ਖੇਤੀ ਮਸ਼ੀਨਰੀ ‘ਤੇ ਸਬਸਿਡੀ ਲੈਣ ਲਈ ਕਿਸਾਨ 20 ਜੂਨ ਤੱਕ ਪੋਰਟਲ ਤੇ ਕਰਨ ਅਪਲਾਈ : ਡੀ.ਸੀ
- 169 Views
- kakkar.news
- June 11, 2024
- Punjab
ਖੇਤੀ ਮਸ਼ੀਨਰੀ ‘ਤੇ ਸਬਸਿਡੀ ਲੈਣ ਲਈ ਕਿਸਾਨ 20 ਜੂਨ ਤੱਕ ਪੋ
ਫ਼ਿਰੋਜ਼ਪੁਰ 11 ਜੂਨ 2024 (ਅਨੁਜ ਕੱਕੜ ਟੀਨੂੰ)
ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਸਾਲ 2024-25 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਜ਼ੀਰੋ ਪੱਧਰ ’ਤੇ ਲਿਆਉਣ ਲਈ ਪਰਾਲੀ ਦੀ ਖੇਤ ਦੇ ਅੰਦਰ ਅਤੇ ਬਾਹਰ ਸੰਭਾਲ ਲਈ ਸਬਸਿਡੀ ‘ਤੇ ਖੇਤੀ ਮਸ਼ੀਨਰੀ ਖਰੀਦ ਕਰਨ ਲਈ ਕਿਸਾਨ ਆਨਲਾਈਨ ਬਿਨੈ ਪੱਤਰ 20 ਜੂਨ 2024 ਸ਼ਾਮ 5 ਵਜੇ ਤੱਕ ਭਰ ਸਕਦੇ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਸਾਲ 2023-24 ਦੌਰਾਨ ਫ਼ਿਰੋਜ਼ਪੁਰ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿਚ ਵੱਡੀ ਕਮੀ ਦਰਜ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਾਲ 2024-25 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ‘ਤੇ ਲਆਉਣ ਦਾ ਟੀਚਾ ਮਿੱਥਿਆ ਗਿਆ ਹੈ ਜਿਸ ਦੀ ਪ੍ਰਾਪਤੀ ਲਈ ਸਮੂਹ ਧਿਰਾਂ ਦੇ ਸਹਿਯੋਗ ਦੀ ਜ਼ਰੂਰਤ ਹੈ।
ਉਨ੍ਹਾਂ ਦੱਸਿਆ ਕਿ ਸਾਲ 2024-25 ਲਈ ਸੀ.ਆਰ.ਐਮ. ਸਕੀਮ ਅਧੀਨ ਪਰਾਲੀ ਦੀ ਸੁੱਚਜੀ ਸਾਂਭ ਸੰਭਾਲ ਕਰਨ ਵਾਲੇ ਖੇਤੀ ਸੰਦਾਂ ਉਪਰ ਪੰਜਾਬ ਸਰਕਾਰ ਵੱਲੋਂ ਸਬਸਿਡੀ ਦੇਣ ਲਈ ਸਕੀਮ ਜਾਰੀ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇੱਛੁਕ ਕਿਸਾਨ ਆਪਣੇ ਬਿਨੈ ਪੱਤਰ https://agrimachinerypb.com ਪੋਰਟਲ ਉਪਰ ਮਿਤੀ 20 ਜੂਨ 2024 ਤੱਕ ਦੇ ਸਕਦੇ ਹਨ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫਸਰ ਡਾ. ਜੰਗੀਰ ਸਿੰਘ ਨੇ ਦੱਸਿਆ ਕਿ ਇਸ ਸਕੀਮ ਅਧੀਨ ਨਿੱਜੀ ਕਿਸਾਨ (50% ਸਬਸਿਡੀ) ਅਤੇ ਕਸਟਮ ਹਾਇਰਿੰਗ ਸੈਂਟਰ (80% ਸਬਸਿਡੀ) ਜਿਵੇਂ ਕਿ ਪੰਚਾਇਤ, ਕਿਸਾਨ ਉਤਪਾਦਕ ਸੰਗਠਨ, ਰਜਿਸਟਰਡ ਫਾਰਮਰ ਗਰੁੱਪ, ਅਤੇ ਸਹਿਕਾਰੀ ਸਭਾ ਬਿਨੈ ਪੱਤਰ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਬਿਨੈ ਪੱਤਰ ਦੇਣ ਵਾਲੇ ਕਿਸਾਨ ਕੋਲ ਟਰੈਕਟਰ ਹੋਣਾ ਜ਼ਰੂਰੀ ਅਤੇ ਉਸ ਨੂੰ 5000/- ਰੁਪਏ ਬਤੌਰ ਟੋਕਨ ਮਨੀ ਆਨਲਾਈਨ ਜਮਾਂ ਕਰਵਾਉਣੀ ਹੋਵੇਗੀ ਜੋ ਮੋੜਨਯੋਗ ਹੈ।
ਉਨ੍ਹਾਂ ਦੱਸਿਆ ਕਿ ਜੋ ਕਿਸਾਨ ਨਿੱਜੀ ਤੌਰ ’ਤੇ ਬਿਨੈ ਪੱਤਰ ਦੇਣਾ ਚਾਹੁੰਦੇ ਹਨ, ਉਨ੍ਹਾਂ ਕੋਲ ਪਿਛਲੇ ਸੀਜ਼ਨ ਦੇ ਝੋਨੇ ਦਾ ਜੇ-ਫਾਰਮ ਹੋਣਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਤਹਿਤ ਟਰੈਕਟਰ 60 ਹਾਰਸ ਪਾਵਰ ਜਾਂ ਵੱਧ (ਕੇਵਲ ਗਰੁੱਪਾਂ ਲਈ), ਸੁਪਰ ਐਸ.ਐਮ.ਐਸ. ਹੈਪੀ ਸੀਡਰ, ਸਮਾਰਟ ਸੀਡਰ, ਪੈਡੀ ਸਟਰਾਅ ਚੌਪਰ, ਮਲਚਰ, ਰੋਟਰੀ ਸਲੈਸ਼ਰ, ਉਲਟਾਵੇਂ ਹਲ, ਜੀਰੋ ਟਿਲ ਡਰਿਲ, ਸੁਪਰ ਸੀਡਰ, ਸਰਫੇਸ ਸੀਡਰ, ਬੇਲਰ, ਰੇਕ ਅਤੇ ਕਰਾਪ ਰੀਪਰ ਉਪਰ ਸਬਸਿਡੀ ਲਈ ਅਪਲਾਈ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਇਸ ਸਕੀਮ ਬਾਰੇ ਵਧੇਰੇ ਜਾਣਕਾਰੀ ਲਈ ਫ਼ਿਰੋਜ਼ਪੁਰ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ, ਸਹਾਇਕ ਖੇਤੀਬਾੜੀ ਇੰਜੀਨੀਅਰ ਜਾਂ ਆਪਣੇ ਬਲਾਕ ਖੇਤੀਬਾੜੀ ਅਫਸਰ, ਖੇਤੀਬਾੜੀ ਵਿਕਾਸ / ਵਿਸਥਾਰ ਅਫ਼ਸਰ ਨਾਲ ਸੰਪਰਕ ਕਰ ਸਕਦੇ ਹਨ।

- June 20, 2026
फिरोजपुर रेल मंडल: प्रगति और उपलब्धियों का सप्ताह।
- June 19, 2026