62 ਸਰਹੱਦੀ ਪਿੰਡਾਂ ਵਿਚ ਬਣਾਈਆਂ ਪਿੰਡ ਸੁਰੱਖਿਆ ਕਮੇਟੀਆਂ—ਡਿਪਟੀ ਕਮਿਸ਼ਨਰ ਫਾਜਿ਼ਲਕਾ
- 138 Views
- kakkar.news
- January 15, 2023
- Crime Punjab
62 ਸਰਹੱਦੀ ਪਿੰਡਾਂ ਵਿਚ ਬਣਾਈਆਂ ਪਿੰਡ ਸੁਰੱਖਿਆ ਕਮੇਟੀਆਂ—ਡਿਪਟੀ ਕਮਿਸ਼ਨਰ
—52 ਪਿੰਡਾਂ ਵਿਚ ਪੁਲਿਸ ਨੇ ਪਿੰਡ ਸੁਰੱਖਿਆ ਕਮੇਟੀਆਂ ਨਾਲ ਕੀਤੀਆਂ ਬੈਠਕਾਂ
—ਕਮੇਟੀਆਂ ਪਿੰਡਾਂ ਵਿਚ ਰੱਖਣਗੀਆਂ ਚੌਕਸੀ, ਪ੍ਰਸ਼ਾਸਨ ਅਤੇ ਲੋਕਾਂ ਦੀ ਆਪਸੀ ਸਾਂਝ ਹੋਵੇਗੀ ਮਜਬੂਤ
ਫਾਜਿ਼ਲਕਾ, 15 ਜਨਵਰੀ 2023 (ਅਨੁਜ ਕੱਕੜ ਟੀਨੂੰ)
ਫਾਜਿ਼ਲਕਾ ਜਿ਼ਲ੍ਹੇ ਦੇ ਪਾਕਿਸਤਾਨ ਦੀ ਹੱਦ ਨੇੜਲੇ 62 ਪਿੰਡਾਂ ਵਿਚ ਪਿੰਡ ਸੁਰੱਖਿਆ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ। ਇਹ ਜਾਣਕਾਰੀ ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂੰ ਦੁੱਗਲ ਆਈਏਐਸ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਫਾਜਿ਼ਲਕਾ ਜਿ਼ਲ੍ਹੇ ਦਾ ਵੱਡਾ ਹਿੱਸਾ ਪਾਕਿਸਤਾਨ ਦੀ ਹੱਦ ਨਾਲ ਲੱਗਦਾ ਹੈ। ਇਸ ਖੇਤਰ ਵਿਚ ਪਾਕਿਸਤਾਨ ਵੱਲੋਂ ਡ੍ਰੋਨ ਭੇਜਣ ਅਤੇ ਨਸਿ਼ਆਂ ਦੀ ਤਸਕਰੀ ਵਰਗੀਆਂ ਕੋਸਿ਼ਸਾਂ ਹੁੰਦੀਆਂ ਰਹਿੰਦੀਆਂ ਹਨ। ਇਹ ਕਮੇਟੀਆਂ ਦੁਸ਼ਮਣ ਦੇਸ਼ ਦੇ ਅਜਿਹੇ ਮਨਸੂਬਿਆਂ ਖਿਲਾਫ ਚੌਕਸੀ ਰੱਖਣਗੀਆਂ ਅਤੇ ਜ਼ੇਕਰ ਕੋਈ ਅਜਿਹੀ ਘਟਨਾ ਹੋਵੇਗੀ ਤਾਂ ਪੁਲਿਸ ਨੂੰ ਸੂਚਿਤ ਕਰਨਗੀਆਂ।ਜਿਕਰਯੋਗ ਹੈ ਕਿ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਆਪਣੇ ਪਿੱਛਲੇ ਦੌਰੇ ਦੌਰਾਨ ਅਜਿਹੀਆਂ ਕਮੇਟੀਆਂ ਗਠਿਤ ਕਰਨ ਦੀ ਗਲ ਆਖੀ ਸੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨ੍ਹਾਂ ਪਿੰਡ ਸੁਰੱਖਿਆ ਕਮੇਟੀਆਂ ਵਿਚ ਪਿੰਡ ਦੀ ਪੰਚਾਇਤ ਦੇ ਨੁੰਮਾਇੰਦੇ, ਸੇਵਾ ਮੁਕਤ ਫੌਜੀ ਅਤੇ ਹੋਰ ਵਿਭਾਗਾਂ ਤੋਂ ਸੇਵਾ ਮੁਕਤ ਹੋਏ ਕਰਮਚਾਰੀ, ਨੌਜਵਾਨ ਅਤੇ ਪਿੰਡ ਦੇ ਪਤਵੰਤੇ ਸ਼ਾਮਿਲ ਕੀਤੇ ਗਏ ਹਨ।ਇੰਨ੍ਹਾਂ ਦੇ ਗਠਨ ਦੀ ਪ੍ਰਕ੍ਰਿਆ ਪੁਲਿਸ ਵਿਭਾਗ ਨੇ ਪੂਰੀ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕਮੇਟੀਆਂ ਆਪਣੇ ਪਿੰਡ ਦੇ ਲੋਕਾਂ ਨੂੰ ਦੁ਼ਸਮਣ ਦੇਸ਼ ਦੀਆਂ ਚਾਲਾਂ ਤੋਂ ਸੁਚੇਤ ਰੱਖਣਗੀਆਂ। ਕਮੇਟੀਆਂ ਸਰੱਹਦੀ ਪਿੰਡਾਂ ਵਿਚ ਕੌਮੀ ਜਜਬੇ ਅਤੇ ਨਸਿ਼ਆਂ ਦੇ ਖਿਲਾਫ ਜਾਗਰੂਕਤਾ ਵੀ ਪੈਦਾ ਕਰਨਗੀਆਂ।ਇਸ ਤੋਂ ਬਿਨ੍ਹਾਂ ਇੰਨ੍ਹਾਂ ਕਮੇਟੀਆਂ ਰਾਹੀਂ ਪ੍ਰਸ਼ਾਸਨ ਦਾ ਇੰਨ੍ਹਾਂ ਪਿੰਡਾਂ ਦੇ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਹੋਵੇਗਾ ਅਤੇ ਆਪਸੀ ਵਿਸਵਾਸ ਮਜਬੂਤ ਹੋਵੇਗਾ।
ਦੂਜ਼ੇ ਪਾਸੇ ਐਸਐਸਪੀ ਸ: ਭੁਪਿੰਦਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਪੁਲਿਸ ਵਿਭਾਗ ਵੱਲੋਂ ਇੰਨ੍ਹਾਂ ਪਿੰਡ ਸੁਰੱਖਿਆ ਕਮੇਟੀਆਂ ਨਾਲ ਬੈਠਕਾਂ ਲਗਾਤਾਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਹੁਣ ਤੱਕ 52 ਪਿੰਡ ਸੁਰੱਖਿਆ ਕਮੇਟੀਆਂ ਨਾਲ ਬੈਠਕਾਂ ਕੀਤੀਆਂ ਗਈਆਂ ਹਨ। ਇੰਨ੍ਹਾਂ ਕਮੇਟੀਆਂ ਨਾਲ ਬੈਠਕਾਂ ਦੌਰਾਨ ਲੋਕਾਂ ਵਿਚ ਪੁਲਿਸ ਪ੍ਰਤੀ ਵਿਸਵਾਸ਼ ਵੱਧਦਾ ਹੈ ।
ਇਸ ਤਰੀਕੇ ਲਗਾਤਾਰ ਸਰਹੱਦੀ ਪਿੰਡਾਂ ਦੇ ਲੋਕਾਂ ਨਾਲ ਸੰਵਾਦ ਵਧਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਮੁਸਕਿਲਾਂ ਦੇ ਪਿੰਡ ਪੱਧਰ ਤੇ ਹੀ ਹੱਲ ਕਰਨ ਦੇ ਯਤਨ ਆਰੰਭੇ ਗਏ ਹਨ। ਪਿੰਡ ਸੁਰੱਖਿਆ ਕਮੇਟੀਆਂ ਪੁਲਿਸ ਅਤੇ ਲੋਕਾਂ ਦੀ ਆਪਸੀ ਸਾਂਝ ਨੂੰ ਹੋਰ ਮਜਬੂਤ ਕਰਨਗੀਆਂ।



- October 15, 2025