ਸੀ.ਐਮ. ਦੀ ਯੋਗਸ਼ਾਲਾ ਤਹਿਤ ਜ਼ਿਲੇ ’ਚ ਚਲਾਈਆਂ ਜਾ ਰਹੀਆਂ ਹਨ ਯੋਗ ਕਲਾਸਾਂ- ਧੀਮਾਨ
- 95 Views
- kakkar.news
- June 26, 2024
- Health Punjab
ਸੀ.ਐਮ. ਦੀ ਯੋਗਸ਼ਾਲਾ ਤਹਿਤ ਜ਼ਿਲੇ ’ਚ ਚਲਾਈਆਂ ਜਾ ਰਹੀਆਂ ਹਨ ਯੋਗ ਕਲਾਸਾਂ- ਧੀਮਾਨ
ਫ਼ਿਰੋਜ਼ਪੁਰ, 26 ਜੂਨ 2024 (ਅਨੁਜ ਕੱਕੜ ਟੀਨੂੰ)
ਜ਼ਿਲ੍ਹੇ ਵਿੱਚ ਸੀ ਐਮ ਦੀ ਯੋਗ ਸ਼ਾਲਾ ਵਿਚ ਇਸ ਸਮੇਂ ਕਰੀਬ 74 ਕਲਾਸਾਂ ਚੱਲ ਰਹੀਆਂ ਹਨ। ਜਿਸ ਵਿਚ ਤਕਰੀਬਨ 1450 ਲੋਕ ਯੋਗ ਦਾ ਅਭਿਆਸ ਕਰ ਰਹੇ ਹਨ। ਸੀ.ਐਮ. ਯੋਗਸ਼ਾਲਾ ਪ੍ਰਾਜੈਕਟ ਤਹਿਤ ਜ਼ਿਲ੍ਹੇ ਦੇ ਚਾਰ ਬਲਾਕ ਕਵਰ ਕੀਤੇ ਜਾ ਚੁੱਕੇ ਹਨ। ਲੋਕਾਂ ਵਿਚ ਯੋਗ ਪ੍ਰਤੀ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਧੀਮਾਨ ਕੀਤਾ।
ਉਨ੍ਹਾਂ ਦੱਸਿਆ ਕਿ ਬੀਤੇ ਦਿਨੀਂ 10ਵੇਂ ਅੰਤਰਰਾਸ਼ਟਰੀ ਯੋਗ ਦਿਵਸ ਦੇ ਮੌਕੇ ਸੀ.ਐਮ. ਦੀ ਯੋਗਸ਼ਾਲਾ ਤਹਿਤ ਜ਼ਿਲ੍ਹਾ ਪੱਧਰ ਅਤੇ ਤਹਿਸੀਲ ਪੱਧਰ ਵਿੱਚ ਵੀ ਲੋਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਉਨ੍ਹਾਂ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਮੁਫ਼ਤ ਯੋਗ ਸਿੱਖਿਆ ਦੇਣ ਦੀ ਪਹਿਲ ਹੈ। ਇਸ ਯੋਜਨਾ ਤਹਿਤ ਪੰਜਾਬ ਵਿੱਚ ਅਨੁਭਵੀ ਯੋਗ ਅਧਿਆਪਕਾਂ ਦੀ ਟੀਮ ਸਥਾਪਿਤ ਕੀਤੀ ਗਈ ਹੈ ਤਾਂ ਕਿ ਯੋਗ ਨੂੰ ਘਰ-ਘਰ ਪਹੁੰਚਾਇਆ ਜਾ ਸਕੇ ਅਤੇ ਲੋਕ ਇਸ ਦਾ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ। ਇਸ ਦਾ ਉਦੇਸ਼ ਨਾਗਿਰਕਾਂ ਦੀ ਸਰੀਰਕ ਤੇ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਧਿਆਨ ਤੇ ਯੋਗ ਦੇ ਮਹੱਤਵ ਨੂੰ ਉਜਾਗਰ ਕਰਨਾ ਹੈ। ਯੋਗ ਦੇ ਰੋਜ਼ਾਨਾ ਅਭਿਆਸ ਦੁਆਰਾ ਵਿਅਕਤੀ ਇਕਾਗਰਤਾ ਦਾ ਵਿਕਾਸ ਕਰ ਸਕਦਾ ਹੈ ਅਤੇ ਆਪਣੇ ਵਾਤਾਵਰਣ ਨਾਲ ਵੱਧ ਤੋਂ ਵੱਧ ਇਕਸੁੱਕਤਾ ਸਥਾਪਿਤ ਕਰ ਸਕਦਾ ਹੈ।
ਸੀ.ਐਮ. ਦੀ ਯੋਗਸ਼ਾਲਾ ਵਿੱਚ ਯੋਗ ਅਭਿਆਸ ਕਰਨ ਵਾਲੀ ਤਹਿਸੀਲ ਗੁਰੂਹਰਸਹਾਏ ਦੀ ਪਰਮਜੀਤ ਕੌਰ ਦਾ ਕਹਿਣਾ ਹੈ ਕਿ ਉਸ ਨੂੰ ਕਮਰ ਵਿੱਚ ਬਹੁਤ ਜ਼ਿਆਦਾ ਦਰਦ ਰਹਿੰਦਾ ਸੀ। ਇਹ ਦਿੱਕਤ ਉਸ ਨੂੰ ਪਿਛਲੇ 18-20 ਸਾਲ ਤੋਂ ਸੀ ਜੋ ਕਿ ਹੁਣ ਯੋਗ ਅਭਿਆਸ ਰਾਹੀਂ ਠੀਕ ਹੋ ਗਈ ਹੈ। ਉਨ੍ਹਾਂ ਕਿਹਾ, ‘‘ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦੀ ਹਾਂ ਕਿ, ਜੋ ਸਾਨੂੰ ਯੋਗ ਅਭਿਆਸ ਕਰਵਾਉਣ ਲਈ ਫ੍ਰੀ ਯੋਗ ਟ੍ਰੇਨਰ ਦਿੱਤੇ ਗਏ ਹਨ। ਯੋਗ ਦੇ ਵਿਚ ਸੁਖਸ਼ਮ ਵਿਆਮ, ਆਸਣ, ਪ੍ਰਾਣਾਯਾਮ ਤੇ ਧਿਆਨ ਕਰਵਾਇਆ ਜਾਂਦਾ ਹੈ ਜਿਸ ਨਾਲ ਕਾਫੀ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ।’’
ਸੀ.ਐਮ. ਦੀ ਯੋਗਸ਼ਾਲਾ ਦੀ ਜ਼ਿਲ੍ਹਾ ਕੁਆਰਡੀਨੇਟਰ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਸੂਬਾ ਸਲਾਹਕਾਰ ਸ੍ਰੀ ਅਮਰੇਸ਼ ਝਾਅ ਅਤੇ ਸ੍ਰੀ ਕਮਲੇਸ਼ ਮਿਸ਼ਰਾ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਯੋਗ ਨਾਲ ਜੋੜਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸੀ.ਐਮ. ਦੀ ਯੋਗਸ਼ਾਲਾ ਰਾਹੀਂ ਲੋਕਾਂ ਨੂੰ ਉਨ੍ਹਾਂ ਦੁਆਰਾ ਚੁਣੇ ਗਏ ਸਥਾਨ ਜਿਵੇਂ ਕਿ ਪਾਰਕਾਂ, ਜਨਤਕ ਸਥਾਨਾ ’ਤੇ ਮੁਫ਼ਤ ਯੋਗ ਸਿੱਖਿਆ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਲੋਕ ਜੇਕਰ ਕਿਸੇ ਵੀ ਗਲ਼ੀ ਮੁਹੱਲੇ ’ਚ ਯੋਗ ਕਲਾਸ ਚਾਹੁੰਦੇ ਹਨ ਤਾਂ 25 ਮੈਂਬਰਾਂ ਦਾ ਗਰੁੱਪ ਬਣਾ ਕੇ 7669400500 ਨੰਬਰ ’ਤੇ ਮਿਸਡ ਕਾਲ ਕਰ ਸਕਦੇ ਹਨ ਜਾਂ ਨੰਬਰ 7888840115 ’ਤੇ ਵੀ ਕਾਲ ਕਰ ਸਕਦੇ ਹਨ। ਇਹ ਕਾਲ ਬਿਲਕੁਲ ਮੁਫ਼ਤ ਹੈ।

