ਮਮਦੋਟ: ਹੜ੍ਹ ਦੇ ਖ਼ਤਰੇ ਨੂੰ ਦੇਖਦਿਆਂ ਸਿਹਤ ਵਿਭਾਗ ਹਾਈ ਅਲਰਟ ‘ਤੇ
- 155 Views
- kakkar.news
- August 19, 2025
- Health Punjab
ਮਮਦੋਟ: ਹੜ੍ਹ ਦੇ ਖ਼ਤਰੇ ਨੂੰ ਦੇਖਦਿਆਂ ਸਿਹਤ ਵਿਭਾਗ ਹਾਈ ਅਲਰਟ ‘ਤੇ
ਮਮਦੋਟ, 18 ਅਗਸਤ 2025 ( ਸਿਟੀਜ਼ਨਜ਼ ਵੋਇਸ )
ਹੜ੍ਹ ਦੇ ਸੰਭਾਵਿਤ ਖ਼ਤਰੇ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਫ਼ਿਰੋਜ਼ਪੁਰ ਡਾ. ਰਾਜਵਿੰਦਰ ਕੌਰ ਦੀ ਅਗਵਾਈ ਹੇਠ ਇਲਾਕੇ ਵਿੱਚ ਐਮਰਜੈਂਸੀ ਪ੍ਰਬੰਧਾਂ ਦੀ ਸਮੀਖਿਆ ਕੀਤੀ ਗਈ। ਸੀਨੀਅਰ ਮੈਡੀਕਲ ਅਫ਼ਸਰ ਮਮਦੋਟ ਡਾ. ਰਾਜੂ ਚੌਹਾਨ ਨੇ ਸਹਾਇਕ ਨਿਗਰਾਨੀ ਕਰਦਿਆਂ ਹੜ੍ਹ ਪ੍ਰਭਾਵਿਤ ਹੋ ਸਕਦੇ ਪਿੰਡਾਂ ਵਿੱਚ ਮੈਡੀਕਲ ਟੀਮਾਂ ਦੀ ਤੈਨਾਤੀ ਕੀਤੀ।
ਪਿੰਡ ਕਾਲੂਵਾਲਾ, ਯੁੱਗੇ ਗਣੇਸ਼ੇ ਵਾਲਾ, ਕੁਤੁਬੱਦੀਨਵਾਲਾ, ਰੁਕਨੇਵਾਲਾ, ਕਮਾਲਾ ਬੋਦਲਾ, ਗੱਟੀ ਰਾਜੋਕੇ, ਹਮੀਦਵਾਲਾ ਅਤੇ ਨਿਹਾਲਾ ਲਵੇਰਾ ਵਿੱਚ ਖਾਸ ਤੌਰ ‘ਤੇ ਮੈਡੀਕਲ ਟੀਮਾਂ ਨੂੰ ਹਾਈ ਅਲਰਟ ‘ਤੇ ਰੱਖਿਆ ਗਿਆ ਹੈ। ਡਾ. ਚੌਹਾਨ ਨੇ ਇਨ੍ਹਾਂ ਪਿੰਡਾਂ ਦਾ ਦੌਰਾ ਕਰਕੇ ਤਿਆਰੀਆਂ ਦਾ ਨਿਰੀਖਣ ਵੀ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਸਾਰੇ ਸਿਹਤ ਕੇਂਦਰਾਂ ਵਿੱਚ ਜ਼ਰੂਰੀ ਦਵਾਈਆਂ, ਸਾਫ਼ ਪੀਣਯੋਗ ਪਾਣੀ ਅਤੇ ਐਂਟੀਸੈਪਟਿਕ ਸਮੱਗਰੀ ਉਪਲਬਧ ਕਰਵਾ ਦਿੱਤੀ ਗਈ ਹੈ। ਹੜ੍ਹ ਦੌਰਾਨ ਆਮ ਤੌਰ ‘ਤੇ ਫੈਲਣ ਵਾਲੀਆਂ ਬਿਮਾਰੀਆਂ ਜਿਵੇਂ ਹੈਜ਼ਾ, ਡਾਇਰੀਆ ਅਤੇ ਚਮੜੀ ਦੇ ਰੋਗਾਂ ਤੋਂ ਬਚਾਅ ਲਈ ਵਿਸ਼ੇਸ਼ ਤਿਆਰੀ ਕੀਤੀ ਗਈ ਹੈ।
ਸਿਹਤ ਵਿਭਾਗ ਵੱਲੋਂ ਇਲਾਕੇ ਵਿੱਚ ਮੈਡੀਕਲ ਕੈਂਪਾਂ, ਘਰ-ਘਰ ਜਾਕੇ ਸਿਹਤ ਜਾਂਚ ਅਤੇ ਜਾਗਰੂਕਤਾ ਮੁਹਿੰਮਾਂ ਰਾਹੀਂ ਸੇਵਾਵਾਂ ਜਾਰੀ ਹਨ। ਪਿੰਡ ਪੱਧਰ ‘ਤੇ ਅੰਗਨਵਾੜੀ ਕੇਂਦਰਾਂ, ਧਾਰਮਿਕ ਸਥਾਨਾਂ ਅਤੇ ਪੰਚਾਇਤ ਭਵਨਾਂ ਰਾਹੀਂ ਲੋਕਾਂ ਤੱਕ ਜਾਣਕਾਰੀ ਪਹੁੰਚਾਈ ਜਾ ਰਹੀ ਹੈ।
ਡਾ. ਰਾਜੂ ਚੌਹਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ, ਗੰਦੇ ਪਾਣੀ ਨਾਲ ਸੰਪਰਕ ਤੋਂ ਬਚਣ ਅਤੇ ਜੇ ਕੋਈ ਵੀ ਬੀਮਾਰੀ ਦੇ ਲੱਛਣ ਨਜ਼ਰ ਆਉਣ ਤਾਂ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਨਾਲ ਸੰਪਰਕ ਕਰਨ।
ਸਿਹਤ ਵਿਭਾਗ ਦਾ ਕਹਿਣਾ ਹੈ ਕਿ ਮਮਦੋਟ ਅਧੀਨ ਪੈਂਦੇ ਸਾਰੇ ਪਿੰਡਾਂ ਵਿੱਚ ਹੜ੍ਹ ਜਾਂ ਕਿਸੇ ਵੀ ਐਮਰਜੈਂਸੀ ਸਥਿਤੀ ਦਾ ਸਾਹਮਣਾ ਕਰਨ ਲਈ ਪੂਰੀ ਤਰ੍ਹਾਂ ਤਿਆਰੀ ਕੀਤੀ ਗਈ ਹੈ।