-ਮੀਜ਼ਲ ਅਤੇ ਰੁਬੇਲਾ (ਖਸਰਾ) ਦੇ ਮੁਕੰਮਲ ਖਾਤਮੇ ਲਈ ਸਿਹਤ ਵਿਭਾਗ ਨੇ ਵਿੱਢੀ ਮੁਹਿੰਮ, -2023 ਦੀ ਤੀਜੀ ਤਿਮਾਹੀ ਤੱਕ ਸਮਾਜ ਨੂੰ ਇਸ ਰੋਗ ਤੋਂ ਮੁਕਤ ਕਰਨ ਦਾ ਟੀਚਾ
- 103 Views
- kakkar.news
- November 24, 2022
- Health Punjab
-ਮੀਜ਼ਲ ਅਤੇ ਰੁਬੇਲਾ (ਖਸਰਾ) ਦੇ ਮੁਕੰਮਲ ਖਾਤਮੇ ਲਈ ਸਿਹਤ ਵਿਭਾਗ ਨੇ ਵਿੱਢੀ ਮੁਹਿੰਮ,
-2023 ਦੀ ਤੀਜੀ ਤਿਮਾਹੀ ਤੱਕ ਸਮਾਜ ਨੂੰ ਇਸ ਰੋਗ ਤੋਂ ਮੁਕਤ ਕਰਨ ਦਾ ਟੀਚਾ
ਫਾਜ਼ਿਲਕਾ, 24 ਨਵੰਬਰ 2022 ਅਨੁਜ ਕੱਕੜ ਟੀਨੂੰ
ਮੀਜ਼ਲ ਅਤੇ ਰੁਬੇਲਾ ਨੂੰ ਸਾਲ 2023 ਦੀ ਤੀਜੀ ਤਿਮਾਹੀ ਤੱਕ ਖਤਮ ਕਰਨ ਦੇ ਟੀਚੇ ਦੀ ਪ੍ਰਾਪਤੀ ਲਈ ਵਿਉਤਬੰਦੀ ਹਿਤ ਜ਼ਿਲ੍ਹਾ ਟਾਸਕ ਫੋਰਸ ਦੀ ਬੈਠਕ ਵਧੀਕ ਡਿਪਟੀ ਕਮਿਸ਼ਨਰ (ਵਿ) ਸ੍ਰੀ ਸੰਦੀਪ ਕੁਮਾਰ ਆਈ.ਏ.ਐਸ. ਦੀ ਪ੍ਰਧਾਨਗੀ ਹੇਠ ਹੋਈ।ਬੈਠਕ ਦੌਰਾਨ ਉਨ੍ਹਾਂ ਨੇ ਸਿਹਤ ਵਿਭਾਗ ਨੂੰ ਕਿਹਾ ਕਿ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਟੀਕਾਕਰਨ ਮੁਹਿੰਮ ਨੂੰ ਹੋਰ ਅਸਰਦਾਰ ਕੀਤਾ ਜਾਵੇ।
ਉਨ੍ਹਾਂ ਆਖਿਆ ਕਿ ਮੀਜਲ ਅਤੇ ਰੁਬੇਲਾ ਦੇ ਟੀਕਾਕਰਨ ਤੋਂ ਵਾਂਝੇ ਬਚਿਆਂ ਦੀ ਪਹਿਚਾਣ ਕਰਕੇ ਉਨ੍ਹਾਂ ਦਾ ਟੀਕਾਕਰਨ ਪੂਰਾ ਕੀਤਾ ਜਾਵੇ।ਜਿਥੇ ਪ੍ਰਵਾਸੀ ਵਸੋਂ ਦਾ ਆਉਣਾ-ਜਾਣਾ ਰਹਿੰਦਾ ਹੈ ਉਸ ਖਿਤੇ ਵਿਚ ਟੀਕਾਕਰਨ ਗਤੀਵਿਧੀਆਂ ਹੋਰ ਮਜ਼ਬੂਤੀ ਨਾਲ ਨਿਯਮਿਤ ਤੌਰ `ਤੇ ਚਲਾਈਆਂ ਜਾਣ। ਉਨ੍ਹਾਂ ਨੇ ਆਈ.ਐਮ.ਏ. ਦੇ ਪ੍ਰਤੀਨਿਧਾਂ ਨੂੰ ਕਿਹਾ ਕਿ ਉਹ ਮੀਜਲ ਅਤੇ ਰੁਬੇਲਾ ਦੇ ਸ਼ਕੀ ਕੇਸਾਂ ਦੀ ਸੂਚਨਾ ਸਿਹਤ ਵਿਭਾਗ ਨੂੰ ਦੇਣ। ਉਨ੍ਹਾਂ ਨੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਆਂਗਣਵਾੜੀਆਂ ਵਿਚ ਆਉਂਦੇ ਬਚਿਆਂ ਦੇ ਟੀਕਾਕਰਨ ਸਬੰਧੀ ਸਾਰੀ ਜਾਣਕਾਰੀ ਆਪਦੇ ਰਜਿਸਟਰ ਵਿਚ ਦਰਜ ਕਰਨ ਅਤੇ ਜਿਥੇ ਟੀਕਾਕਰਨ ਨਾ ਹੋਇਆ ਹੋਵੇ ਉਸ ਦੀ ਸੂਚਨਾ ਸਿਹਤ ਵਿਭਾਗ ਨੂੰ ਦੇਣ। ਉਨ੍ਹਾਂ ਨੇ ਕਿੰਡਰ ਗਾਰਡਨ/ਪੇਲਅ ਵੇਅ ਸਕੂਲਾਂ ਨੂੰ ਕਿਹਾ ਕਿ ਬਚਿਆਂ ਦੇ ਮਾਪਿਆਂ ਨੂੰ ਟੀਕਾਕਰਨ ਕਰਵਾਉਣ ਲਈ ਕਹਿਣ।
ਸਿਵਲ ਸਰਜਨ ਡਾ. ਸਤੀਸ਼ ਗੋਇਲ ਨੇ ਕਿਹਾ ਕਿ ਮੀਜਲ ਰੋਗ ਦੇ ਪਿਛਲੇ ਸਾਲ ਅਤੇ ਇਸ ਸਾਲ ਇਕ-ਇਕ ਕੇਸ ਜ਼ਿਲੇ੍ਹ ਵਿਚ ਰਿਪੋਰਟ ਹੋਇਆ ਸੀ। ਉਨ੍ਹਾਂ ਦੱਸਿਆ ਕਿ ਇਸ ਸਾਲ ਹੁਣ ਤੱਕ 9610 ਬਚਿਆਂ ਨੂੰ ਟੀਕੇ ਦੀ ਪਹਿਲੀ ਡੋਜ਼ ਅਤੇ 8249 ਬਚਿਆਂ ਨੂੰ ਦੂਜੀ ਡੋਜ਼ ਲਗੀ ਹੈ।
ਵਿਸ਼ਵ ਸਿਹਤ ਸੰਸਥਾ ਤੋਂ ਡਾ. ਮੇਘਾ ਪ੍ਰਕਾਸ਼ ਨੇ ਦੱਸਿਆ ਕਿ ਮੀਜਲ ਰੁਬੇਲਾ (ਖਸਰਾ/ਛੋਟੀ ਮਾਤਾ) ਵਾਇਰਸ ਨਾਲ ਹੋਣ ਵਾਲਾ ਇਕ ਰੋਗ ਹੈ ਅਤੇ ਬੁਖਾਰ ਨਾਲ ਸ਼ਰੀਰ `ਤੇ ਦਾਣੇ ਪੈਣੇ ਇਸ ਦਾ ਮੁੱਖ ਲੱਛਣ ਹੈ।ਇਸ ਤੋਂ ਬਚਾਅ ਲਈ 9 ਅਤੇ 18 ਮਹੀਨੇ ਦੀ ਉਮਰ ਵਿਚ ਕ੍ਰਮਵਾਰ ਦੋ ਟੀਕੇ ਲਗਵਾਏ ਜਾਣੇ ਚਾਹੀਦੇ ਹਨ।ਪਰ ਜੇਕਰ ਕਿਸੇ ਵਿਸ਼ੇਸ਼ ਹਾਲਤ ਵਿਚ ਇਹ ਟੀਕੇ ਨਹੀਂ ਲਗੇ ਤਾਂ ਵੱਧ ਤੋਂ ਵੱਧ 5 ਸਾਲ ਦੀ ਉਮਰ ਵਿਚ ਲਗਾਏ ਜਾ ਸਕਦੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਬਚੇ ਨੂੰ ਇਹ ਬਿਮਾਰੀ ਹੋਣ `ਤੇ ਦੇਸੀ ਟੋਨੇ ਟੋਟਕੇ ਕਰਨ ਦੀ ਬਜਾਏ ਡਾਕਟਰਾਂ ਤੋਂ ਇਲਾਜ ਕਰਵਾਉਣਾ ਚਾਹੀਦਾ ਹੈ ਅਤੇ ਇਸਦਾ ਟੈਸਟ ਵੀ ਕਰਵਾਉਣਾ ਚਾਹੀਦਾ ਹੈ ਤਾਂ ਜ਼ੋ ਇਸ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।


