ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦਾਣਾ ਮੰਡੀ ਫਾਜ਼ਿਲਕਾ ਦਾ ਅਚਨਚੇਤ ਦੌਰਾ, ਕਣਕ ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 61128 ਮੀਟ੍ਰਿਕ ਟਨ ਕਣਕ ਦੀ ਹੋਈ ਆਮਦ
- 154 Views
- kakkar.news
- April 20, 2024
- Punjab
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਦਾਣਾ ਮੰਡੀ ਫਾਜ਼ਿਲਕਾ ਦਾ ਅਚਨਚੇਤ ਦੌਰਾ, ਕਣਕ ਖਰੀਦ ਪ੍ਰਬੰਧਾਂ ਦਾ ਲਿਆ ਜਾਇਜਾ ਬੀਤੀ ਸ਼ਾਮ ਤੱਕ ਜ਼ਿਲ੍ਹੇ ਦੀਆਂ ਮੰਡੀਆਂ ਵਿੱਚ 61128 ਮੀਟ੍ਰਿਕ ਟਨ ਕਣਕ ਦੀ ਹੋਈ ਆਮਦ
ਫਾਜਿ਼ਲਕਾ 20 ਅਪ੍ਰੈਲ 2024 (ਸਿਟੀਜ਼ਨਜ਼ ਵੋਇਸ)
ਵਧੀਕ ਡਿਪਟੀ ਕਮਿਸ਼ਨਰ (ਜਨ.) ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਦਾਣਾ ਮੰਡੀ ਫਾਜ਼ਿਲਕਾ ਦਾ ਅਚਨਚੇਤ ਦੌਰਾ ਕਰਕੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਣਕ ਵਿੱਚ ਮੌਜੂਦ ਨਮੀ ਦੀ ਮਾਤਰਾ ਵੀ ਚੈੱਕ ਕੀਤੀ।
ਇਸ ਤੋਂ ਪਹਿਲਾ ਉਨ੍ਹਾਂ ਖਰੀਦ ਏਂਜਸੀਆਂ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਬੈਠਕ ਕਰਦਿਆਂ ਹਦਾਇਤ ਕਰਦਿਆਂ ਕਿਹਾ ਕਿ ਖਰੀਦ, ਅਦਾਇਗੀ ਅਤੇ ਲਿਫਟਿੰਗ ਦੇ ਕੰਮ ਵਿਚ ਹੋਰ ਤੇਜੀ ਲਿਆਂਦੀ ਜਾਵੇ। ਉਨ੍ਹਾਂ ਨੇ ਮਾਰਕਿਟ ਕਮੇਟੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖਰੀਦ ਕੇਂਦਰਾਂ ਵਿੱਚ ਛਾਂ, ਪਾਣੀ, ਸਾਫ ਸਫਾਈ ਅਤੇ ਤਰਪਾਲਾਂ ਆਦਿ ਦੇ ਇੰਤਜਾਮ ਪੂਰੇ ਹੋਣ। ਉਨ੍ਹਾਂ ਨੇ ਕਿਹਾ ਕਿ ਮੰਡੀ ਵਿਚ ਕਿਸਾਨਾਂ, ਆੜਤੀਆਂ ਜਾਂ ਮਜ਼ਦੂਰਾਂ ਨੂੰ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਹਰ ਤਰ੍ਹਾਂ ਦੇ ਪੁਖ਼ਤਾ ਪ੍ਰਬੰਧ ਹੋਣ।
ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀ ਵਿਚ ਆਉਣ ਵਾਲੀ ਫਸਲ ਦੀ ਨਾਲੋਂ ਨਾਲ ਖਰੀਦ ਕੀਤੀ ਜਾਵੇ ਅਤੇ ਖਰੀਦੀ ਗਈ ਫਸਲ ਦੀ ਤੇਜ਼ੀ ਨਾਲ ਮੰਡੀਆਂ ਵਿਚੋਂ ਲਿਫਟਿੰਗ ਕੀਤੀ ਜਾਵੇ ਤਾਂ ਜੋ ਹੋਰ ਫਸਲ ਲਿਆਉਣ ਲਈ ਮੰਡੀਆਂ ਵਿਚ ਥਾਂ ਦੀ ਕੋਈ ਘਾਟ ਪੈਦਾ ਨਾ ਹੋਵੇ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਪੂਰੀ ਪੱਕੀ ਹੋਈ ਕਣਕ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਾਕੇਸ਼ ਕੁਮਾਰ ਪੋਪਲੀ ਨੇ ਅੱਗੇ ਦੱਸਿਆ ਕਿ ਜਿ਼ਲ੍ਹੇ ਵਿਚ ਬੀਤੀ ਸ਼ਾਮ ਤੱਕ 61128 ਮੀਟ੍ਰਿਕ ਟਨ ਕਣਕ ਦੀ ਆਮਦ ਹੋਈ ਸੀ ਅਤੇ 46159 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ। ਉਨ੍ਹਾਂ ਨੇ ਦੱਸਿਆ ਕਿ ਪਨਗ੍ਰੇਨ ਨੇ 10442 ਮੀਟ੍ਰਿਕ ਟਨ, ਮਾਰਕਫੈਡ ਨੇ 18075 ਮੀਟ੍ਰਿਕ ਟਨ, ਪਨਸਪ ਨੇ 9033 ਮੀਟ੍ਰਿਕ ਟਨ, ਪੰਜਾਬ ਰਾਜ ਵੇਅਰ ਹਾਉਸ ਕਾਰਪੋਰੇਸ਼ਨ ਨੇ 5990 ਮੀਟ੍ਰਿਕ ਟਨ, ਐੱਫ.ਸੀ.ਆਈ ਨੇ 10 ਮੀਟ੍ਰਿਕ ਟਨ ਅਤੇ ਪ੍ਰਾਈਵੇਟ ਵਪਾਰੀਆਂ ਨੇ 2609 ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਹੈ।
ਇਸ ਮੌਕੇ ਡੀਐਫਐਸਸੀ ਸ੍ਰੀ ਹਿਮਾਂਸੂ ਕੁੱਕੜ, ਜ਼ਿਲ੍ਹਾ ਮੰਡੀ ਅਫਸਰ ਜਸਮੀਤ ਸਿੰਘ, ਸਕੱਤਰ ਮਾਰਕਿਟ ਕਮੇਟੀ ਮਨਦੀਪ ਰਹੇਜਾ, ਫੀਲਡ ਅਫਸਰ ਪਨਸਪ ਵਰੁਣ ਬੱਬਰ, ਮੈਨੇਜਰ ਮਾਰਕਫੈੱਡ ਅਵੀ ਕੁਮਾਰ, ਮੈਨੇਜਰ ਪਨਸਪ ਪਰਮਿੰਦਰ ਸਿੰਘ, ਮੈਨੇਜਰ ਵੇਅਰ ਹਾਊਸ ਇਸ਼ਾਂਤ ਬਾਂਗਲਾ, ਮੈਨੇਜਰ ਪਨਗ੍ਰੇਨ ਅਰੁਣ ਬੱਬਰ ਆਦਿ ਵੀ ਹਾਜ਼ਰ ਸਨ।



- October 15, 2025