ਪਨਬਸ–ਪੀਆਰਟੀਸੀ ਕੱਚੇ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਭਾਰੀ ਰੋਸ, ਫਿਰੋਜ਼ਪੁਰ ਵਿਖੇ ਪ੍ਰੈਸ ਕਾਨਫਰੰਸ ‘ਚ ਵੱਡੇ ਇਲਜ਼ਾਮ
- 277 Views
- kakkar.news
- July 27, 2025
- Punjab
ਪਨਬਸ–ਪੀਆਰਟੀਸੀ ਕੱਚੇ ਮੁਲਾਜ਼ਮਾਂ ਵੱਲੋਂ ਸਰਕਾਰ ਖ਼ਿਲਾਫ਼ ਭਾਰੀ ਰੋਸ, ਫਿਰੋਜ਼ਪੁਰ ਵਿਖੇ ਪ੍ਰੈਸ ਕਾਨਫਰੰਸ ‘ਚ ਵੱਡੇ ਇਲਜ਼ਾਮ
ਫਿਰੋਜ਼ਪੁਰ, 27 ਜੁਲਾਈ 2025 ( ਅਨੁਜ ਕੱਕੜ ਟੀਨੂੰ )
ਪੰਜਾਬ ਰੋਡਵੇਜ਼ ਪਨਬਸ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਅੱਜ ਫਿਰੋਜ਼ਪੁਰ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਯੂਨੀਅਨ ਨੇ ਪੰਜਾਬ ਸਰਕਾਰ ‘ਤੇ ਗੰਭੀਰ ਇਲਜ਼ਾਮ ਲਗਾਏ। ਯੂਨੀਅਨ ਦੇ ਸੂਬਾ ਪ੍ਰਧਾਨ ਰੇਸ਼ਮ ਸਿੰਘ ਗਿੱਲ ਅਤੇ ਮੀਡੀਆ ਸਲਾਹਕਾਰ ਉਡੀਕ ਚੰਦ ਨੇ ਦੱਸਿਆ ਕਿ “ਆਪ” ਸਰਕਾਰ ਵੱਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ।
ਉਨ੍ਹਾਂ ਕਿਹਾ ਕਿ ਟਰਾਂਸਪੋਰਟ ਮੰਤਰੀ ਵੱਲੋਂ ਵਿਭਾਗ ਵਿਚ ਚੱਲ ਰਹੀ ਬੇਨਿਯਮਤਾਵਾਂ ਨੂੰ ਖਤਮ ਕਰਨ ਦੀ ਗੱਲ ਕੀਤੀ ਗਈ ਸੀ ਪਰ ਹਕੀਕਤ ਵਿੱਚ ਠੇਕੇਦਾਰਾਂ ਦੀ ਲੁੱਟ ਜਾਰੀ ਹੈ। ਠੇਕੇਦਾਰਾਂ ਵੱਲੋਂ EPF, ESI ਅਤੇ ਵੈੱਲਫੇਅਰ ਫੰਡ ਦੀ ਧੜੱਲੇ ਨਾਲ ਲੁੱਟ ਕੀਤੀ ਜਾ ਰਹੀ ਹੈ, ਇਥੋਂ ਤੱਕ ਕਿ ਮੌਤ ਹੋ ਚੁੱਕੇ ਮੁਲਾਜ਼ਮਾਂ ਦੇ ਗਰੁੱਪ ਬੀਮੇ ਦੀ ਰਕਮ ਵੀ ਹੜਪ ਕੀਤੀ ਗਈ ਹੈ।
ਯੂਨੀਅਨ ਨੇ ਦੱਸਿਆ ਕਿ ਆਊਟਸੋਰਸ ਭਰਤੀਆਂ ਜਾਰੀ ਹਨ ਅਤੇ ਠੇਕੇਦਾਰਾਂ ਦੀ ਗਿਣਤੀ ਤਿੰਨ ਤੱਕ ਵਧਾ ਦਿੱਤੀ ਗਈ ਹੈ। ਸਰਕਾਰ ਵੱਲੋਂ ਦਿੱਤੇ ਬਿਆਨਾਂ ਦੇ ਉਲਟ ਕਿਲੋਮੀਟਰ ਸਕੀਮ ਹੇਠ ਬੱਸਾਂ ਚਲਾਉਣ ਦੇ ਟੈਂਡਰ ਜਾਰੀ ਕਰ ਕੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦਿੱਤਾ ਜਾ ਰਿਹਾ ਹੈ।
ਡਿਪੂ ਪ੍ਰਧਾਨ ਜਤਿੰਦਰ ਸਿੰਘ ਅਤੇ ਰਵਿੰਦਰ ਸਿੰਘ ਰਿੰਕੂ ਨੇ ਦੱਸਿਆ ਕਿ 1 ਜੁਲਾਈ 2024 ਨੂੰ ਮੁੱਖ ਮੰਤਰੀ ਵੱਲੋਂ ਟਰਾਂਸਪੋਰਟ ਵਿਭਾਗ ਦੀ ਪਾਲਸੀ ਤਿਆਰ ਕਰਨ ਲਈ ਸਮਾਂ ਲਾਇਆ ਗਿਆ ਸੀ ਪਰ ਅਜੇ ਤੱਕ ਕੋਈ ਮੰਗ ਨਹੀਂ ਮੰਨੀ ਗਈ। ਉਲਟ, ਜਿਹੜੀਆਂ ਮੰਗਾਂ ਪਹਿਲਾਂ ਮੰਨੀਆਂ ਗਈਆਂ ਸਨ, ਉਹ ਵੀ ਰੋਕ ਦਿੱਤੀਆਂ ਗਈਆਂ ਹਨ।
ਜਨਰਲ ਸਕੱਤਰ ਮੁੱਖਪਾਲ ਸਿੰਘ ਅਤੇ ਕੈਸ਼ੀਅਰ ਜਸਵੀਰ ਸਿੰਘ ਨੇ ਦੱਸਿਆ ਕਿ 9 ਜੁਲਾਈ ਨੂੰ ਹੋਈ ਹੜਤਾਲ ਦੌਰਾਨ ਵਿੱਤ ਅਤੇ ਟਰਾਂਸਪੋਰਟ ਮੰਤਰੀ ਵੱਲੋਂ ਫਿਰ ਭਰੋਸਾ ਦਿੱਤਾ ਗਿਆ ਸੀ ਪਰ 16 ਜੁਲਾਈ ਦੀ ਮੀਟਿੰਗ ਤੋਂ ਟਰਾਂਸਪੋਰਟ ਮੰਤਰੀ ਭੱਜ ਗਏ। ਹੁਣ 28 ਜੁਲਾਈ ਨੂੰ ਫੈਸਲਾਕੁਨ ਮੀਟਿੰਗ ਹੋਣੀ ਹੈ।
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਮੀਟਿੰਗ ਵਿੱਚ ਠੋਸ ਹੱਲ ਨਾ ਨਿਕਲਿਆ ਜਾਂ ਕਿਲੋਮੀਟਰ ਸਕੀਮ ਦੇ ਟੈਂਡਰ ਰੱਦ ਨਾ ਕੀਤੇ ਗਏ ਤਾਂ ਪੰਜਾਬ ਪੱਧਰ ‘ਤੇ ਅਣਮਿਥੇ ਸਮੇਂ ਦੀ ਹੜਤਾਲ ਤੇ ਰੋਸ ਪ੍ਰਦਰਸ਼ਨ ਹੋਵੇਗਾ। ਫਿਰੋਜ਼ਪੁਰ, ਫਾਜ਼ਿਲਕਾ, ਜੀਰਾ ਡਿਪੂਆਂ ਵੱਲੋਂ ਵੀ ਇਸ ਰੋਸ ਐਕਸ਼ਨ ਦਾ ਪੂਰਾ ਸਮਰਥਨ ਕੀਤਾ ਜਾਵੇਗਾ।
ਇਸ ਮੌਕੇ ਉਪਸਥਿਤ ਪ੍ਰਧਾਨ ਰਮਨਦੀਪ ਸਿੰਘ, ਕੈਸ਼ੀਅਰ ਪ੍ਰਿੰਸ ਕੁਮਾਰ ਫਾਜ਼ਿਲਕਾ ਆਦਿ ਆਗੂਆਂ ਨੇ ਵੀ ਸਰਕਾਰ ਵਿਰੁੱਧ ਨਾਰਾਜਗੀ ਜ਼ਾਹਰ ਕੀਤੀ।



- October 15, 2025