ਫਿਰੋਜ਼ਪੁਰ ਵਿਖੇ ਜ਼ਿਲ੍ਹਾ ਲਾਇਬ੍ਰੇਰੀ ਨੂੰ ਨੀਵੀਨੀਕ੍ਰਿਤ ਕਰ ਲੋਕ ਅਰਪਨ ਕੀਤਾ
- 99 Views
- kakkar.news
- December 21, 2022
- Education Health Punjab
ਫਿਰੋਜ਼ਪੁਰ ਵਿਖੇ ਜ਼ਿਲ੍ਹਾ ਲਾਇਬ੍ਰੇਰੀ ਨੂੰ ਨੀਵੀਨੀਕ੍ਰਿਤ ਕਰ ਲੋਕ ਅਰਪਨ ਕੀਤਾ
ਫਿਰੋਜ਼ਪੁਰ, 21 ਦਸੰਬਰ 2022 (ਸੁਭਾਸ਼ ਕੱਕੜ)
ਨਗਰ ਕੌਂਸਲ ਪਾਰਕ ਫਿਰੋਜ਼ਪੁਰ ਵਿਖੇ ਸਥਿਤ ਜ਼ਿਲ੍ਹਾ ਲਾਇਬ੍ਰੇਰੀ ਦੇ ਨਵੀਨੀਕ੍ਰਿਤ ਰੂਪ ਦਾ ਵਿਧਾਇਕ ਹਲਕਾ ਫਿਰੋਜ਼ਪੁਰ ਸ਼ਹਿਰੀ ਸ. ਰਣਬੀਰ ਸਿੰਘ ਭੁੱਲਰ ਅਤੇ ਡਿਪਟੀ ਕਮਿਸ਼ਨਰ ਅਮ੍ਰਿਤ ਸਿੰਘ ਵੱਲੋਂ ਲੋਕ-ਅਰਪਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਰੀਬਨ ਕੱਟਣ ਉਪਰੰਤ ਸ਼ਮਾ ਰੋਸ਼ਨ ਕਰਕੇ ਜ਼ਿਲ੍ਹਾ ਲਾਇਬ੍ਰੇਰੀ ਲੋਕ ਅਰਪਨ ਕੀਤੀ। ਉਦਘਾਟਨ ਉਪਰੰਤ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਅਮ੍ਰਿਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਗੁਣਾਤਮਿਕ ਸੁਧਾਰਾਂ ਪ੍ਰਤੀ ਵਚਨਬੱਧ ਅਤੇ ਸੰਜੀਦਾ ਹੈ। ਇਸੇ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਫ਼ਿਰੋਜ਼ਪੁਰ ਵੱਲੋਂ ਲੋਕਾਂ ਨੂੰ ਕਿਤਾਬਾਂ ਨਾਲ ਜੋੜਨ ਅਤੇ ਪਾਠਕਾਂ ਲਈ ਇੱਕ ਵਧੀਆ ਵਾਤਾਵਰਨ ਮੁਹੱਈਆ ਕਰਵਾਉਣ ਹਿੱਤ ਜ਼ਿਲ੍ਹਾ ਲਾਇਬ੍ਰੇਰੀ ਫ਼ਿਰੋਜ਼ਪੁਰ ਨੂੰ ਵਰਤਮਾਨ ਸਮੇਂ ਦੀਆਂ ਲੋੜਾਂ ਅਨੁਸਾਰ ਆਧੁਨਿਕ ਰੂਪ ਦੇ ਕੇ ਇਕ ਬਹੁਤ ਹੀ ਖੂਬਸੂਰਤ ਨਵੀਨੀਕ੍ਰਿਤ ਰੂਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਜਿਵੇਂ ਹੀ ਉਨ੍ਹਾਂ ਨੂੰ ਲਾਇਬ੍ਰੇਰੀ ਦੀ ਖਸਤਾ ਹਾਲਤ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਇਸ ਦੀ ਦਸ਼ਾ ਸੁਧਾਰਨ ਦਾ ਸੁਪਨਾ ਲਿਆ ਸੀ। ਅੱਜ ਉਹ ਸ਼ਹਿਰ ਨਿਵਾਸੀਆਂ ਨੂੰ ਇਹ ਖੂਬਸੂਰਤ ਲਾਇਬ੍ਰੇਰੀ ਲੋਕ ਅਰਪਿਤ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਇਹ ਕਾਰਜ ਇਸ ਲਈ ਬੇਹੱਦ ਜ਼ਰੂਰੀ ਸੀ ਕਿਉਂਕਿ ਨੋਜਵਾਨਾਂ ਨੂੰ ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਲਈ ਕਿਤਾਬਾਂ ਅਤੇ ਯੋਗ ਵਾਤਾਵਰਣ ਮੁਹੱਈਆ ਹੋਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਸੁਪਨੇ ਪੂਰੇ ਕਰ ਸਕਣ। ਉਨ੍ਹਾਂ ਦੱਸਿਆ ਕਿ ਇਹ ਕਾਰਜ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਡੀ.ਐੱਮ.ਐੱਫ. ਫੰਡ ਦੀ ਸਕੀਮ ਅਧੀਨ ਕਰਵਾਇਆ ਗਿਆ ਹੈ ਜਿਸ ਅਧੀਨ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਹੋਰ ਵੀ ਸਕੀਮਾਂ ਅਧੀਨ ਸੁਧਾਰ ਕਾਰਜ ਕਰਵਾਏ ਜਾ ਰਹੇ ਹਨ।
ਇਸ ਅਵਸਰ ‘ਤੇ ਵਿਧਾਇਕ ਸ. ਰਣਬੀਰ ਸਿੰਘ ਭੁੱਲਰ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਸਿੱਖਿਆ ਅਤੇ ਸਿਹਤ ਦੀਆਂ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਕਿਤਾਬਾਂ ਕਿਸੇ ਵੀ ਸਭਿਅਤਾ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉੰਦੀਆ ਹਨ ਅਤੇ ਸਾਨੂੰ ਅਧਿਐਨ ਨਾਲ ਜੁੜ ਕਿ ਸੰਜੀਦਾ ਅਤੇ ਜ਼ਿੰਮੇਵਾਰ ਨਾਗਰਿਕ ਬਣਨਾ ਚਾਹੀਦਾ ਹੈ। ਲਾਇਬ੍ਰੇਰੀ ਦੇ ਨਵੀਨੀਕ੍ਰਿਤ ਰੂਪ ਨੂੰ ਦੇਖ ਕੇ ਖੁਸ਼ੀ ਪ੍ਰਗਟ ਕਰਦਿਆਂ ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ, ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਕੀਤੀ ਮਿਹਨਤ ਦਾ ਧੰਨਵਾਦ ਕਰਦਿਆਂ ਮੁਬਾਰਕਬਾਦ ਦਿੱਤੀ। ਉਨ੍ਹਾਂ ਸ਼ਹਿਰ ਵਾਸੀਆਂ, ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਗਿਆਨ ਦੇ ਵਾਧੇ, ਵੱਖ-ਵੱਖ ਮੁਕਾਬਲੇ ਦੀਆਂ ਪ੍ਰਿਖਿਆਵਾਂ ਦੀ ਤਿਆਰੀ ਲਈ ਇਸ ਜ਼ਿਲ੍ਹਾ ਪੱਧਰੀ ਲਾਇਬ੍ਰੇਰੀ ਦਾ ਲਾਹਾ ਲੈਣ। ਉਨ੍ਹਾਂ ਕਿਹਾ ਕਿ ਜਲਦੀ ਹੀ ਲਾਇਬ੍ਰੇਰੀ ਵਿੱਚ ਹੋਰ ਨਵੀਂਆਂ ਕਿਤਾਬਾਂ ਸ਼ਾਮਲ ਕੀਤੀਆਂ ਜਾਣਗੀਆਂ।
ਇਸ ਕਾਰਜ ਵਿੱਚ ਅਡੀਸ਼ਨਲ ਡਿਪਟੀ ਕਮਿਸ਼ਨਰ (ਜ) ਸ਼੍ਰੀ ਸਾਗਰ ਸੇਤੀਆ, ਪੰਚਾਇਤੀ ਰਾਜ, ਐਕਸੀਅਨ ਪੀ.ਡਬਲਯੂ ਡੀ. (ਬੀ.ਐਂਡ.ਆਰ) ਅਤੇ ਪਲਾਨਿੰਗ ਵਿਭਾਗ ਦਾ ਵਿਸ਼ੇਸ਼ ਯੋਗਦਾਨ ਰਿਹਾ। ਲਾਇਬ੍ਰੇਰੀ ਇੰਚਾਰਜ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸਿੰਘ ਸੰਧੂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਹਲਕਾ ਵਿਧਾਇਕ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਇੱਕ ਮੁੱਲਵਾਨ ਕਾਰਜ ਸੀ ਜਿਸ ਦੀ ਫ਼ਿਰੋਜ਼ਪੁਰ ਵਾਸੀਆਂ ਨੂੰ ਬੇਹੱਦ ਲੋੜ ਸੀ। ਇਸ ਮੌਕੇ ਭਾਸ਼ਾ ਅਫ਼ਸਰ ਵੱਲੋਂ ਲਾਇਬ੍ਰੇਰੀ ਦੇ ਸੰਚਾਲਨ ਲਈ ਤਕਨੀਕੀ ਸਟਾਫ਼ ਦੀ ਅਣਹੋਂਦ ਦੀ ਸਮੱਸਿਆ ਰੱਖੀ ਗਈ ਜਿਸਦਾ ਮੌਕੇ ‘ਤੇ ਹੀ ਡਿਪਟੀ ਕਮਿਸ਼ਨਰ ਵੱਲੋਂ ਭਰੋਸਾ ਦਿਵਾਇਆ ਗਿਆ ਕਿ ਜਲਦ ਹੀ ਪ੍ਰਸ਼ਾਸਨ ਵੱਲੋਂ ਆਰਜੀ ਤੌਰ ‘ਤੇ ਸਟਾਫ਼ ਮੁਹੱਈਆ ਕਰਵਾ ਦਿੱਤਾ ਜਾਵੇਗਾ। ਇਸ ਮੌਕੇ ਲਾਇਬ੍ਰੇਰੀ ਵੈਲਫੇਅਰ ਸੁਸਾਇਟੀ ਵੱਲੋਂ ਸ਼੍ਰੀ ਗੌਰਵ ਸਾਗਰ ਭਾਸਕਰ (ਚੇਅਰਮੈਨ ਵਿਵੇਕਾਨੰਦ ਵਰਲਡ ਸਕੂਲ ਫ਼ਿਰੋਜ਼ਪੁਰ) ਨੇ ਸੰਬੋਧਨ ਕਰਦਿਆਂ ਕਿਹਾ ਕਿ ਸ਼ਹਿਰ ਦੀ ਕੁਝ ਹੋਰ ਸ਼ਖਸ਼ੀਅਤਾਂ ਵੀ ਭਵਿੱਖ ਵਿੱਚ ਲਾਇਬ੍ਰੇਰੀ ਦੇ ਹੋਰ ਵਿਕਾਸ ਲਈ ਹਰ ਤਰ੍ਹਾਂ ਦੀ ਮੱਦਦ ਕਰਨ ਲਈ ਤਤਪਰ ਹਨ। ਇਸ ਮੌਕੇ ਵਿਛੜ ਚੁੱਕੇ ਸ਼ਾਇਰ ਅਨਿਲ ਆਦਮ ਨੂੰ ਯਾਦ ਕਰਦਿਆਂ ਦੋ ਮਿੰਟ ਦਾ ਮੌਨ ਧਾਰਨ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਲਾਇਬ੍ਰੇਰੀ ਵੈਲਫੇਅਰ ਸੁਸਾਇਟੀ ਦੇ ਮੈਂਬਰ ਸ੍ਰੀ ਦਲਜੀਤ ਸਿੰਘ, ਸ੍ਰੀ ਦਵਿੰਦਰ ਨਾਥ, ਸ੍ਰੀ ਸੁਰਿੰਦਰ ਕੰਬੋਜ ਵੱਲੋਂ ਹਲਕਾ ਵਿਧਾਇਕ ਅਤੇ ਡਿਪਟੀ ਕਮਿਸ਼ਨਰ ਫ਼ਿਰੋਜ਼ਪੁਰ ਦਾ ਸਨਮਾਨ ਕਰਦਿਆਂ ਧੰਨਵਾਦ ਕੀਤਾ ਗਿਆ ਅਤੇ ਉਮੀਦ ਪ੍ਰਗਟ ਕੀਤੀ ਕਿ ਲਾਇਬ੍ਰੇਰੀ ਦਾ ਬਾਕੀ ਰਹਿੰਦਾ ਕਾਰਜ ਵੀ ਜਲਦ ਮੁਕੰਮਲ ਕਰਵਾ ਦਿੱਤਾ ਜਾਵੇਗਾ।
- November 21, 2024
ਫਿਰੋਜਪੁਰ ਪੁਲਿਸ ਨੇ ਬੈਂਕ ਚ ਚੋਰੀ ਦੀ ਵਰਦਾਤ ਚ ਸ਼ਾਮਿਲ 3 ਆਰੋਪੀ ਕੀਤੇ ਗਿਰਫਤਾਰ
- November 20, 2024