ਸਿੱਖਿਆ ਵਿਭਾਗ ਪੰਜਾਬ ਦੇ ਵਲੋਂ ਸੂਬੇ ਦੇ ਕਰੀਬ 56 ਸਕੂਲਾਂ ਦੇ ਨਾਮ ਬਦਲੇ
- 115 Views
- kakkar.news
- December 29, 2022
- Education Punjab
ਸਿੱਖਿਆ ਵਿਭਾਗ ਪੰਜਾਬ ਦੇ ਵਲੋਂ ਸੂਬੇ ਦੇ ਕਰੀਬ 56 ਸਕੂਲਾਂ ਦੇ ਨਾਮ ਬਦਲੇ
ਚੰਡੀਗੜ੍ਹ 29 ਦਸੰਬਰ 2022 (ਸਿਟੀਜ਼ਨਜ਼ ਵੋਇਸ)
ਸਿੱਖਿਆ ਵਿਭਾਗ ਪੰਜਾਬ ਦੇ ਵਲੋਂ ਸੂਬੇ ਦੇ ਕਰੀਬ 56 ਸਕੂਲਾਂ ਦੇ ਨਾਮ ਬਦਲ ਦਿੱਤੇ ਹਨ। ਜਾਣਕਾਰੀ ਇਹ ਹੈ ਕਿ, ਇਨ੍ਹਾਂ ਸਕੂਲਾਂ ਦੇ ਨਾਮ ਜਾਤੀ ਅਧਾਰਿਤ ਸਨ, ਜਿਸਨੂੰ ਬਦਲਣ ਵਾਸਤੇ ਪਿਛਲੇ ਦਿਨੀਂ ਸਿੱਖਿਆ ਵਿਭਾਗ ਨੇ ਇੱਕ ਪੱਤਰ ਜਾਰੀ ਕਰਕੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਵੇਰਵੇ ਭੇਜਣ ਦੇ ਲਈ ਕਿਹਾ ਗਿਆ ਸੀ, ਜਿਸ ਤੋਂ ਬਾਅਦ ਹੁਣ ਵਿਭਾਗ ਨੇ ਕਰੀਬ 56 ਸਕੂਲਾਂ ਦੇ ਨਾਮ ਬਦਲ ਦਿੱਤੇ ਹਨ।
ਦੱਸਿਆ ਜਾ ਰਿਹਾ ਹੈ ਕਿ, ਲੁਧਿਆਣਾ ਅਤੇ ਮੁਕਤਸਰ ਦੀਆਂ ਦੋ ਪੰਚਾਇਤਾਂ ਨੇ ਸਕੂਲਾਂ ਦੇ ਨਾਮ ਨਾ ਬਦਲਣ ਦੀ ਗੱਲ ਆਖੀ ਹੈ ਅਤੇ ਕਿਹਾ ਹੈ ਕਿ, ਸਾਡੇ ਪਿੰਡਾਂ ਦੇ ਸਕੂਲਾਂ ਦੇ ਨਾਮ ਨਾ ਬਦਲੇ ਜਾਣ।
ਇੱਥੇ ਦੱਸਣਾ ਬਣਦਾ ਹੈ ਕਿ, ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀਆਂ ਹਦਾਇਤਾਂ ‘ਤੇ ਪੰਜਾਬ ਸਕੂਲ ਸਿੱਖਿਆ ਵਿਭਾਗ ਦਾ ਨਾਮ ਡਾਇਰੈਕੋਰੇਟ ਪਬਲਿਕ ਇੰਸਟਰੱਕਸ਼ਨ ਨੂੰ ਵੀ ਬਦਲਣ ਦੀ ਪ੍ਰਕਿਰਿਆ ਆਰੰਭ ਹੋ ਗਈ ਹੈ।
ਹਰਜੋਤ ਬੈਂਸ ਨੇ ਨਵੰਬਰ ਮਹੀਨੇ ‘ਚ ਜਾਰੀ ਕੀਤੇ ਪ੍ਰੈਸ ਬਿਆਨ ਵਿੱਚ ਦੱਸਿਆ ਸੀ ਕਿ, ਅੰਗਰੇਜ਼ ਰਾਜ ਵੇਲੇ ਇਸ ਵਿਭਾਗ ਦਾ ਨਾਮ ਡਾਇਰੈਕੋਰੇਟ ਪਬਲਿਕ ਇੰਸਟਰੱਕਸ਼ਨ ਰੱਖਿਆ ਗਿਆ ਸੀ, ਜਿਸ ਨੂੰ ਕਿ ਅੱਜ ਤੱਕ ਕਿਸੇ ਨੇ ਵੀ ਤਬਦੀਲ ਕਰਨ ਬਾਰੇ ਨਹੀਂ ਸੋਚਿਆ ਜਦਕਿ ਹੁਣ ਇਹ ਨਾਮ ਕੰਮ ਅਨੁਸਾਰ ਸਾਰਥਿਕਤਾ ਨਹੀਂ ਰੱਖਦਾ।
ਉਹਨਾਂ ਦੱਸਿਆ ਕਿ ਦੇਸ਼ ਦੇ ਜਿਆਦਾਤਰ ਸੂਬਿਆਂ ਵਿੱਚ ਸਕੂਲ ਵਿਭਾਗ ਦਾ ਨਾਮ ਡਾਇਰੈਕੋਰੇਟ ਪਬਲਿਕ ਇੰਸਟਰੱਕਸ਼ਨ ਤੋਂ ਬਦਲ ਕੇ ਡਾਇਰੈਕਟੋਰੇਟ ਸਕੂਲ ਸਿੱਖਿਆ ਕਰ ਦਿੱਤਾ ਗਿਆ ਹੈ। ਬੈਂਸ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਬੱਚਿਆਂ ਨੂੰ ਸਿਖਿਅਤ ਕਰਨ ਦਾ ਕੰਮ ਕਰਦਾ ਹੈ ਜਦਕਿ ਅੰਗਰੇਜ਼ਾਂ ਵੱਲੋਂ ਰੱਖੇ ਨਾਮ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਵਿਭਾਗ ਸਿਰਫ਼ ਹਦਾਇਤਾਂ ਦਿੰਦਾ ਹੈ।


