ਫਿਰੋਜ਼ਪੁਰ ‘ਚ ਦਿਨ ਦਿਹਾੜੇ ਤੇਜਧਾਰ ਹਥਿਆਰਾਂ ਨਾਲ ਲੁੱਟ ,
- 173 Views
- kakkar.news
- May 4, 2025
- Crime Punjab
ਫਿਰੋਜ਼ਪੁਰ ‘ਚ ਦਿਨ ਦਿਹਾੜੇ ਤੇਜਧਾਰ ਹਥਿਆਰਾਂ ਨਾਲ ਲੁੱਟ ,
ਫਿਰੋਜ਼ਪੁਰ, 4 ਮਈ 2025 (ਅਨੁਜ ਕੱਕੜ ਟੀਨੂੰ) —
ਫਿਰੋਜ਼ਪੁਰ ਸ਼ਹਿਰ ਵਿੱਚ ਗੁਣਡਾਗਰਦੀ ਅਤੇ ਲੁੱਟ-ਪਾਟ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਆਮ ਲੋਕ ਆਪਣੇ ਘਰਾਂ ਤੋਂ ਨਿਕਲਣ ਵਿੱਚ ਵੀ ਖੌਫ ਮਹਿਸੂਸ ਕਰ ਰਹੇ ਹਨ। ਤਾਜ਼ਾ ਮਾਮਲਾ ਨਾਨਕਪੁਰਾ ਦੇ ਵਸਨੀਕ ਰਾਜ ਬਖ਼ਸ਼ ਪੁੱਤਰ ਗਿਰਧਾਰੀ ਲਾਲ ਨਾਲ ਵਾਪਰਿਆ, ਜਿਸ ‘ਚ ਦਿਨ ਦੇ ਸਵੇਰ ਵੱਡੀ ਲੁੱਟ ਦੀ ਘਟਨਾ ਸਾਹਮਣੇ ਆਈ ਹੈ।
ਰਾਜ ਬਖ਼ਸ਼ ਨੇ ਦੱਸਿਆ ਕਿ 2 ਮਈ 2025 ਨੂੰ ਸਵੇਰੇ 6 ਵਜੇ, ਉਹ ਰੋਜ਼ਾਨਾ ਵਾਂਗ ਆਪਣੀ ਨੌਕਰੀ ‘ਤੇ ਟੋਕਰੀ ਬਾਜ਼ਾਰ ਗਿਆ ਸੀ। ਜਦ ਉਹ ਇੱਕ ਬੇਕਰੀ ਦੀ ਦੁਕਾਨ ਦੇ ਬਾਹਰ, ਜੋ ਹਾਲੇ ਤੱਕ ਖੁਲ੍ਹੀ ਨਹੀਂ ਸੀ, ਬੈਠਾ ਸੀ ਤਾਂ ਮੋਟਰਸਾਈਕਲ ਉੱਤੇ ਦੋ ਨੌਜਵਾਨ ਹਥਿਆਰਬੰਦ ਲੜਕੇ ਆਏ, ਅਤੇ ਤੇਜ਼ਧਾਰ ਹਥਿਆਰ ਦੇ ਜ਼ੋਰ ‘ਤੇ ਉਸ ਦੀ ਜੇਬ ਵਿੱਚੋਂ ਕਰੀਬ 15,000 ਰੁਪਏ ਅਤੇ ਸੈਮਸੰਗ ਕੰਪਨੀ ਦਾ ਕੀਪੈਡ ਮੋਬਾਈਲ ਲੁੱਟ ਕੇ ਫਰਾਰ ਹੋ ਗਏ।
ਇਸ ਦੀ ਸ਼ਿਕਾਇਤ ਥਾਣਾ ਸਿਟੀ ਫਿਰੋਜ਼ਪੁਰ ਵਿਖੇ ਦਰਜ ਕਰਾਈ ਗਈ ਹੈ, ਜਿੱਥੇ ਪੁਲਿਸ ਨੇ ਦੋ ਨਾਮ ਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਲੋਕਾਂ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਦੇ ਹਾਲਾਤ ਹਦ ਤੋਂ ਵੱਧ ਖ਼ਰਾਬ ਹੋ ਚੁੱਕੇ ਹਨ ਅਤੇ ਉਹਨਾਂ ਨੂੰ ਨਹੀਂ ਪਤਾ ਕਿ ਕਦੋਂ ਇਹ ਲੜੀ ਰੁਕੇਗੀ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਉਹ ਆਪਣੇ ਵਾਹਨ ਤੇ ਘਰੋਂ ਕੰਮ ਜਾਂਦੇ ਹਨ, ਤਾਂ ਇਹ ਯਕੀਨ ਨਹੀਂ ਹੁੰਦਾ ਕਿ ਵਾਪਸੀ ਵੀ ਸੁਰੱਖਿਅਤ ਹੋਵੇਗੀ ਜਾਂ ਨਹੀਂ।
ਸਥਾਨਕ ਨਿਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ‘ਚ ਵਧ ਰਹੀ ਅਪਰਾਧਿਕ ਗਤੀਵਿਧੀਆਂ ਉੱਤੇ ਰੋਕ ਲਗਾਈ ਜਾਵੇ ਅਤੇ ਸ਼ਹਿਰ ‘ਚ ਸੁਰੱਖਿਆ ਬਹਾਲ ਕੀਤੀ ਜਾਵੇ।


