ਸਰਕਾਰੀ ਹਾਈ ਸਮਾਰਟ ਸਕੂਲ ਦੁਲਚੀ ਕੇ ਵਿਖੇ ਕਰਵਾਇਆ ਗਿਆ ਸਾਲਾਨਾ ਇਨਾਮ ਵੰਡ ਸਮਾਰੋਹ ਫ਼ਿਰੋਜ਼ਪੁਰ,
- 69 Views
- kakkar.news
- December 11, 2024
- Education Punjab
ਸਰਕਾਰੀ ਹਾਈ ਸਮਾਰਟ ਸਕੂਲ ਦੁਲਚੀ ਕੇ ਵਿਖੇ ਕਰਵਾਇਆ ਗਿਆ ਸਾਲਾਨਾ ਇਨਾਮ ਵੰਡ ਸਮਾਰੋਹ ਫ਼ਿਰੋਜ਼ਪੁਰ,
ਫ਼ਿਰੋਜ਼ਪੁਰ 11-12-2024 (ਅਨੁਜ ਕੱਕੜ ਟੀਨੂੰ)
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਵਿਦਿਆਰਥੀਆਂ ਹਰਮੀਤ ਸਿੰਘ ਪਲਕਪ੍ਰੀਤ ਕੌਰ ਮਹਿਕਪ੍ਰੀਤ ਕੌਰ ਵਲੋਂ ਸ਼ਬਦ ਕੀਰਤਨ ਅਤੇ ਵਾਰ ਰਾਹੀਂ ਸੱਭਿਆਚਾਰਕ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਸਕੂਲ ਵਿਦਿਆਰਥੀਆਂ ਦੇ ਰੰਗਾਰੰਗ ਪ੍ਰੋਗਰਾਮ ਦੌਰਾਨ ਵੱਖ ਵੱਖ ਸਖਸ਼ੀਅਤਾਂ ਬੱਚਿਆਂ ਦੇ ਰੁਬਰੂ ਹੋਈਆਂ।ਜਿਨ੍ਹਾਂ ਵਿਚ ਐੱਸ ਐੱਸ ਪੀ ਦਫ਼ਤਰ ਤੋਂ ਲਖਵੀਰ ਸਿੰਘ ਗਿੱਲ ਨੇ ਵਿਦਿਆਰਥੀਆਂ ਨੂੰ ਜੀਵਨ ਜਾਚ ਦੇ ਹੁਨਰ ਦੱਸਦਿਆਂ ਸਕੂਲ ਸਮੇਂ ਨੂੰ ਜਿੰਦਗੀ ਦਾ ਅਹਿਮ ਹਿੱਸਾ ਦੱਸਿਆ। ਵਿਦਿਆਰਥਣ ਰਜਨੀ ਨੇ ਆਪਣੀ ਸਪੀਚ ਰਾਹੀਂ ਸਕੂਲ ਇੱਕ ਝਾਤ ਉਪਰ ਸ਼ਲਾਘਾਯੋਗ ਸ਼ਬਦਾਂ ਰਾਹੀਂ ਚਾਨਣਾ ਪਾਇਆ। ਸਕੂਲ ਦੀਆਂ ਵਿਦਿਆਰਥਣਾਂ ਵਲੋਂ ਸਵਾਗਤੀ ਡਾਂਸ ਰਾਂਹੀ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ। ਆਰਤੀ ਦੀ ਕਵਿਤਾ ਵਾਤਾਵਰਨ ਸਰੋਤਿਆਂ ਨੂੰ ਕੀਲ ਗਈ। ਆਂਚਲ ਅਤੇ ਉਸਦੀ ਟੀਮ ਨੇ ਨਸ਼ਾ ਇੱਕ ਕੋਹੜ ਨਾਟਕ ਬਾਖੂਬੀ ਪੇਸ਼ ਕੀਤਾ। ਨਿਰਜੀਤ ਤੇ ਸੰਜਨਾ ਵਲੋਂ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਦੀ ਕੋਰੀਓਗ੍ਰਾਫੀ,ਮੈਨੂੰ ਇੰਝ ਨਾ ਮਨੋਂ ਵਿਸਾਰ ਕਿ ਮੈਂ ਤੇਰੀ ਮਾਂ ਦੀ ਬੋਲੀ ਆਂ ਦੀ ਕੋਰੀਓਗ੍ਰਾਫੀ ਜਸਵੀਰ ਕੌਰ ਅਤੇ ਟੀਮ ਵਲੋਂ ,ਦੇਸ਼ ਭਗਤੀ ਦਾ ਡਾਂਸ ਆਰਵੀ ਅਤੇ ਟੀਮ ਵਲੋਂ ਪੇਸ਼ ਕੀਤਾ ਗਿਆ।
ਐੱਸ ਐੱਮ ਸੀ ਚੇਅਰਮੈਨ ਹਰਜੀਤ ਵਲੋਂ ਸਕੂਲ ਦੀ ਨੁਹਾਰ ਸਬੰਧੀ ਭਾਸ਼ਣ,ਪੰਜਾਬਣ ਮੁਟਿਆਰਾਂ ਦਾ ਡਾਂਸ, ਮਨਜੋਤ ਕੌਰ ਦੀ ਕਵਿਤਾ ਛੇਵਾਂ ਦਰਿਆ ਦਰਸ਼ਕਾਂ ਨੂੰ ਕੀਲ ਗਏ। ਦੁਲਚੀ ਕੇ ਸਕੂਲ ਦੇ ਵਿਦਿਆਰਥੀਆਂ ਨੇ ਪੱਛਮੀ ਸੱਭਿਆਚਾਰ ਦਾ ਪ੍ਰਭਾਵ ਤਿਆਗ ਕੇ ਆਪਣੇ ਸੱਭਿਆਚਾਰ ਨੂੰ ਕਾਇਮ ਰੱਖਦੇ ਹੋਏ ਸਾਰੇ ਪ੍ਰੋਗਰਾਮ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਹੈ।ਓਹਨਾਂ ਨੇ ਜਨਮਦਾਤੀ ਮਾਂ,ਧਰਤੀ ਮਾਂ ਅਤੇ ਮਾਂ ਬੋਲੀ ਤਿੰਨਾਂ ਮਾਵਾਂ ਦੀ ਇੱਜ਼ਤ ਬਰਕਰਾਰ ਰੱਖਣ ਦੀ ਗੱਲ ਵੀ ਕਹੀ।ਮੁਖ ਮਹਿਮਾਨ ਵੱਲੋ ਸਕੂਲ ਵਿੱਚ ਲੌੜੀਦੀਆਂ ਚੀਜ਼ਾਂ ਲਈ ਹਰ ਤਰ੍ਹਾਂ ਦਾ ਵਿਭਾਗੀ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ ਅਤੇ ਪ੍ਰੇਰਨਾਦਾਇਕ ਸ਼ਬਦਾਂ ਰਾਹੀਂ ਵਿਦਿਆਰਥੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ। ਪ੍ਰਿੰਸੀਪਲ ਡਾਈਟ ਸੀਮਾ ਪੰਛੀ ਮੈਮ ਨੇ ਅਤੇ ਬਲਾਕ ਨੋਡਲ ਅਫ਼ਸਰ ਕਪਿਲ ਸਨਨ ਨੇ ਸਕੂਲ ਵਿਦਿਆਰਥੀਆਂ ਅਤੇ ਸਟਾਫ਼ ਨੂੰ ਵਧੀਆ ਪੇਸ਼ਕਾਰੀ ਅਤੇ ਸਕੂਲ ਦੀ ਤਰੱਕੀ ਲਈ ਵਧਾਈ ਦਿੱਤੀ।ਪ੍ਰਵਿੰਦਰ ਸਿੰਘ ਬੱਗਾ ਨੇ ਸਰਕਾਰੀ ਸਕੂਲਾਂ ਦੇ ਉੱਚੇ ਮਿਆਰ ਦੀ ਗੱਲ ਕਰਦਿਆਂ ਕਿਹਾ ਕਿ ਲੋਕ ਪ੍ਰਾਈਵੇਟ ਸਕੂਲਾਂ ਦੀ ਲੁੱਟ ਖਸੁੱਟ ਤੋਂ ਬਚਣ ਅਤੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਪੜ੍ਹਾਉਣ।ਸਕੂਲ ਵੱਲੋਂ ਵਧੀਆ ਕਾਰਗੁਜ਼ਾਰੀ ਵਾਲੇ ਵਿਦਿਆਰਥੀਆਂ, ਮੁੱਖ ਮਹਿਮਾਨ ਸਭ ਸਹਿਯੋਗੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਸਕੂਲ ਮੁਖੀ ਮੈਡਮ ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਅਤੇ ਸਮੂਹ ਹਾਜਰੀਨ ਨੂੰ ਜੀ ਆਇਆਂ ਕਿਹਾ।ਸਾਰੇ ਪਿੰਡ ਵਾਸੀਆਂ ਐੱਸ ਐੱਮ ਸੀ ਕਮੇਟੀ ਅਤੇ ਮਹਿਮਾਨਾਂ ਨੂੰ ਸਮਾਂ ਕੱਢ ਕੇ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਲਈ ਧੰਨਵਾਦ ਕੀਤਾ।ਅੰਤ ਵਿੱਚ ਵਿਦਿਆਰਥੀ ਮਨਾਂ ਦੀ ਰੂਹ ਦੀ ਖੁਰਾਕ ਪੰਜਾਬੀਆਂ ਦੇ ਪ੍ਰਸਿੱਧ ਲੋਕ ਨਾਚ ਗਿੱਧਾ ਅਤੇ ਭੰਗੜਾ ਸਮਾਗਮ ਵਿਚ ਆਪਣੀ ਨਿਵੇਕਲੀ ਛਾਪ ਛੱਡ ਗਏ। ਸਾਬਕਾ ਸਰਪੰਚ ਅਵਤਾਰ ਸਿੰਘ ਨੇ ਬੱਚਿਆਂ ਦੀ ਪੇਸ਼ਕਾਰੀ ਤੋਂ ਖੁਸ਼ ਹੋ ਕੇ ਪੰਜ ਹਜਾਰ ਰੁਪਏ ਇਨਾਮ ਵਜੋਂ ਦਿੱਤੇ। ਨੰਬਰਦਾਰ ਸੁਖਦੇਵ ਸਿੰਘ ਵਲੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਇੱਕਤੀ ਸੌ ਰੁਪਏ ਦਾ ਯੋਗਦਾਨ ਦਿੱਤਾ ਗਿਆ। ਇਸ ਬਹੁਤ ਭਾਵਪੂਰਤ ਸਮਾਗਮ ਦਾ ਸੰਚਾਲਨ ਸਾਇੰਸ ਅਧਿਆਪਕ ਇੰਦਰਪਾਲ ਸਿੰਘ ਨੇ ਕੀਤਾ। ਇਸ ਸਮਾਗਮ ਦੀ ਸਫ਼ਲਤਾ ਲਈ ਸਾਰੇ ਸਕੂਲ ਸਟਾਫ਼ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਪ੍ਰਬੰਧਾਂ ਵਿੱਚ ਸਾਫ਼ ਨਜ਼ਰ ਆ ਰਹੀ ਸੀ।
ਇਸ ਮੌਕੇ ਅਮਿਤ ਆਨੰਦ ਬੀ ਆਰ ਸੀ , ਹਰਪ੍ਰੀਤ ਸਿੰਘ ਬੀ ਆਰ ਸੀ ।ਪਿੰਡ ਦੇ ਸਾਬਕਾ ਸਰਪੰਚ ਸੁਖਦੇਵ ਸਿੰਘ, ਦਿਲਬਾਗ ਸਿੰਘ, ਐੱਸ ਐੱਮ ਸੀ ਚੇਅਰਮੈਨ ਹਰਜੀਤ ਸਮੇਤ ਸਮੁੱਚੇ ਇਲਾਕਾ ਨਿਵਾਸੀਆਂ ਨੇ ਹਾਜ਼ਰ ਹੋ ਕੇ ਪ੍ਰੋਗਰਾਮ ਦਾ ਆਨੰਦ ਮਾਣਿਆ।


