ਹੁਨਰ ਹਾਸਲ ਕਰਨ ਵਾਲੀਆਂ 29 ਲੜਕੀਆਂ ਨੂੰ ਸ਼ਾਹੀ ਐਕਸਪੋਰਟਸ ਬੰਗਲੌਰ ਵਿਖੇ ਨੌਕਰੀ ਲਈ ਕੀਤਾ ਰਵਾਨਾ : ਹਰਜਿੰਦਰ ਸਿੰਘ
- 215 Views
- kakkar.news
- March 25, 2025
- Education Punjab
ਹੁਨਰ ਹਾਸਲ ਕਰਨ ਵਾਲੀਆਂ 29 ਲੜਕੀਆਂ ਨੂੰ ਸ਼ਾਹੀ ਐਕਸਪੋਰਟਸ ਬੰਗਲੌਰ ਵਿਖੇ ਨੌਕਰੀ ਲਈ ਕੀਤਾ ਰਵਾਨਾ : ਹਰਜਿੰਦਰ ਸਿੰਘ
ਫ਼ਿਰੋਜ਼ਪੁਰ, 25 ਮਾਰਚ 2025 (ਸਿਟੀਜ਼ਨਜ਼ ਵੋਇਸ)
ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਬਿਊਰੋ ਅਤੇ ਪੰਜਾਬ ਹੁਨਰ ਵਿਕਾਸ ਮਿਸ਼ਨ ਫਿਰੋਜ਼ਪੁਰ ਵੱਲੋਂ ਮਹਿਲਾ ਸਸ਼ਕਤੀਕਰਨ ਵੱਲ ਸ਼ਾਨਦਾਰ ਕਦਮ ਚੁੱਕਦੇ ਹੋਏ ਹੁਨਰ ਹਾਸਲ ਕਰਨ ਵਾਲੀਆਂ 29 ਲੜਕੀਆਂ ਨੂੰ ਹਰਜਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਫਿਰੋਜ਼ਪੁਰ ਵੱਲੋਂ ਸ਼ਾਹੀ ਐਕਸਪੋਰਟਸ ਬੰਗਲੌਰ ਵਿਖੇ ਨੌਕਰੀ ‘ਤੇ ਭੇਜਿਆ ਗਿਆ।
ਇਸ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ 3 ਮਹੀਨੇ ਦੀ ਹੁਨਰ ਵਿਕਾਸ ਸਿਖਲਾਈ ਪੂਰੀ ਕਰਨ ਤੋਂ ਬਾਅਦ ਇਨ੍ਹਾਂ ਲੜਕੀਆਂ ਨੂੰ ਸ਼ਾਹੀ ਐਕਸਪੋਰਟ ਕੰਪਨੀ ਵਿੱਚ ਨੌਕਰੀ ਮਿਲ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਲੜਕੀਆਂ ਸਰਹੱਦੀ ਪਿੰਡਾਂ ਨਾਲ ਸਬੰਧਤ ਹਨ ਅਤੇ ਇਨ੍ਹਾਂ ਨੂੰ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ ਅਧੀਨ ਸਿਖਲਾਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਇਹ ਪਹਿਲਕਦਮੀ ਪੰਜਾਬ ਹੁਨਰ ਵਿਕਾਸ ਮਿਸ਼ਨ ਫਿਰੋਜ਼ਪੁਰ ਅਤੇ ਸੀ.ਐਚ.ਐਚ. ਡੀ.ਐਸ. ਐਜੂਕੇਸ਼ਨਲ ਐਂਡ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਇਹ ਸਿਖਲਾਈ ਪ੍ਰੋਗਰਾਮ ਨੇ ਇਨ੍ਹਾਂ ਔਰਤਾਂ ਨੂੰ ਉਦਯੋਗ ਨਾਲ ਸਬੰਧਿਤ ਹੁਨਰ ਨਾਲ ਲੈਸ ਕੀਤਾ ਹੈ ਜਿਸ ਨਾਲ ਉਹਨਾਂ ਨੂੰ ਵਿੱਤੀ ਸੁਤੰਤਰਤਾ ਅਤੇ ਕਰੀਅਰ ਦੇ ਵਿਕਾਸ ਦਾ ਰਾਹ ਪੱਧਰਾ ਹੋਇਆ ਹੈ ਅਤੇ ਇਹ ਪ੍ਰਾਪਤੀ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਅਤੇ ਔਰਤਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲਿਆ ਯੋਜਨਾ ਦੇ ਪ੍ਰਭਾਵ ਨੂੰ ਦਰਸਾਉਂਦੀ ਹੈ। ਇਹ ਨੌਜਵਾਨ ਔਰਤਾਂ ਲਈ ਕਰੀਅਰ-ਅਧਾਰਿਤ ਸਿਖਲਾਈ ਪ੍ਰੋਗਰਾਮਾਂ ਨੂੰ ਅੱਗੇ ਵਧਾਉਣ ਲਈ ਪ੍ਰੇਰਨਾ ਦਾ ਕੰਮ ਕਰਦੀ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿ) ਵੱਲੋਂ ਝੰਡੀ ਦਿਖਾਉਣ ਦੀ ਰਸਮ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਕੇ ਕੀਤੀ ਗਈ ਅਤੇ ਉਨ੍ਹਾਂ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੌਕਰੀ ਹਾਸਲ ਕਰਨ ਵਾਲੀਆਂ ਇਨ੍ਹਾਂ ਲੜਕੀਆਂ ਦੀ ਹੌਸਲਾ ਅਫਜਾਈ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ। ਇਸ ਮੌਕੇ ਸ਼੍ਰੀ ਸਰਬਜੀਤ ਸਿੰਘ ਮਿਸ਼ਨ ਮੈਨੇਜਰ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਸ਼੍ਰੀ ਗੁਰਜੰਟ ਸਿੰਘ ਪਲੇਸਮੈਂਟ ਅਫਸਰ, ਡੀ.ਬੀ.ਈ.ਈ. ਫਿਰੋਜਪੁਰ ਅਨੁਜ ਕੱਕੜ, ਸੈਂਟਰ ਇੰਚਾਰਜ, ਵਿਕਾਸ ਕੁਮਾਰ, ਟ੍ਰੇਨਰ ਅਤੇ ਸੁਦੇਸ਼ ਕੁਮਾਰੀ ਆਦਿ ਹਾਜਰ ਸਨ।


