ਪੁਲਿਸ ਵੱਲੋ 12 ਘੰਟਿਆਂ ਵਿੱਚ ਚੋਰੀ ਮਾਮਲਾ ਹੱਲ, 6.5 ਕਿਲੋ ਚਾਂਦੀ ਅਤੇ ਸੋਨੇ ਦੇ ਜੇਵਰਾਤ ਬਰਾਮਦ
- 203 Views
- kakkar.news
- January 29, 2025
- Crime Punjab
ਪੁਲਿਸ ਵੱਲੋ 12 ਘੰਟਿਆਂ ਵਿੱਚ ਚੋਰੀ ਮਾਮਲਾ ਹੱਲ, 6.5 ਕਿਲੋ ਚਾਂਦੀ ਅਤੇ ਸੋਨੇ ਦੇ ਜੇਵਰਾਤ ਬਰਾਮਦ
ਫਿਰੋਜ਼ਪੁਰ, 29 ਜਨਵਰੀ, 2025 ( ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਪੁਲਿਸ ਨੇ ਆਪਣੀ ਤੇਜ਼ ਅਤੇ ਪ੍ਰਭਾਵਸ਼ਾਲੀ ਕਾਰਵਾਈ ਨਾਲ ਸਿਰਫ 12 ਘੰਟਿਆਂ ਦੇ ਅੰਦਰ ਇੱਕ ਚੋਰੀ ਦੇ ਮਾਮਲੇ ਨੂੰ ਹੱਲ ਕਰ ਕੇ ਚੋਰਾਂ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।ਦਰਅਸਲ ਮਾਮਲਾ ਫਿਰੋਜ਼ਪੁਰ ਦੇ ਅਧੀਨ ਆਉਂਦੇ ਕਸਬੇ ਗੁਰੂਹਰਸਹਾਏ ਦਾ ਹੈ ਜਿਥੇ ਜੇ ਐਸ ਜਿਊਲਰਜ਼ ਨਾਮ ਦੀ ਦੁਕਾਨ ਨੂੰ ਚੋਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ।
ਪ੍ਰੈਸ ਨੂੰ ਜਾਣਕਾਰੀ ਦਿੰਦਿਆ ਸੋਮਿਆ ਮਿਸ਼ਰਾ, ਆਈਪੀਐੱਸ, ਸੀਨੀਅਰ ਕਪਤਾਨ ਪੁਲਿਸ ਫਿਰੋਜ਼ਪੁਰ ਨੇ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਅੰਦਰ ਸਮਾਜ ਵਿਰੋਧੀ ਅਤੇ ਸ਼ਰਾਰਤੀ ਅਨਸਰਾਂ ਦੀਆਂ ਵਾਰਦਾਤਾਂ ਨੂੰ ਪੂਰੀ ਤਰ੍ਹਾਂ ਠੱਲ ਪਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।ਓਹਨਾ ਦਸਿਆ ਕਿ ਮਿਤੀ 27 ਜਨਵਰੀ 2025 ਨੂੰ ਥਾਣਾ ਗੁਰੂਹਰਸਾਏ ਵਿਖੇ ਮਨਜਿੰਦਰ ਸਿੰਘ ਪੁੱਤਰ ਜਗਰੂਪ ਸਿੰਘ ਵਾਸੀ ਆਦਰਸ਼ ਨਗਰ ਗੁਰੂਹਰਸਹਾਏ ਵੱਲੋ ਇਤਲਾਹ ਦਿੱਤੀ ਗਈ ਸੀ ਕਿ ਉਹ ਅਤੇ ਉਸਦਾ ਪਿਤਾ ਦੋਵੇਂ ਮੁਕਤਸਰ ਰੋਡ ਗੁਰੂਹਰਸਹਾਏ ਵਿਖੇ ਜੇਵਰਾਤ ਸੋਨਾ ਤੇ ਚਾਂਦੀ ਦੇ ਜੇਵਰਾਂ ਦੀ ਦੁਕਾਨ ਕਰਦੇ ਹਨ ਤੇ ਉਨ੍ਹਾਂ ਦੀ ਫਰਮ ਦਾ ਨਾਮ ਜੇਐੱਸ ਜਿਊਲਰਜ਼ ਹੈ। ਮਿਤੀ 26 ਜਨਵਰੀ 2025 ਨੂੰ ਸ਼ਾਮ ਵਕਤ ਕਰੀਬ 7.30 ਵਜੇ ਉਹ ਤੇ ਉਸਦਾ ਪਿਤਾ ਦੁਕਾਨ ਨੂੰ ਤਾਲੇ ਲਗਾਕੇ ਆਪਣੇ ਘਰ ਚਲੇ ਗਏ ਸੀ ਅਤੇ ਮਿਤੀ 27 ਜਨਵਰੀ 2025 ਵਕਤ ਕਰੀਬ 8.30 ਵਜੇ ਸੁਭਾ ਆਪਣੀ ਦੁਕਾਨ ਆ ਕੇ ਦੇਖਿਆ ਤਾਂ ਦੁਕਾਨ ਵਿੱਚੋਂ ਲਗਭਗ 10 ਕਿਲੋਗ੍ਰਾਮ ਚਾਂਦੀ ਦੇ ਜੇਵਰ ਚੋਰੀ ਹੋ ਚੁੱਕੇ ਸਨ ਤੇ ਇੱਕ ਦਰਾਜ ਜਿਸ ਵਿੱਚ ਸੋਨੇ ਦੇ ਜੇਵਰ ਕਰੀਬ 20 ਗ੍ਰਾਮ ਵੀ ਚੋਰੀ ਹੋ ਚੁੱਕੇ ਸਨ। ਜਿਸ ਸਬੰਧੀ ਮੁਕੱਦਮਾ ਨੰਬਰ 17 ਮਿਤੀ 27 ਜਨਵਰੀ 2025 ਅ/ਧ 331(4),305 ਬੀਐੱਨਐੱਸ ਥਾਣਾ ਗੁਰੂਹਰਸਹਾਏ ਬਰਖਿਲਾਫ ਨਾਂਮਲੂਮ ਵਿਅਕਤੀਆਂ ਦੇ ਦਰਜ ਕਰਕੇ ਤਫਤੀਸ਼ ਆਰੰਭ ਕੀਤੀ ਗਈ। ਇਸ ਮਾਮਲੇ ਦੇ ਦੋਸ਼ੀਆਂ ਨੂੰ ਟਰੇਸ ਕਰਨ ਲਈ ਰਣਧੀਰ ਕੁਮਾਰ, ਆਈਪੀਐੱਸ, ਕਪਤਾਨ ਪੁਲਿਸ, ਇੰਨਵ. ਫਿਰੋਜ਼ਪੁਰ ਦੀ ਸੁਪਰਵੀਜ਼ਨ ਵਿੱਚ ਸਤਨਾਮ ਸਿੰਘ (ਪੀਪੀਐੱਸ) ਉਪ ਕਪਤਾਨ ਪੁਲਿਸ ਸਬ ਡਵੀਜਨ ਗੁਰੂਹਰਸਹਾਏ ਦੀ ਨਿਗਰਾਨੀ ਹੇਠ ਇੰਸਪੈਕਟਰ ਜਸਵਿੰਦਰ ਸਿੰਘ ਮੁੱਖ ਅਫਸਰ ਥਾਣਾ ਗੁਰੂਹਰਸਹਾਏ ਦੀ ਅਗਵਾਈ ਵਿੱਚ ਸਪੈਸ਼ਲ ਟੀਮ ਬਣਾਈ ਗਈ। ਇਸ ਟੀਮ ਵੱਲੋਂ ਟੈਕਨੀਕਲ ਢੰਗ ਨਾਲ ਤਫਤੀਸ਼ ਕਰਦਿਆ ਗੰਭੀਰਤਾ ਨਾਲ ਕੀਤੇ ਗਏ ਉਪਰਾਲਿਆਂ ਸਦਕਾ ਜੇਵਰਾਤ ਦੀ ਦੁਕਾਨ ਪਰ ਚੋਰੀ ਕਰਨ ਵਾਲੇ ਦੋਸ਼ੀਆਨ ਸੂਰਜ ਤੇਜ਼ ਪੁੱਤਰ ਆਸ਼ਕ ਤੇਜੀ ਵਾਸੀ ਬਸਤੀ ਗੁਰੂ ਕਰਮ ਸਿੰਘ ਵਾਲੀ ਅਤੇ ਵਿਵਾਨ ਭੱਟੀ ਪੁੱਤਰ ਰਮੇਸ਼ ਕੁਮਾਰ ਵਾਸੀ ਬਗਦਾਦੀ ਗੇਟ ਫਿਰੋਜ਼ਪੁਰ ਦਾ 10 ਘੰਟੇ ਦੇ ਅੰਦਰ-ਅੰਦਰ ਪਤਾ ਲਗਾ ਕੇ ਫੌਰੀ ਤੌਰ ’ਤੇ ਦੋਸ਼ੀਅਨ ਦੇ ਟਿਕਾਣਿਆਂ ’ਤੇ ਰੇਡ ਕਰਕੇ ਇਨ੍ਹਾਂ ਨੂੰ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਅਨੁਸਾਰ ਗਿ੍ਰਫਤਾਰ ਕਰਕੇ ਇਨ੍ਹਾਂ ਪਾਸੋਂ ਚੋਰੀ ਕੀਤੇ ਜੇਵਰਾਤ 6 ਕਿਲੋ 500 ਗ੍ਰਾਮ ਚਾਂਦੀ ਸਮੇਤ ਬੈਗ, 2 ਸੋਨੇ ਦੀਆਂ ਛੋਟੀਆਂ ਨੱਤੀਆਂ ਬਰਾਮਦ ਕੀਤੀਆਂ ਗਈਆਂ ਹਨ। ਦੋਸ਼ੀਆਨ ਉਕਤ ਪਾਸੋ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਤਫਤੀਸ਼ ਜਾਰੀ ਹੈ।



- October 15, 2025