ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨਵ-ਵਿਆਹੇ ਨੌਜਵਾਨ ਦਾ ਬੇਦਰਦੀ ਨਾਲ ਕਤਲ
- 98 Views
- kakkar.news
- December 19, 2022
- Crime Punjab
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨਵ-ਵਿਆਹੇ ਨੌਜਵਾਨ ਦਾ ਬੇਦਰਦੀ ਨਾਲ ਕਤਲ
ਫਰੀਦਕੋਟ 18 ਦਸੰਬਰ 2022 (ਸਿਟੀਜ਼ਨਜ਼ ਵੋਇਸ)
ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਨਵ-ਵਿਆਹੇ ਨੌਜਵਾਨ ਦਾ ਬੇਦਰਦੀ ਨਾਲ ਕਤਲ ਕਰ ਦੇਣ ਦੀ ਖ਼ਬਰ ਮਿਲੀ ਹੈ। ਮਹਿਜ ਡੇਢ ਮਹੀਨਾ ਪਹਿਲਾਂ ਵਿਆਹੇ ਨੌਜਵਾਨ ਸੁਖਵੀਰ ਸਿੰਘ ਵਾਸੀ ਕੋਠੇ ਵੜਿੰਗ ਕੋਟਕਪੂਰਾ ਨੇ ਆਪਣੇ ਜਾਣਕਾਰ ਨੂੰ ਢਾਈ ਲੱਖ ਰੁਪਿਆ ਵਿਆਜ ‘ਤੇ ਦਿੱਤਾ ਸੀ, ਇਸ ਮਗਰੋਂ ਪੈਸੇ ਦਿਵਾਉਣ ਵਾਲੇ ਨੌਜਵਾਨ ਹੀ ਸੁਖਵੀਰ ਦੀ ਜਾਨ ਦੇ ਪਿਆਸੇ ਹੋ ਗਏ ਸਨ।ਪੁਲਿਸ ਨੇ ਕਤਲ ਦੀ ਗੁੱਥੀ ਨੂੰ 12 ਘੰਟਿਆਂ ਦੇ ਅੰਦਰ ਅੰਦਰ ਸੁਲਝਾਅ ਲਈ ਹੈ।
ਰਾਜਪਾਲ ਸਿੰਘ ਸੰਧੂ ਐੱਸਐੱਸਪੀ ਫਰੀਦਕੋਟ ਨੇ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੱਤੇ। ਉਨ੍ਹਾਂ ਕਿਹਾ ਕਿ ਬਲਜਿੰਦਰ ਸਿੰਘ ਵਾਸੀ ਕੋਠੇ ਵੜਿੰਗ ਨੇ ਦੱਸਿਆ ਸੀ ਕਿ ਕੈਨੇਡਾ ਰਹਿੰਦੇ ਤਾਏ ਦੇ ਪੁੱਤਰ ਬਲਰਾਜ ਸਿੰਘ ਦੇ ਬੇਟੇ ਸੁਖਵੀਰ ਸਿੰਘ ਦਾ ਵਿਆਹ ਬੀਤੀ 30 ਨਵੰਬਰ ਨੂੰ ਮਨਪ੍ਰੀਤ ਕੌਰ ਵਾਸੀ ਪਿੰਡ ਔਲਖ ਨਾਲ ਹੋਇਆ ਸੀ। ਫਿਰ ਉਹ ਅਚਾਨਕ ਭੇਦਭਰੀ ਹਾਲਤ ਵਿਚ ਲਾਪਤਾ ਹੋ ਗਿਆ, ਉਸ ਦਾ ਮੋਟਰਸਾਈਕਲ ਫਰੀਦਕੋਟ ਦੀਆਂ ਜੌੜੀਆਂ ਨਹਿਰਾਂ ਨੇੜਿਉਂ ਤਲਵੰਡੀ ਰੋਡ ਕੋਲ ਪਟੜੀ ’ਤੇ ਡਿੱਗਿਆ ਪਿਆ ਮਿਲਿਆ। ਐੱਸਐੱਸਪੀ ਨੇ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਦਾ ਗਠਨ ਕੀਤਾ। ਉਨ੍ਹਾਂ ਦੱਸਿਆ ਕਿ ਸੁਖਵੀਰ ਸਿੰਘ ਨੇ ਜਗਜੀਤ ਸਿੰਘ ਜੱਗਾ ਵਾਸੀ ਪਿੰਡ ਕੋਹਾਰਵਾਲਾ ਨੂੰ ਕੁਝ ਰੁਪਏ ਵਿਆਜ਼ ’ਤੇ ਦਿੱਤੇ ਸਨ ਤੇ ਗੁਰਪ੍ਰੀਤ ਸਿੰਘ ਗੋਗੀ ਵਾਸੀ ਕੋਠੇ ਪੰਡਤਾਂ ਵਾਲੇ ਕੋਟਕਪੂਰਾ ਨੇ ਉਸ ਨੂੰ ਇਹ ਪੈਸੇ ਦਿਵਾਏ ਸਨ। ਵਿਆਜ਼ ਦੀ ਵਾਧ-ਘਾਟ ਕਾਰਨ ਦੋਵਾਂ ਧਿਰਾਂ ਦਰਮਿਆਨ ਅਣਬਣ ਹੋ ਗਈ ਕਿਉਂਕਿ ਸੁਖਵੀਰ ਨੇ ਆਪਣੇ ਵੱਲੋਂ ਦਿੱਤੇ ਢਾਈ ਲੱਖ ਰੁਪਏ ਦੀ ਮੰਗ ਕੀਤੀ ਤਾਂ ਇਨ੍ਹਾਂ ਵਿਅਕਤੀਆਂ ਨੇ ਉਸ ਨੂੰ ਫੋਨ ਕਰ ਕੇ ਫਰੀਦਕੋਟ ਵਿਖੇ ਪੈਸੇ ਦੇਣ ਦਾ ਕਹਿ ਕੇ ਬੁਲਾਇਆ ਤੇ ਤੇਜ਼ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਕੇ ਲਾਸ਼ ਨਹਿਰ ਵਿਚ ਸੁੱਟ ਦਿੱਤੀ।ਵਾਰਦਾਤ ਵਿਚ ਵਰਤਿਆ ਮੋਟਰ ਸਾਈਕਲ ਬਰਾਮਦ ਕਰ ਲਿਆ ਗਿਆ ਹੈ ਜਦਕਿ ਤੇਜ਼ਧਾਰ ਹਥਿਆਰ ਬਰਾਮਦ ਕਰਨਾ ਹਾਲੇ ਬਾਕੀ ਹੈ। ਇਸ ਮੌਕੇ ਗਗਨੇਸ਼ ਕੁਮਾਰ ਡੀਐੱਸਪੀ, ਜਸਮੀਤ ਸਿੰਘ ਸਾਹੀਵਾਲ ਡੀਐੱਸਪੀ, ਸਰਬਜੀਤ ਸਿੰਘ ਬਰਾੜ ਡੀਐੱਸਪੀ, ਇੰਸਪੈਕਟਰ ਜਸਵੰਤ ਸਿੰਘ ਐੱਸਐੱਚਓ ਥਾਣਾ ਸਿਟੀ ਫਰੀਦਕੋਟ ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024