ਪਾਬੰਦੀਸ਼ੁਦਾ ਦਵਾਈਆਂ ਦੀ ਬਰਾਮਦਗੀ ਮਗਰੋਂ ਗੱਟੀ ਰਾਜੋਕੇ ਦਾ ਮੈਡੀਕਲ ਸਟੋਰ ਦਾ ਲਾਇਸੈਂਸ ਰੱਦ
- 157 Views
- kakkar.news
- May 13, 2025
- Punjab
ਪਾਬੰਦੀਸ਼ੁਦਾ ਦਵਾਈਆਂ ਦੀ ਬਰਾਮਦਗੀ ਮਗਰੋਂ ਗੱਟੀ ਰਾਜੋਕੇ ਦਾ ਮੈਡੀਕਲ ਸਟੋਰ ਦਾ ਲਾਇਸੈਂਸ ਰੱਦ
ਫਿਰੋਜ਼ਪੁਰ, 13 ਮਈ, 2025:( ਅਨੁਜ ਕੱਕੜ ਟੀਨੂੰ)
ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ‘ਨਸ਼ਿਆਂ ਵਿਰੁੱਧ ਜੰਗ’ ਦੇ ਤਹਿਤ ਸਖ਼ਤ ਕਾਰਵਾਈ ਕਰਦਿਆਂ ਜ਼ੋਨਲ ਲਾਇਸੈਂਸਿੰਗ ਅਥਾਰਟੀ ਨੇ ਗੱਟੀ ਰਾਜੋਕੇ ਸਥਿਤ ਜੱਸੀ ਮੈਡੀਕਲ ਸਟੋਰ ਦਾ ਲਾਇਸੈਂਸ ਰੱਦ ਕਰ ਦਿੱਤਾ ਹੈ। ਇਹ ਕਦਮ ਡਰੱਗ ਇੰਸਪੈਕਟਰ ਸੋਨੀਆ ਗੁਪਤਾ ਵੱਲੋਂ ਕੀਤੀ ਗਈ ਜਾਂਚ ਦੌਰਾਨ ਪਾਬੰਦੀਸ਼ੁਦਾ ਦਵਾਈਆਂ ਦੀ ਬਰਾਮਦਗੀ ਤੋਂ ਬਾਅਦ ਚੁੱਕਿਆ ਗਿਆ।
ਸੋਨੀਆ ਗੁਪਤਾ ਨੇ ਦੱਸਿਆ ਕਿ ਨਿਰੀਖਣ ਦੌਰਾਨ ਟੈਪੈਂਟਾਡੋਲ ਅਤੇ ਅਬਾਪੇਂਟੀਨ ਦੀਆਂ ਕੁੱਲ 1,080 ਗੋਲੀਆਂ, ਜਿਸ ਦੀ ਮਾਰਕੀਟ ਮੁੱਲ 30,300 ਰੁਪਏ ਦੇ ਕਰੀਬ ਹੈ, ਜੱਸੀ ਮੈਡੀਕਲ ਸਟੋਰ ਤੋਂ ਬਰਾਮਦ ਹੋਈਆਂ। ਇਨ੍ਹਾਂ ਦਵਾਈਆਂ ਦੀ ਵਿਕਰੀ ਬਿਨਾਂ ਲਾਇਸੈਂਸ ਜਾਂ ਡਾਕਟਰੀ ਨੁਸਖੇ ਦੇ ਸਖ਼ਤ ਮਨਾਹੀ ਹੈ।
ਜ਼ੋਨਲ ਲਾਇਸੈਂਸਿੰਗ ਅਥਾਰਟੀ ਲਖਵਿੰਦਰ ਸਿੰਘ ਨੇ ਤੁਰੰਤ ਕਾਰਵਾਈ ਕਰਦਿਆਂ ਦੁਕਾਨ ਦਾ ਲਾਇਸੈਂਸ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਡਿਪਟੀ ਕਮਿਸ਼ਨਰ ਦੀਪਸ਼ਿਖਾ ਸ਼ਰਮਾ ਦੇ ਨਿਰਦੇਸ਼ਾਂ ਹੇਠ, ਜ਼ਿਲ੍ਹੇ ਭਰ ਵਿੱਚ ਨਸ਼ਾ ਵਿਰੋਧੀ ਮੁਹਿੰਮ ਤੇਜ਼ੀ ਨਾਲ ਚਲਾਈ ਜਾ ਰਹੀ ਹੈ, ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਕਰਨ ਵਾਲਿਆਂ ਖ਼ਿਲਾਫ਼ ਕੋਈ ਭੀ ਢਿਲਾਈ ਨਹੀਂ ਬਰਤੀ ਜਾਵੇਗੀ।
ਡਰੱਗ ਇੰਸਪੈਕਟਰ ਨੇ ਮੈਡੀਕਲ ਸਟੋਰ ਮਾਲਕਾਂ ਨੂੰ ਸਖ਼ਤ ਚੇਤਾਵਨੀ ਦਿੰਦਿਆਂ ਕਿਹਾ ਕਿ ਕੋਈ ਵੀ ਪਾਬੰਦੀਸ਼ੁਦਾ ਦਵਾਈ, ਟੀਕਾ ਜਾਂ ਸਰਿੰਜ ਡਾਕਟਰ ਦੀ ਪਰਚੀ ਤੋਂ ਬਿਨਾਂ ਨਾ ਦਿੱਤੇ ਜਾਣ। ਨਾਲ ਹੀ, ਉਨ੍ਹਾਂ ਨੂੰ ਆਪਣੀਆਂ ਖਰੀਦ ਅਤੇ ਵਿਕਰੀ ਦੀ ਪੂਰੀ ਰਜਿਸਟਰਬੁੱਕ ਰੱਖਣ ਦੀ ਹਦਾਇਤ ਵੀ ਦਿੱਤੀ ਗਈ।


