ਡਿਪਟੀ ਕਮਿਸ਼ਨਰ ਨੇ ਟੀ.ਬੀ. ਪ੍ਰੋਗਰਾਮ ਦਾ ਜਾਇਜ਼ਾ ਲਿਆ ਟੀ.ਬੀ. ਦੇ ਖਾਤਮੇ ਲਈ ਜ਼ਿਲ੍ਹੇ ਦੀਆਂ ਸਵੈ-ਸੇਵੀ ਸੰਸਥਾਵਾਂ, ਪੰਚਾਇਤਾਂ ਅਤੇ ਆਮ ਜਨਤਾ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ 15 ਦਿਨਾਂ ਤੋਂ ਵੱਧ ਸਮੇਂ ਦੀ ਖਾਂਸੀ ਹੋ ਸਕਦੀ ਹੈ ਟੀ.ਬੀ.-ਸਿਵਲ ਸਰਜਨ
- 177 Views
- kakkar.news
- March 1, 2023
- Health Punjab
ਡਿਪਟੀ ਕਮਿਸ਼ਨਰ ਨੇ ਟੀ.ਬੀ. ਪ੍ਰੋਗਰਾਮ ਦਾ ਜਾਇਜ਼ਾ ਲਿਆ
ਟੀ.ਬੀ. ਦੇ ਖਾਤਮੇ ਲਈ ਜ਼ਿਲ੍ਹੇ ਦੀਆਂ ਸਵੈ-ਸੇਵੀ ਸੰਸਥਾਵਾਂ, ਪੰਚਾਇਤਾਂ ਅਤੇ ਆਮ ਜਨਤਾ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ
15 ਦਿਨਾਂ ਤੋਂ ਵੱਧ ਸਮੇਂ ਦੀ ਖਾਂਸੀ ਹੋ ਸਕਦੀ ਹੈ ਟੀ.ਬੀ.-ਸਿਵਲ ਸਰਜਨ
ਫਿਰੋਜ਼ਪੁਰ 1 ਮਾਰਚ 2023 (ਸੁਭਾਸ਼ ਕੱਕੜ)
ਜ਼ਿਲ੍ਹੇ ਨੂੰ ਟੀ.ਬੀ. ਮੁਕਤ ਕਰਨ ਲਈ ਡਿਪਟੀ ਕਮਿਸ਼ਨਰ ਸ਼੍ਰੀ ਰਾਜੇਸ਼ ਧੀਮਾਨ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। ਇਸ ਮੌਕੇ ਸਿਵਲ ਸਰਜਨ ਡਾ. ਰਜਿੰਦਰ ਪਾਲ ਅਤੇ ਜ਼ਿਲ੍ਹਾ ਟੀ.ਬੀ. ਅਫ਼ਸਰ ਸਤਿੰਦਰ ਕੌਰ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ, ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਕਿਹਾ ਕਿ ਸਾਲ 2025 ਤੱਕ ਭਾਰਤ ਵਿੱਚੋਂ ਟੀ.ਬੀ. ਦੇ ਮੁਕੰਮਲ ਖਾਤਮੇ ਦਾ ਟੀਚਾ ਮਿਥਿਆ ਗਿਆ ਹੈ। ਉਨ੍ਹਾਂ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਜ਼ਿਲ੍ਹੇ ਦੀਆਂ ਸਵੈ-ਸੇਵੀ ਸੰਸਥਾਵਾਂ, ਪੰਚਾਇਤਾਂ ਅਤੇ ਆਮ ਜਨਤਾ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ‘ਟੀ.ਬੀ.ਹਾਰੇਗਾ ਦੇਸ਼ ਜਿੱਤੇਗਾ‘ ਦੇ ਨਾਅਰੇ ਨੂੰ ਸਾਰਥਕ ਕੀਤਾ ਜਾ ਸਕੇ।
ਮੀਟਿੰਗ ਦੌਰਾਨ ਸਿਵਲ ਸਰਜਨ ਡਾ. ਰਾਜਿੰਦਰ ਪਾਲ ਨੇ ਦੱਸਿਆ ਕਿ ਟੀ.ਬੀ. ਛੂਤ ਦਾ ਰੋਗ ਹੈ ਜੋ ਥੁੱਕ ਰਾਹੀਂ ਫੈਲਦਾ ਹੈ। ਉਨ੍ਹਾਂ ਦੱਸਿਆ ਕਿ ਸਹੀ ਅਤੇ ਮੁਕੰਮਲ ਇਲਾਜ ਨਾਲ ਇਹ ਰੋਗ ਪੂਰੀ ਤਰ੍ਹਾਂ ਨਾਲ ਠੀਕ ਹੋ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਟੀ.ਬੀ. ਦਾ ਮੁਫਤ ਇਲਾਜ ਮੁਹੱਈਆ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਟੀ.ਬੀ. ਦਾ ਇੱਕ ਮਰੀਜ ਜੋ ਆਪਣਾ ਇਲਾਜ ਨਹੀ ਕਰਵਾਉਂਦਾ ਸਾਲ ਵਿੱਚ 15 ਤੰਦਰੁਸਤ ਵਿਅਕਤੀਆਂ ਨੂੰ ਟੀ. ਬੀ. ਦੇ ਰੋਗੀ ਬਣਾ ਸਕਦਾ ਹੈ। ਉਨ੍ਹਾਂ ਜ਼ਿਲ੍ਹੇ ਦੀ ਆਮ ਜਨਤਾ ਨੂੰ ਅਪੀਲ ਕੀਤੀ ਕਿ ਦੋ ਹਫਤੇ ਜਾਂ ਇਸ ਤੋਂ ਵੱਧ ਸਮੇ ਦੀ ਖਾਂਸੀ ਹੋਣ ‘ਤੇ ਟੀ.ਬੀ. ਦੀ ਜਾਂਚ ਕਰਵਾਈ ਜਾਵੇ ਅਤੇ ਟੀ.ਬੀ. ਹੋਣ ‘ਤੇ ਡਾਕਟਰ ਦੀ ਸਲਾਹ ਨਾਲ ਦਵਾਈ ਦਾ ਪੂਰਾ ਕੋਰਸ ਕੀਤਾ ਜਾਵੇ। ਇਸ ਮੌਕੇ ਜ਼ਿਲ੍ਹਾ ਟੀ.ਬੀ. ਅਫ਼ਸਰ ਸਤਿੰਦਰ ਕੌਰ ਦੱਸਿਆ ਕਿ ਟੀ.ਬੀ. ਦਾ ਰੋਗ ਛਿਪਾਉਣ ਨਾਲ ਜਾਂ ਇਲਾਜ/ਦਵਾਈ ਅੱਧ ਵਿਚਾਲੇ ਬੰਦ ਕਰਨ ਨਾਲ ਇਹ ਰੋਗ ਘਾਤਕ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਚ ਰੀਵਾਇਜ਼ ਨੈਸ਼ਨਲ ਟੀ.ਬੀ. ਕੰਟਰੋਲ ਪ੍ਰੋਗਰਾਮ ਤਹਿਤ ਟੀ.ਬੀ. ਰੋਗੀਆਂ ਦਾ ਇਲਾਜ ਸਿਹਤ ਵਰਕਰਾਂ ਦੀ ਦੇਖ-ਰੇਖ ਵਿੱਚ ਮੁਫਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਡੌਟਸ ਪ੍ਰਣਾਲੀ ਤਹਿਤ ਬਲਗਮ ਦੀ ਜਾਂਚ ਨਜ਼ਦੀਕੀ ਸਰਕਾਰੀ ਸਿਹਤ ਕੇਂਦਰਾਂ ਵਿੱਚ ਮੁਫ਼ਤ ਕੀਤੀ ਜਾਂਦੀ ਹੈ ਅਤੇ ਮਰੀਜ਼ਾਂ ਨੂੰ 500 ਰੁਪਏ ਫੂਡ ਮਨੀ ਦੇ ਤੌਰ ‘ਤੇ ਵੀ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸਿਹਤ ਵਿਭਾਗ ਨੇ ਟੀ.ਬੀ.ਉਨਮੂਲਣ ਪ੍ਰੋਗਰਾਮ ਵਿੱਚ ਬਿਹਤਰ ਕਾਰਗੁਜਾਰੀ ਲਈ ਕਾਂਸੀ ਦਾ ਤਮਗਾ ਹਾਸਿਲ ਕੀਤਾ ਹੈ ਅਤੇ ਹੁਣ ਅੱਗੇ ਚਾਂਦੀ ਦੇ ਤਮਗੇ ਲਈ ਨੋਮੀਨੇਸ਼ਨ ਭੇਜੀ ਜਾ ਰਹੀ ਹੈ।
ਮੀਟਿੰਗ ਵਿੱਚ ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਕੰਸਲਟੈਂਟ ਡਾ. ਪ੍ਰੀਤੋਸ਼ ਧਵਨ, ਜ਼ਿਲ੍ਹਾ ਸਿੱਖਿਆ ਅਫ਼ਸਰ ਕਵਲਜੀਤ ਸਿੰਘ ਧੰਜੂ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਹਰੀਸ਼ ਕਟਾਰੀਆ, ਸ਼ਮੀਨ ਅਰੋੜਾ, ਬੀ.ਸੀ.ਸੀ. ਕੋਆਰਡੀਨੇਟਰ ਰਜਨੀਕ ਕੌਰ, ਰਿੰਕੂ ਅਤੇ ਟੀ.ਬੀ. ਚੈਂਪੀਅਨ ਦਾ ਸਟਾਫ ਹਾਜ਼ਰ ਸੀ।


