ਬੈਂਕ ਮੈਨੇਜਰ ਅਤੇ ਉਸਦੀ ਸਾਥੀ ਤੇ ਪੈਨਸ਼ਨਰ ਨਾਲ ਲੱਖਾਂ ਦੀ ਠੱਗੀ, 420 ਦਾ ਮਾਮਲਾ ਦਰਜ
- 789 Views
- kakkar.news
- February 22, 2025
- Crime Punjab
ਬੈਂਕ ਮੈਨੇਜਰ ਅਤੇ ਉਸਦੀ ਸਾਥੀ ਤੇ ਪੈਨਸ਼ਨਰ ਨਾਲ ਲੱਖਾਂ ਦੀ ਠੱਗੀ, 420 ਦਾ ਮਾਮਲਾ ਦਰਜ
ਫਿਰੋਜ਼ਪੁਰ, 22 ਫ਼ਰਵਰੀ 2025 ( ਅਨੁਜ ਕੱਕੜ ਟੀਨੂੰ )
ਫਿਰੋਜ਼ਪੁਰ ਛਾਵਣੀ ਵਿੱਚ ਸਥਿਤ ਸਟੇਟ ਬੈਂਕ ਆਫ ਇੰਡੀਆ (ਐਸ.ਬੀ.ਆਈ.) ਦੀ ਬ੍ਰਾਂਚ ਦੇ ਮੈਨੇਜਰ ਅਤੇ ਇੱਕ ਔਰਤ ਸਾਥੀ ‘ਤੇ ਇੱਕ ਪੈਨਸ਼ਨਰ ਨਾਲ 15 ਲੱਖ ਰੁਪਏ ਦੀ ਠੱਗੀ ਕਰਨ ਦਾ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਬੈਂਕ ਮੈਨੇਜਰ ਸੁਨੀਲ ਕੁਮਾਰ ਅਤੇ ਉਸਦੀ ਸਾਥੀ ਪਰਵਿੰਦਰ ਕੌਰ ਖਿਲਾਫ਼ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ।
ਸੁਰਿੰਦਰ ਪਾਲ ਕੌਰ, ਜੋ ਕਿ ਗੁਰਤੇਜ ਸਿੰਘ ਦੀ ਪਤਨੀ ਹੈ ਦੇ ਕਹਿਣ ਮੁਤਾਬਿਕ ਉਹ ਨਵੰਬਰ 2019 ਵਿੱਚ ਸਿੱਖਿਆ ਵਿਭਾਗ ਤੋਂ ਰਿਟਾਇਰ ਹੋਈ ਸੀ। ਉਸਨੂੰ ਕੋਰੋਨਾ ਕਾਲ ਤੋਂ ਬਾਅਦ ਦਸੰਬਰ 2020 ਵਿੱਚ ਪੈਨਸ਼ਨ ਲਾਭ ਅਤੇ ਬਕਾਇਆ ਰਕਮ ਮਿਲੀ ਸੀ। ਇਸ ਰਕਮ ਨੂੰ ਆਪਣੇ ਬੱਚਿਆਂ ਦੇ ਭਵਿੱਖ ਲਈ ਨਿਵੇਸ਼ ਕਰਨ ਦੇ ਇਰਾਦੇ ਨਾਲ ਉਹ 5 ਦਸੰਬਰ ਨੂੰ ਐਸ.ਬੀ.ਆਈ. ਕੈਂਟ ਫਿਰੋਜ਼ਪੁਰ ਬ੍ਰਾਂਚ ਗਈ ਸੀ। ਬੈਂਕ ਮੈਨੇਜਰ ਸੁਨੀਲ ਕੁਮਾਰ ਨੇ ਉਸਨੂੰ ਭਰੋਸੇ ਵਿੱਚ ਲੈ ਕੇ ਉਸਦੇ ਪਾਸ ਬੈਠੀ ਪਰਵਿੰਦਰ ਕੌਰ ਨਾਲ ਰਕਮ ਨਿਵੇਸ਼ ਕਰਨ ਲਈ ਕਿਹਾ। ਮੁੱਦਈ ਤੋਂ 15 ਲੱਖ ਰੁਪਏ ਦੇ ਦੋ ਚੈੱਕ ਲੈ ਕੇ, ਉਨ੍ਹਾਂ ਨੇ ਉਸਨੂੰ ਜਾਅਲੀ ਐਫ.ਡੀ. (Fixed Deposit) ਦਸਤਾਵੇਜ਼ ਦਿੱਤੇ ਅਤੇ ਰਕਮ ਹੜੱਪ ਕਰ ਲਈ।
ਇਸ ਧੋਖਾਧੜੀ ਦਾ ਪਤਾ ਲੱਗਣ ‘ਤੇ ਸੁਰਿੰਦਰ ਪਾਲ ਕੌਰ ਨੇ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਬੀ ਆਈ.ਪੀ.ਸੀ. ਦੀਆਂ ਧਾਰਾਵਾਂ 420, 409, 467, 468, 471, 472 ਅਤੇ 120-ਬੀ ਤਹਿਤ ਮੁਕੱਦਮਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਮੁੱਖ ਆਰੋਪੀ ਸੁਨੀਲ ਕੁਮਾਰ, ਪੁੱਤਰ ਵੇਦ ਪ੍ਰਕਾਸ਼, ਟੋਹਾਣਾ, ਜ਼ਿਲ੍ਹਾ ਫਤਿਹਾਬਾਦ (ਹਰਿਆਣਾ), ਅਤੇ ਪਰਵਿੰਦਰ ਕੌਰ, ਪੁੱਤਰੀ ਲੇਖ ਰਾਜ ਉਰਫ ਪਾਠੀ, ਪਿੰਡ ਤੁਰਕਾ ਵਾਲੀ, ਥਾਣਾ ਸਦਰ ਫਾਜਿਲਕਾ, ਨੂੰ ਨਾਮਜ਼ਦ ਕੀਤਾ ਗਿਆ ਹੈ।
ਪੁਲਿਸ ਨੇ ਮਾਮਲੇ ਦੀ ਡੂੰਘੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਵਾਂ ਆਰੋਪੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਨੇ ਬੈਂਕਿੰਗ ਸੈਕਟਰ ਵਿੱਚ ਭਰੋਸੇ ਅਤੇ ਸੁਰੱਖਿਆ ਨੂੰ ਲੈ ਕੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। ਸਥਾਨਕ ਲੋਕਾਂ ਨੇ ਅਜਿਹੇ ਮਾਮਲਿਆਂ ‘ਤੇ ਕਠੋਰ ਨਿਯੰਤਰਣ ਅਤੇ ਕਾਰਵਾਈ ਦੀ ਮੰਗ ਕੀਤੀ ਹੈ।।


