਸਭ ਲਈ ਮਾਨਸਿਕ ਸਿਹਤ ਅਤੇ ਤੰਦਰੁਸਤੀ ਨੂੰ ਵਿਸਵਵਿਆਪੀ ਤਰਜੀਹ ਬਣਾਓ‘ ਹੈ। ਕੋਵਿਡ-19 ਮਹਾਮਾਰੀ ਨੇ ਪੁਸਟੀ ਕੀਤੀ ਹੈ ਕਿ ਸਾਡੀ ਸਰੀਰਕ ਸਿਹਤ ਅਤੇ ਸਾਡੀ ਮਾਨਸਿਕ ਸਿਹਤ ਵਿਚਕਾਰ ਨਜਦੀਕੀ ਸਬੰਧ ਹੈ ਪਰ ਫਿਰ ਵੀ ਬਹੁਤੇ ਲੋਕ ਇਸ ਵੱਲ ਧਿਆਨ ਨਹੀਂ ਦਿੰਦੇ। ਸਰੀਰਕ ਅਤੇ ਮਾਨਸਿਕ ਸਿਹਤ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਕਿਸੇ ਇੱਕ ਪਹਿਲੂ ਨੂੰ ਨਜਰਅੰਦਾਜ ਕਰਨਾ ਦੂਜੇ ਪਹਿਲੂ ਨੂੰ ਨਕਾਰਾਤਮਕ ਰੂਪ ਵਿੱਚ ਪ੍ਰਭਾਵਿਤ ਕਰਦਾ ਹੈ।ਬਜੁਰਗਾਂ ਤੋਂ ਲੈ ਕੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਵੀ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਲਈ ਇਸ ਸਮੱਸਿਆ ਨੂੰ ਛੁਪਾਉਣ ਦੀ ਬਜਾਏ ਇਸ ਵੱਲ ਧਿਆਨ ਦੇਣ ਦੀ ਲੋੜ ਹੈ। ਨਹੀਂ ਤਾਂ ਆਉਣ ਵਾਲੇ ਸਮੇਂ ‘ਚ ਸਥਿਤੀ ਹੋਰ ਵਿਗੜ ਸਕਦੀ ਹੈ। ਇਸ ਮੌਕੇ ਮਾਨਸਿਕ ਸਿਹਤ ਸਬੰਧੀ ਦੁਨੀਆ ਭਰ ਵਿੱਚ ਕਈ ਪ੍ਰੋਗਰਾਮ ਕਰਵਾਏ ਜਾਂਦੇ ਹਨ ਅਤੇ ਲੋਕਾਂ ਨੂੰ ਮਾਨਸਿਕ ਅਤੇ ਸਰੀਰਕ ਤੌਰ ’ਤੇ ਤੰਦਰੁਸਤ ਰਹਿਣ ਦੇ ਤਰੀਕੇ ਦੱਸੇ ਜਾਂਦੇ ਹਨ। ਇਸ ਦੇ ਨਾਲ ਹੀ ਤਣਾਅ ਵਿਚ ਰਹਿ ਰਹੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਜਾਣ ਕੇ ਉਨ੍ਹਾਂ ਨੂੰ ਸਹੀ ਰਸਤਾ ਦਿਖਾਉਣ ਦੀ ਕੋਸਿਸ ਕੀਤੀ ਜਾਂਦੀ ਹੈ।

