ਸਿਹਤ ਵਿਭਾਗ ਵੱਲੋਂ ਆਈ ਫਲੂ ਬਿਮਾਰੀ ਬਾਰੇ ਜਾਗਰੂਕ ਸੈਮੀਨਾਰ ਆਯੋਜਿਤ
- 122 Views
- kakkar.news
- August 9, 2024
- Punjab
ਸਿਹਤ ਵਿਭਾਗ ਵੱਲੋਂ ਆਈ ਫਲੂ ਬਿਮਾਰੀ ਬਾਰੇ ਜਾਗਰੂਕ ਸੈਮੀਨਾਰ ਆਯੋਜਿਤ
ਫਿਰੋਜ਼ਪੁਰ , 09 ਅਗੱਸਤ 2024 (ਅਨੁਜ ਕੱਕੜ ਟੀਨੂੰ)
ਸਿਵਲ ਸਰਜਨ ਡਾ. ਰਾਜਵਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਹਾਇਕ ਸਿਵਲ ਸਰਜਨ ਡਾ. ਸੁਸ਼ਮਾ ਠੱਕਰ ਦੀ ਅਗਵਾਈ ਹੇਠ ਸਥਾਨਕ ਸਿਵਲ ਹਸਪਤਾਲ ਵਿਖੇ ਆਈ ਫ਼ਲੂ ਬਿਮਾਰੀ ਤੋਂ ਬਚਾਓ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਆਯੋਜਿਤ ਕੀਤਾ ਗਿਆ।
ਸੈਮੀਨਾਰ ਦੌਰਾਨ ਸੰਬੋਧਨ ਕਰਦਿਆਂ ਅੱਖਾਂ ਦੇ ਮਾਹਿਰ ਡਾ. ਦਿਕਸ਼ਿਤ ਸਿੰਗਲਾ ਨੇ ਕਿਹਾ ਕਿ ਹਾਲ ਬਰਸਾਤੀ ਮੌਸਮ ਦੌਰਾਨ ਜਲਵਾਯੂ ਤਬਦੀਲੀ ਕਾਰਨ ਅੱਖਾਂ ਦਾ ਫਲੂ ਵੱਧਣ ਦਾ ਖਦਸ਼ਾ ਰਹਿੰਦਾ ਹੈ। ਆਈ. ਫਲੂ ਬਿਮਾਰੀ ਲਾਗ ਦੀ ਬਿਮਾਰੀ ਹੈ। ਇਸ ਤੋਂ ਬਚਾਅ ਲਈ ਸਾਫ਼ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਇਸਦੇ ਮੁੱਖ ਲੱਛਣ ਅੱਖ ਦੀ ਲਾਲੀ, ਪਲਕਾਂ ਦੀ ਸੋਜ, ਅੱਖਾਂ ਵਿੱਚ ਖਾਰਸ਼ ਤੇ ਰੜਕ ਹੋਣਾਂ, ਅੱਖਾਂ ‘ਚ ਗਿੱਡਾ ਆਉਣੀਆਂ, ਪੀਲਾ ਜਾਂ ਹਲਕਾ ਚਿੱਟਾ ਪਾਣੀ ਵਗਣਾ, ਚਿਪਕੀਆਂ ਪਲਕਾਂ ਹੋਣਾਂ ਹਨ।
ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਸੰਜੀਵ ਸ਼ਰਮਾ ਅਤੇ ਡਿਪਟੀ ਮਾਸ ਮੀਡੀਆ ਅਫ਼ਸਰ ਨੇਹਾ ਭੰਡਾਰੀ ਤੇ ਸੰਦੀਪ ਵਾਲੀਆ ਨੇ ਆਈ ਫਲੂ ਤੋਂ ਬਚਾਅ ਲਈ ਨੁੱਕਤੇ ਸਾਂਝੇ ਕਰਦੇ ਕਿਹਾ ਕਿ ਹੱਥਾਂ ਨੂੰ ਸਾਬਣ ਨਾਲ ਵਾਰ-ਵਾਰ ਧੋਵੋ, ਅੱਖਾਂ ਨੂੰ ਛੂਹਣ ਤੋਂ ਪਰਹੇਜ਼ ਕਰੋ, ਅੱਖਾਂ ਨੂੰ ਸਾਫ਼ ਪਾਣੀ ਨਾਲ ਧੋਵੋ, ਆਈ ਫਲੂ ਦੇ ਮਰੀਜ਼ ਦੇ ਤੌਲੀਏ, ਰੁਮਾਲ, ਬੈੱਡਸ਼ੀਟ ਆਦਿ ਨੂੰ ਸਾਂਝਾ ਨਾ ਕਰੋ। ਬਿਨਾਂ ਡਾਕਟਰ ਦੀ ਸਲਾਹ ਤੋਂ ਅੱਖ ਵਿੱਚ ਕੋਈ ਵੀ ਦਵਾਈ ਪਾਉਣ ਤੋਂ ਗ਼ੁਰੇਜ਼ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਆਈ ਫਲੂ ਬਿਮਾਰੀ ਤੋਂ ਬਚਾਅ ਲਈ ਮਾਸ ਮੀਡੀਆ ਬਰਾਂਚ ਵਲੋਂ ਸਕੂਲਾਂ ਵਿੱਚ ਵੀ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਵਿੱਢੀ ਗਈ ਹੈ।

