ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਕਰਵਾਏ ਜਾਣਗੇ ਕੁਇਜ਼ ਮੁਕਾਬਲੇ
- kakkar.news
- July 11, 2024
- Punjab
ਜ਼ਿਲ੍ਹਾ ਭਾਸ਼ਾ ਦਫ਼ਤਰ ਵੱਲੋਂ ਕਰਵਾਏ ਜਾਣਗੇ ਕੁਇਜ਼ ਮੁਕਾਬਲੇ
ਫਿਰੋਜ਼ਪੁਰ, 11 ਜੁਲਾਈ 2024 (ਅਨੁਜ ਕੱਕੜ ਟੀਨੂੰ)
ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ’ਤੇ ਕੁਇਜ਼ ਮੁਕਾਬਲੇ ਕਰਵਾਏ ਜਾ ਰਹੇ ਹਨ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਜਗਦੀਪ ਸੰਧੂ ਨੇ ਦੱਸਿਆ ਕਿ ਜ਼ਿਲ੍ਹਾ ਪੱਧਰੀ ਕੁਇਜ਼ ਮੁਕਾਬਲੇ ਅਕਤੂਬਰ 2024 ਵਿੱਚ ਕਰਵਾਏ ਜਾਣਗੇ।
ਉਨ੍ਹਾਂ ਦੱਸਿਆ ਕਿ ਇਹ ਮੁਕਾਬਲੇ ਵੱਖ-ਵੱਖ ਵਰਗਾਂ ਅਨੁਸਾਰ ਹੋਣਗੇ।ਪਹਿਲੇ ਵਰਗ ਵਿੱਚ ਛੇਵੀਂ ਤੋਂ ਅੱਠਵੀਂ ਸ਼੍ਰੇਣੀ ਤੱਕ, ਦੂਜੇ ਵਰਗ ਵਿੱਚ ਨੌਵੀਂ ਤੋਂ ਬਾਰਵੀਂ ਸ਼੍ਰੇਣੀ ਤੱਕ ਅਤੇ ਤੀਜੇ ਵਰਗ ਵਿੱਚ ਗ੍ਰੈਜ਼ੂਏਸ਼ਨ ਦੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ। ਇੱਕ ਵਿੱਦਿਅਕ ਸੰਸਥਾਂ ਦੇ ਵੱਧ ਤੋਂ ਵੱਧ ਹਰੇਕ ਵਰਗ ਵਿੱਚ ਦੋ ਵਿਦਿਆਰਥੀ ਭਾਗ ਲੈ ਸਕਦੇ ਹਨ। ਹਰੇਕ ਵਰਗ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਰਾਜ ਪੱਧਰੀ ਮੁਕਾਬਲਿਆਂ ਵਿੱਚ ਭਾਗ ਲਵੇਗਾ। ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ ਅਤੇ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵੱਲੋਂ ਸਰਟੀਫਿ਼ਕੇਟ ਦਿੱਤੇ ਜਾਣਗੇ। ਇਨ੍ਹਾਂ ਮੁਕਾਬਲਿਆਂ ਵਿੱਚ ਕਿਸੇ ਪ੍ਰਕਾਰ ਦੀ ਕੋਈ ਰਜਿਸਟ੍ਰੇਸ਼ਨ ਫ਼ੀਸ ਨਹੀਂ ਹੈ। ਵਿਦਿਆਰਥੀਆਂ ਤੋਂ ਉਨ੍ਹਾਂ ਦੇ ਵਰਗ ਅਨੁਸਾਰ ਮਾਨਸਿਕ ਪੱਧਰ ਨੂੰ ਦੇਖਦਿਆਂ ਹੋਇਆਂ ਪੰਜਾਬੀ ਸਾਹਿਤ, ਧਰਮ, ਭਾਸ਼ਾ, ਸ਼ਖਸੀਅਤਾਂ, ਸੱਭਿਆਚਾਰ, ਇਤਿਹਾਸ ਅਤੇ ਭੂਗੋਲ ਵਿਸ਼ਿਆਂ ਨਾਲ ਸੰਬੰਧਤ ਪ੍ਰਸ਼ਨ ਪੁੱਛੇ ਜਾਣਗੇ। ਇਸ ਤੋਂ ਇਲਾਵਾ ਸਮਕਾਲ ਨਾਲ ਜੁੜੀਆਂ ਹੋਈਆਂ ਮਹੱਤਵਪੂਰਨ ਘਟਨਾਵਾਂ ਜਾਂ ਗਤੀ-ਵਿਧੀਆਂ ਵਿੱਚੋਂ ਆਮ ਗਿਆਨ ਨਾਲ ਸੰਬੰਧਤ ਪ੍ਰਸ਼ਨ ਪੁੱਛੇ ਜਾ ਸਕਦੇ ਹਨ। ਇਨ੍ਹਾਂ ਮੁਕਾਬਲਿਆਂ ਦੀ ਤਿਆਰੀ ਲਈ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਕਾਸ਼ਿਤ ਪੁਸਤਕ ‘ਕੁਇਜ਼ ਮੁਕਾਬਲੇ’ ਜ਼ਿਲ੍ਹਾ ਭਾਸ਼ਾ ਦਫ਼ਤਰ ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਦੱਸਿਆ ਕਿ ਸਮੂਹ ਸਕੂਲਾਂ ਅਤੇ ਕਾਲਜਾਂ ਦੇ ਮੁੱਖੀ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਨਿਰਧਾਰਿਤ ਪ੍ਰੋ਼ਫ਼ਾਰਮੇ ’ਤੇ 26 ਜੁਲਾਈ ਤੱਕ ਜ਼ਿਲ੍ਹਾ ਭਾਸ਼ਾ ਦਫ਼ਤਰ ਫਿ਼ਰੋਜ਼ਪੁਰ ਦੇ ਪਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬੀ.ਬਲਾਕ, ਕਮਰਾ ਨੰਬਰ-209 ਫਿ਼ਰੋਜ਼ਪੁਰ ਵਿਖੇ ਆਪਣੇ ਬਿਨੈ-ਪੱਤਰ ਭੇਜ ਸਕਦੇ ਹਨ। ਵਿਸਥਾਰ ਸਾਹਿਤ ਨਿਯਮ ਅਤੇ ਨਿਰਧਾਰਤ ਪੋ੍ਰਫ਼ਾਰਮਾਂ ਸੰਬੰਧਤ ਸੰਸਥਾਵਾਂ ਨੂੰ ਭੇਜਿਆ ਜਾ ਚੁੱਕਾ ਹੈ। ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਭਾਸ਼ਾ ਦਫ਼ਤਰ ਫਿ਼ਰੋਜ਼ਪੁਰ ਦੇ ਕਰਮਚਾਰੀ ਸ਼੍ਰੀ ਰਮਨ ਕੁਮਾਰ ਮੋਬਾਈਲ 87270-22686 ’ਤੇ ਸੰਪਰਕ ਕੀਤਾ ਜਾ ਸਕਦਾ ਹੈ।

- September 21, 2026
स्वच्छता ही सेवा अभियान के तहत रेलवे स्टेशनों पर विशेष सफाई अभियान
- September 21, 2026